ਅਸ਼ੋਕ ਵਰਮਾ , ਬਠਿੰਡਾ, 2 ਮਈ 2023
ਡੇਰਾ ਸੱਚਾ ਸੌਦਾ ਸਿਰਸਾ ਦੇ ਪੈਰੋਕਾਰ ਪਰਿਵਾਰ ਨੇ ਆਪਣੇ ਪਰਿਵਾਰਕ ਮੈਂਬਰ ਦੀ ਮੌਤ ਹੋ ਜਾਣ ਤੇ ਉਸ ਦਾ ਸਰੀਰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ ਹੈ। ਬਲਾਕ ਬਠਿੰਡਾ ਦੇ ਇੱਕ ਡੇਰਾ ਸ਼ਰਧਾਲੂ ਓਮਕਾਰ ਇੰਸਾਂ ਨੇ ਜਿਉਦੇ ਜੀ ਇਸ ਸਬੰਧੀ ਪ੍ਰਣ ਕੀਤਾ ਸੀ। ਮੌਤ ਤੋਂ ਬਾਅਦ ਉਸ ਵੱਲੋਂ ਕੀਤੇ ਗਏ ਪ੍ਰਣ ਨੂੰ ਪੂਰਾ ਕਰਦਿਆਂ ਉਸਦੇ ਪਰਿਵਾਰਕ ਮੈਂਬਰਾਂ ਨੇ ਅੱਜ ਇਹ ਪਹਿਲਕਦਮੀ ਕੀਤੀ ਹੈ। ਬਠਿੰਡਾ ਸ਼ਹਿਰ ਦਾ ਇਹ 96ਵਾਂ ਸ਼ਰੀਰ ਸੀ ਜੋ ਅੱਜ ਦਾਨ ਹੋਇਆ ਹੈ।
ਪ੍ਰਾਪਤ ਵੇਰਵਿਆਂ ਅਨੁਸਾਰ ਸੇਵਾਦਾਰ ਓਮਕਾਰ ਇੰਸਾਂ ਗਲੀ ਨੰ.7, ਪ੍ਰਤਾਪ ਨਗਰ, ਬਠਿੰਡਾ ਦੇ ਦੇਹਾਂਤ ਤੋਂ ਬਾਅਦ ਉਸਦੀ ਪਤਨੀ ਸ਼ੀਲਾ ਇੰਸਾਂ, ਪੁੱਤਰ ਰਿੰਕੂ ਇੰਸਾਂ, ਰਜੇਸ਼ ਇੰਸਾਂ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਅੰਤਿਮ ਸਸਕਾਰ ਕਰਨ ਦੀ ਬਜਾਏ ਸਰੀਰ ਨੂੰ ਮੈਡੀਕਲ ਖੋਜਾਂ ਲਈ ਵੈਂਕਟੇਸ਼ਵਰ ਇੰਸਟੀਚਿਊਟ ਆਫ ਮੈਡੀਕਲ ਸਾਇੰਸ, ਨੇੜੇ ਰਜਬਪੁਰ ਗਜਰੋਲਾ ਜ਼ਿਲ੍ਹਾ ਅਮਰੋਹਾ, ਉੱਤਰ ਪ੍ਰਦੇਸ਼ ਨੂੰ ਸੌਂਪਿਆ। ਇਸ ਮੌਕੇ ਹਾਜ਼ਰ ਡੇਰਾ ਪੈਰੋਕਾਰਾਂ ਨੇ ਓਮਕਾਰ ਇੰਸਾਂ ਅਮਰ ਰਹੇ, ਸਰੀਰਦਾਨ ਮਹਾਂਦਾਨ ਦੇ ਨਾਅਰੇ ਲਾਏ ਅਤੇ ਮਿ੍ਤਕ ਦੀ ਦੇਹ ਨੂੰ ਕਾਫਲੇ ਦੇ ਰੂਪ ’ਚ ਅੰਤਿਮ ਵਿਦਾਇਗੀ ਦਿੱਤੀ।
ਇਸ ਮੌਕੇ ਸੱਚਖੰਡ ਵਾਸੀ ਓਮਕਾਰ ਇੰਸਾਂ ਦੇ ਬੇਟੇ ਰਿੰਕੂ ਇੰਸਾਂ ਨੇ ਦੱਸਿਆ ਕਿ ਉਸ ਦੇ ਪਿਤਾ ਜੀ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਬੀਤੇ ਕੱਲ ਉਹ ਇਸ ਨਾਸ਼ਵਾਨ ਸੰਸਾਰ ਨੂੰ ਅਲਵਿਦਾ ਕਹਿਕੇ ਗੁਰੁ ਚਰਨਾਂ ’ਚ ਜਾ ਬਿਰਾਜੇ ਸਨ। ਉਨਾਂ ਮੌਤ ਉਪਰੰਤ ਸ਼ਰੀਰਦਾਨ ਕਰਨ ਦਾ ਲਿਖਤ ਪ੍ਰਣ ਲਿਆ ਹੋਇਆ ਸੀ ਜਿਸ ਨੂੰ ਪਰਿਵਾਰਕ ਮੈਂਬਰਾਂ ਦੀ ਸਹਿਮਤੀ ਨਾਲ ਪੂਰਾ ਕੀਤਾ ਹੈ।
ਇਸ ਮੌਕੇ 85 ਮੈਂਬਰ ਪੰਜਾਬ ਕੁਲਬੀਰ ਇੰਸਾਂ, ਲਾਜਪਤ ਰਾਏ ਇੰਸਾਂ, ਰਜਿੰਦਰ ਰਾਜੂ ਇੰਸਾਂ, 85 ਮੈਂਬਰ ਭੈਣ ਜਸਵੰਤ ਇੰਸਾਂ, ਜ਼ਿਲਾ 25 ਮੈਂਬਰ ਸੱਤ ਨਰੈਣ ਇੰਸਾਂ, 15 ਮੈਂਬਰ ਕਿਸ਼ੋਰ ਇੰਸਾਂ, ਦਿਆਲ ਇੰਸਾਂ, ਏਰੀਆ ਪ੍ਰੇਮੀ ਸੇਵਕ ਮੇਘਰਾਜ ਇੰਸਾਂ ਅਤੇ ਪ੍ਰੇਮੀ ਸੇਵਕ ਭੈਣ ਕਰਮਜੀਤ ਇੰਸਾਂ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਜਿੰਮੇਵਾਰ, ਸੇਵਾਦਾਰ, ਵੱਖ-ਵੱਖ ਸੰਮਤੀਆਂ ਦੇ ਜਿੰਮੇਵਾਰ, ਸੇਵਾਦਾਰ, ਰਿਸ਼ੇਤਦਾਰ, ਸਨੇਹੀ ਅਤੇ ਇਲਾਕਾ ਨਿਵਾਸੀਆਂ ਤੋਂ ਇਲਾਵਾ ਵੱਡੀ ਗਿਣਤੀ ਸਾਧ ਸੰਗਤ ਹਾਜਰ ਸੀ