ਰਘਵੀਰ ਹੈਪੀ , ਬਰਨਾਲਾ 30 ਮਾਰਚ 2023
ਮੰਗਲਵਾਰ ਰਾਤ ਨੂੰ ਰਾਹਗੀਰ ਦਾ ਮੋਟਰਸਾਈਕਲ ਚੋਰੀ ਕਰਨ ਸਮੇਂ ਮੌਕੇ ਤੇ ਹੀ ਲੋਕਾਂ ਦੇ ਹੱਥੇ ਚੜ੍ਹੇ, ਦੋਵਾਂ ਕਥਿਤ ਚੋਰਾਂ ਦੀ ਪਹਿਚਾਣ ਹੋ ਗਈ ਹੈ। ਪੁਲਿਸ ਨੇ ਦੋਵਾਂ ਖਿਲਾਫ ਕੇਸ ਦਰਜ ਕਰਕੇ,ਉਨਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਸ ਸਬਧੀ ਜਾਣਕਾਰੀ ਦਿੰਦਿਆਂ ਹੰਡਿਆਇਆ ਪੁਲਿਸ ਚੌਂਕੀ ਦੇ ਇੰਚਾਰਜ ਤਰਸੇਮ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਦਾਰਾ ਸਿੰਘ ਪੁੱਤਰ ਸੱਜਣ ਸਿੰਘ ਵਾਸੀ ਬੀਕਾ ਸੂਚ ਪੱਤੀ ਕੋਠੇ ਜੰਡੋਕੇ ਹੰਡਿਆਇਆ ਦੀ ਸ਼ਕਾਇਤ ਦੇ ਅਧਾਰ ਤੇ ਮੋਟਰਸਾਈਕਲ ਚੋਰੀ ਕਰਨ ਵਾਲੇ ਦੋਵਾਂ ਨੌਜਵਾਨਾਂ ਖਿਲਾਫ ਕੇਸ ਦਰਜ ਕਰ ਦਿੱਤਾ ਹੈ। ਹਿਰਾਸਤ ਵਿੱਚ ਲੈ ਕੇ ਕੀਤੀ ਗਈ ਪੁੱਛਗਿੱਛ ਦੌਰਾਨ ਦੋਵਾਂ ਨੌਜਵਾਨਾਂ ਨੇ ਆਪਣੀ ਪਹਿਚਾਣ ਸਹਿਲਪ੍ਰੀਤ ਸਿੰਘ ਉਰਫ ਸੈਲੀ ਪੁੱਤਰ ਹਰਪ੍ਰੀਤ ਸਿੰਘ ਵਾਸੀ ਨੇੜੇ ਤੀਆਂ ਵਾਲਾ ਖੂਹ ਖੁੱਡੀ ਪੱਤੀ ਧੌਲਾ ਅਤੇ ਵੀਰਬਹਾਦਰ ਸਿੰਘ ਉਰਫ ਲਵੀ ਪੁੱਤਰ ਜਗਰਾਜ ਸਿੰਘ ਵਾਸੀ ਬਿਲਾਸਪੁਰ ਪਿੰਡੀ ਧੌਲਾ ਦੇ ਰੂਪ ਵਿੱਚ ਕਰਵਾਈ ਹੈ। ਉਨਾਂ ਦੇ ਕਬਜ਼ੇ ਵਿੱਚੋਂ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਗਿਆ ਹੈ। ਹੁਣ ਹੋਰ ਪੁੱਛਗਿੱਛ ਲਈ, ਗਿਰਫਤਾਰ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ, ਉਨ੍ਹਾਂ ਦਾ ਪੁਲਿਸ ਰਿਮਾਂਡ ਲੈਣ ਲਈ ਕੋਸ਼ਿਸ਼ ਕੀਤੀ ਜਾਵੇਗੀ। ਪੁਲਿਸ ਨੂੰ ਦਿੱਤੀ ਸ਼ਕਾਇਤ ਵਿੱਚ ਮੁਦਈ ਦਾਰਾ ਸਿੰਘ ਨੇ ਦੱਸਿਆ ਸੀ ਕਿ ਉਹ 28.03.2023 ਨੂੰ ਆਪਣੇ ਮੋਟਰਸਾਇਕਲ ਮਾਰਕਾ ਬਜਾਜ ਪਲਟੀਨਾ ,ਰੰਗ ਕਾਲਾ ,ਦੁਰਗਾ ਮਾਤਾ ਮੰਦਰ ਹੰਡਿਆਇਆ ਦੇ ਬਾਹਰ ਗੇਟ ਕੋਲ ਖੜ੍ਹ ਕਰਕੇ , ਖੁਦ ਮੱਥਾ ਟੇਕਨ ਲਈ ਮੰਦਰ ਦੇ ਅੰਦਰ ਚੱਲਾ ਗਿਆ ਸੀ। ਜਦੋਂ ਉਹ ਮੰਦਰ ਵਿੱਚੋ ਮੱਥਾ ਟੇਕ ਕੇ ਬਾਹਰ ਆਇਆ ਤਾਂ ਵਕਤ ਕਰੀਬ 8:40 ਰਾਤ ਦਾ ਹੋਵੇਗਾ ਕਿ ਦੋ ਨੌਜਵਾਨ ਉਸ ਦਾ ਮੋਟਰ ਸਾਇਕਲ ਚੋਰੀ ਕਰਕੇ ਲੈ ਗਏ ਸੀ। ਜਿੰਨ੍ਹਾਂ ਦਾ ਮੁਦੱਈ ਅਤੇ ਗੁਰਵਿੰਦਰ ਸਿੰਘ ਨੇ ਪਿੱਛਾ ਕੀਤਾ। ਦੋਵੇਂ ਨੌਜਵਾਨਾਂ ਨੂੰ ਪਿੱਛਾ ਕਰਕੇ, ਪਿੰਡ ਖੁੱਡੀ ਕਲਾਂ ਦੀ ਫਿਰਨੀ ਤੇ ਘੇਰ ਲਿਆ ਸੀ।