5 ਵਰ੍ਹਿਆਂ ਤੋਂ ਮਹਿਜ ਖ਼ਾਨਾਪੂਰਤੀ ਕਰਨ ਲਈ ਨਗਰ ਸੁਧਾਰ ਟਰੱਸਟ ਵਲੋਂ ਕੱਢੇ ਜ਼ਾ ਰਹੇ ਕਾਨੂੰਨੀ ‘ਨੋਟਿਸ’
ਰਿਹਾਇਸ਼ੀ 2 ਮੰਜ਼ਿਲਾਂ ਨੂੰ ਕਮਰਸ਼ੀਅਲ ਵਰਤ ਕੇ ਮਾਲਕਾਂ ਵਲੋਂ ਬਟੋਰੇ ਜਾ ਰਹੇ ਨੇ ਪ੍ਰਤੀ ਮਹੀਨਾ ਲੱਖਾਂ ਰੁਪਏ,
ਜੇ.ਐਸ. ਚਹਿਲ,ਬਰਨਾਲਾ 27 ਮਾਰਚ 2023
ਸ਼ਹਿਰ ਦੇ ਬੱਸ ਅੱਡੇ ਨੇੜੇ ਆਈਲੈਟਸ ਸੈਂਟਰਾਂ ਦੀ ਹੱਬ ਬਣ ਕੇ ਉੱਭਰੀ ਨਗਰ ਸੁਧਾਰ ਟਰੱਸਟ ਦੀ ਕੈਪਟਨ ਕਰਮ ਸਿੰਘ ਨਗਰ ਸਕੀਮ (16 ਏਕੜ) ‘ਚ ਗੈਰਕਾਨੂੰਨੀ ਢੰਗ ਨਾਲ ਉਸਰੀਆਂ ਐਸ.ਸੀ.ਐਫ. ਬਿਲਡਿੰਗਾਂ ਤੇ ਹੁਣ ਛੇਤੀ ਹੀ ਪੀਲਾ ਪੰਜਾ ਚੱਲ ਸਕਦਾ ਹੈ। ਅਜਿਹਾ ਦਾਵਾ ਕੀਤਾ ਜਾ ਰਿਹਾ ਹੈ, ਟਰੱਸਟ ਦੇ ਅਧਿਕਾਰੀਆਂ ਵੱਲੋਂ। ਬੇਸ਼ੱਕ ਅਜਿਹਾ ਦਾਵਾ ਪਹਿਲੀ ਵਾਰ ਨਹੀਂ, ਸਗੋਂ ਕਰੀਬ ਪੰਜ ਵਰ੍ਹਿਆਂ ਤੋਂ ਐਸ.ਸੀ.ਐਫ. ਮਾਲਿਕਾਂ ਨੂੰ ਦਿੱਤੇ ਗਏ ਦਰਜ਼ਨ ਤੋਂ ਵਧੇਰੇ ਨੋਟਿਸਾਂ ਵਿੱਚ ਅਕਸਰ ਹੀ ਕੀਤਾ ਜਾਂਦਾ ਰਿਹਾ ਹੈ। ਪਰੰਤੂ ਹਰ ਵਾਰ ਪਤਾ ਨਹੀਂ ਕਿਉਂ ਤੇ ਕਿਹੜੀ ਵਜ੍ਹਾ ਕਾਰਣ ਬੁਲਡੋਜ਼ਰ ਦੀ ਬਜਾਏ, ਐਸ.ਸੀ.ਐਫ. ਮਾਲਿਕਾਂ ਅੱਗੇ ਨਗਰ ਸੁਧਾਰ ਟਰੱਸਟ ਪ੍ਰਬੰਧਕ ਗੋਡੇ ਟੇਕਦੇ ਰਹੇ ਹਨ। ਇਸ ਵਾਰ ਜੇਕਰ ਪਹਿਲਾਂ ਨਾਲੋਂ ਕੋਈ ਫਰਕ ਨਜ਼ਰ ਆ ਰਿਹਾ ਹੈ ਤਾਂ ਉਹ ਸਿਰਫ ਇਹ ਕਿ ਪੰਜਾਬ ਦੇ ਕਈ ਵੱਡੇ ਸ਼ਹਿਰਾਂ ਅੰਦਰ, ਬੁਲਡੋਜ਼ਰ ਮੈਨ ਦੇ ਤੌਰ ਤੇ ਜਾਣੇ ਜਾਂਦੇ ਐਕਸੀਅਨ ਏ.ਪੀ. ਸਿੰਘ ਦੇ ਹੱਥ ਹੁਣ ਬਰਨਾਲਾ ਨਗਰ ਸੁਧਾਰ ਟਰੱਸਟ ਦੀਆਂ ਗੈਰ ਕਾਨੂੰਨੀ ਬਿਲਡਿੰਗਾਂ ਨੂੰ ਢਾਹੁਣ ਦੀ ਕਮਾਂਡ ਆਈ ਹੋਈ ਹੈ।
ਵਰਨਣਯੋਗ ਹੈ ਕਿ ਸਥਾਨਕ ਬੱਸ ਸਟੈਂਡ ਦੇ ਬਾਇਕ ਸਾਇਡ 16 ਏਕੜ ਦੇ ਨਾਮ ਨਾਲ ਜਾਣੀ ਜਾਂਦੀ ਕਲੋਨੀ ਅੱਗੇ ਨਗਰ ਸੁਧਾਰ ਟਰੱਸਟ ਦੀ ਅਧੀਨਗੀ ਵਾਲੀ ਮਾਰਕੀਟ ਦੇ ਸੋਅ ਰੂਮਾਂ ਦੀਆਂ ਤਿੰਨੋਂ ਮੰਜਿਲਾਂ ਨੂੰ ਕਥਿਤ ਗੈਰ-ਕਾਨੂੰਨੀ ਢੰਗ ਨਾਲ ਆਈਲੈਟਸ ਸੈਟਰਾਂ ਨੂੰ ਕਮਰਸ਼ੀਅਲ ਵਰਤੋਂ ਲਈ ਕਿਰਾਏ ਤੇ ਦੇ ਕੇ ਉਕਤ ਮਾਲਕਾਂ ਵਲੋਂ ਪ੍ਰਤੀ ਮਹੀਨਾ ਲੱਖਾਂ ਰੁਪਏ ਕਿਰਾਏ ਦੇ ਰੂਪ ਵਿੱਚ ਬਟੋਰੇ ਜਾ ਰਹੇ ਹਨ। ਪਰ ਇਹ ਰਿਹਾਇਸੀ ਐੱਸ ਸੀ ਐੱਫ ਕਥਿਤ ਗੈਰ-ਕਾਨੂੰਨੀ ਢੰਗ ਨਾਲ ਕਰਮਸੀਅਲ ਰੂਪ ਵਿੱਚ ਵਰਤੇ ਜਾ ਰਹੇ। ਨਗਰ ਸੁਧਾਰ ਟਰੱਸਟ ਅਧੀਨ ਆਉਂਦੇ ਇਹਨਾ ਸੋਅ ਰੂਮ -ਕਮ – ਰਿਹਾਇਸੀ ਇਮਾਰਤਾਂ ਨੂੰ ਆਈਲੈਟਸ ਸੈਂਟਰਾਂ ਵਾਲੇ 37 ਦੇ ਕਰੀਬ ਐੰਸ.ਸੀ.ਐੱਫ ਮਾਲਕਾਂ ਨੂੰ ਨਗਰ ਸੁਧਾਰ ਟਰੱਸਟ ਵਲੋਂ ਸਮੇਂ -ਸਮੇਂ ਤੇ ਅੱਧੀ ਦਰਜਨ ਦੇ ਕਰੀਬ ਨੋਟਿਸ ਭੇਜੇ ਕੇ ਗਰਾਉਂਡ ਫਲੌਰ ਤੋਂ ਉੱਪਰਲੀਆਂ ਦੋ ਮੰਜ਼ਿਲਾਂ ਨੂੰ ਵਪਾਰਕ ਤੌਰ ਤੇ ਨਾ ਵਰਤੇ ਜਾਣ ਸੰਬੰਧੀ ਹਿਦਾਇਤਾਂ ਵੀ ਜਾਰੀ ਕੀਤੀਆਂ ਹਨ। ਪਰ ਉਕਤ ਮਾਲਕਾਂ ਅਤੇ ਇਹਨਾ ਕਥਿਤ ਗ਼ੈਰਕਾਨੂੰਨੀ ਢੰਗ ਨਾਲ ਬਣੇ ਕੰਪਲੈਕਸਾਂ ਚ ਕਾਰੋਬਾਰ ਚਲਾ ਰਹੇ ਲੋਕਾਂ ਵਲੋਂ ਇਹਨਾ ਨੋਟਿਸਾਂ ਨੂੰ ਅੱਖੋ-ਪਰੋਖੇ ਕਰਕੇ ਰਿਹਾਇਸੀ ਮੰਜਲਾਂ ਨੂੰ ਕਰਮਸੀਅਲ ਤੌਰ ਤੇ ਵਰਤ ਕੇ ਨਗਰ ਸੁਧਾਰ ਟਰੱਸਟ ਵਲੋਂ ਭੇਜੇ ਦਰਜ਼ਨ ਦੇ ਕਰੀਬ ਕਾਨੂੰਨੀ ਨੋਟਿਸਾਂ ਦਾ ਮੂੰਹ ਚਿੜ੍ਹਾਇਆ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਸੋਅ ਰੂਮਾਂ ਦੇ ਮਾਲਕਾਂ ਵਲੋਂ ਤਿੰਨ ਮੰਜਲਾਂ ਇਹਨਾ ਸੌਪ -ਕਮ- ਫਲੈਟ (ਐੱਸ.ਸੀ.ਐੱਫ.) ਤੋਂ ਲੱਖਾਂ ਰੁਪਏ ਮਹੀਨਾ ਕਿਰਾਇਆ ਵਸੂਲ ਕਰਕੇ ਆਪਣੀਆਂ ਜੇਬਾਂ ਭਰੀਆਂ ਜਾ ਰਹੀਆਂ ਹਨ। ਦੱਸਣਯੋਗ ਹੈ ਕਿ ਨਗਰ ਸੁਧਾਰ ਟਰੱਸਟ ਵਲੋਂ 37 ਦੇ ਕਰੀਬ ਸੋਅਰੂਮ ਦੀ ਗਰਾਉਂਡ ਫਲੌਰ ਤੇ ਦੁਕਾਨ ਤਿਆਰ ਕਰਕੇ ਵੇਚੀਆਂ ਗਈਆਂ ਸਨ ਅਤੇ ਇਹ ਵੀ ਸ਼ਰਤਾਂ ਤਹਿ ਹੋਈਆਂ ਸਨ ਕਿ ਉਕਤ ਸੋਅ ਰੂਮ ਦੀਆਂ ਤਿੰਨ ਮੰਜਲਾਂ ਵਿੱਚੋਂ ਹੇਠਲੀ ਮੰਜਿਲ ਨੂੰ ਕਮਰਸੀਅਲ ਅਤੇ ਬਾਕੀ ਉੱਪਰਲੀਆਂ ਦੋ ਮੰਜਲਾਂ ਨੂੰ ਰਿਹਾਇਸੀ ਤੌਰ ਤੇ ਹੀ ਵਰਤਿਆ ਜਾਣਾ ਹੈ। ਜਿਸ ਦੇ ਆਧਾਰ ਤੇ ਨਗਰ ਸੁਧਾਰ ਟਰੱਸਟ ਵਲੋਂ ਉਕਤ ਮਾਲਕਾਂ ਨੂੰ ਅਲਾਟਮੈਂਟ ਲੈਟਰ ਜਾਰੀ ਕੀਤੇ ਗਏ । ਪਰ ਬੀਤੇ ਕੁਝ ਅਰਸੇ ਤੋਂ ਪੰਜਾਬ ਦੇ ਨੌਜਵਾਨ ਵਰਗ ਵਿੱਚ ਵਿਦੇਸ ਜਾਣ ਦੀ ਲੱਗੀ ਦੌੜ ਤੇ ਚੱਲਦਿਆਂ ਇਹਨਾ ਐੱਸ ਸੀ ਐੱਫ ਵਿੱਚ ਵੱਡੀ ਪੱਧਰ ਤੇ ਖੁੱਲੇ ਆਈਲੈਟਸ ਅਤੇ ਵੀਜਾ ਕੰਨਸਲਟੈਂਟ ਸੈਂਟਰਾਂ ਕਾਰਨ 16 ਏਕੜ ਇਲਾਕਾ ਸਹਿਰ ਦੀ ਵੱਡੀ ਵਪਾਰਿਕ ਹੱਬ ਦੇ ਰੂਪ ਵਿੱਚ ਵਿਕਸਤ ਹੋ ਚੁੱਕਾ ਹੈ। ਜਿਸ ਤੇ ਚੱਲਦਿਆਂ ਉਕਤ ਮਾਲਕਾਂ ਵਲੋਂ ਟਰੱਸਟ ਵਲੋਂ ਜਾਰੀ ਅਲਾਟਮੈਂਟ ਦੇ ਨਿਯਮਾਂ ਨੂੰ ਕਥਿਤ ਸਿੱਕੇ ਟੰਗ ਰਿਹਾਇਸੀ ਮੰਜਲਾਂ ਨੂੰ ਵੀ ਕਮਰਸੀਅਲ ਵਰਤੋਂ ਲਈ ਦਿੱਤਾ ਜਾ ਰਿਹਾ ਹੈ। ਭਾਂਵੇਂ ਕਿ ਜਿਲਾ ਪ੍ਰਸਾਸਨ ਦੇ ਹੁਕਮਾਂ ਤੇ ਚੱਲਦਿਆਂ ਨਗਰ ਟਰੱਸਟ ਵਲੋਂ ਕਈ ਵਾਰ ਇਹਨਾ ਨੂੰ ਲੀਗਲ ਨੋਟਿਸ ਭੇਜੀ ਜਾ ਚੁੱਕੇ ਹਨ ।ਪਰ ਨਗਰ ਸੁਧਾਰ ਟਰੱਸਟ ਵਲੋਂ ਹੁਣ ਤੱਕ ਭੇਜੀ ਲਿਖਤੀ ਨੋਟਿਸ ਸਿਰਫ਼ ਖਾਨਾ ਪੂਰਤੀ ਸਾਬਿਤ ਹੁੰਦੀ ਨਜ਼ਰ ਆ ਰਹੀ ਹੈ। ਭਾਵੇਂ ਕਿ 2018 ਤੋਂ ਲੈਕੇ ਹੁਣ ਤੱਕ ਭੇਜੇ ਕਰੀਬ ਦਰਜਨ ਤੋਂ ਵੱਧ ਨੋਟਿਸਾਂ ਵਿੱਚ ਨਗਰ ਸੁਧਾਰ ਟਰੱਸਟ ਵਲੋਂ ਸਖ਼ਤ ਤਾੜਨਾ ਕੀਤੀ ਸੀ ਕਿ ਜੇਕਰ ਉਕਤ ਦੁਕਾਨਾ ਦੀਆਂ ਉੱਪਰਲੀਆਂ ਮੰਜ਼ਿਲਾਂ ਤੇ ਚਲਦੇ ਵਪਾਰਿਕ ਕਾਰੋਬਾਰ ਬੰਦ ਨਾ ਕੀਤੇ ਤਾਂ ਇਹਨਾ ਦੀਆਂ ਨਗਰ ਸੁਧਾਰ ਟਰੱਸਟ ਵਲੋਂ ਅਲਾਟਮੈਂਟਾਂ ਰੱਦ ਕਰ ਦਿੱਤੀਆਂ ਜਾਣਗੀਆਂ।ਪਰ ਇਸ ਸਭ ਦੇ ਬਾਵਜੂਦ ਇਹਨਾ ਐੱਸ ਸੀ ਐੱਫ ਦੀਆਂ ਤਿੰਨੋਂ ਮੰਜ਼ਿਲਾਂ ਵਪਾਰਕ ਤੌਰ ਤੇ ਵਰਤੀਆਂ ਜਾ ਰਹੀਆਂ ਹਨ ਅਤੇ ਟਰੱਸਟ ਵਲੋਂ ਇਹਨਾ ਦੁਕਾਨਦਾਰਾਂ ਖਿਲਾਫ਼ ਕਿਸੇ ਕਿਸਮ ਦੀ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ। ਖਾਲੀ ਖਜ਼ਨੇ ਦੀ ਔਕੜ ਚ ਵਿਚਰ ਰਹੇ ਨਗਰ ਸੁਧਾਰ ਟਰੱਸਟ ਕੋਲ ਮੌਜੂਦਾ ਸਮੇਂ ਭਾਵੇਂ ਆਪਣੇ ਮੁਲਾਜਮਾਂ ਨੂੰ ਤਨਖਾਹਾਂ ਦੇਣ ਲਈ ਫੰਡ ਵੀ ਨਹੀਂ, ਪਰ ਪਤਾ ਨਹੀਂ ਕਿਸ ਬਜਾਹ ਕਾਰਨ ਨਗਰ ਸੁਧਾਰ ਟਰੱਸਟ ਵਲੋਂ ਕੋਈ ਠੋਸ ਕਾਰਵਾਈ ਕਰਨ ਦੀ ਬਿਜਾਏ ਇਹਨਾ ਐੱਸ ਸੀ ਐੱਫ ਮਾਲਕਾਂ ਨਾਲ ਸਿਰਫ਼ ਨੋਟਿਸ -ਨੋਟਿਸ ਦੀ ਖੇਡ, ਖੇਡਕੇ ਗੋਂਗਲੂਆਂ ਤੋਂ ਮਿੱਟੀ ਝਾੜੀ ਜਾ ਰਹੀ ਹੈ। ਨਗਰ ਸੁਧਾਰ ਟਰੱਸਟ ਦੇ ਕਾਰਜ ਸਾਧਕ ਅਫ਼ਸਰ ਨੀਰੂ ਬਾਲਾ ਨੇ ਪੁੱਛਣ ਤੇ ਕਿਹਾ ਕਿ ਮੇਰੇ ਵੱਲੋਂ ਚਾਰਜ ਸੰਭਾਲਣ ਤੋਂ ਬਾਅਦ ਸਮੂਹ ਐੱਸ ਸੀ ਐੱਫ ਮਾਲਕਾਂ ਨੂੰ ਨੋਟਿਸ ਭੇਜਿਆ ਗਿਆ ਹੈ ਅਤੇ ਕੁੱਝ ਐੱਸ ਸੀ ਐੱਫ ਦੀ ਚੱਲ ਰਹੀ ਉਸਾਰੀ ਆਦਿ ਦੇ ਕੰਮ ਨੂੰ ਬੰਦ ਵੀ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਅਗਲੀ ਕਾਰਵਾਈ ਅਮਲ ਵਿੱਚ ਲਿਆਉਣ ਲਈ ਐਕਸੀਅਨ ਏ.ਪੀ. ਸਿੰਘ ਨੂੰ ਜਿੰਮੇਵਾਰੀ ਸੌਂਪੀ ਗਈ ਹੈ। ਜੇਕਰ ਨਿਯਮ ਤੇ ਸ਼ਰਤਾਂ ਨੂੰ ਨਜਰਅੰਦਾਜ ਕਰਕੇ ਐਸ.ਸੀ.ਐਫ. ਮਾਲਿਕਾਂ ਨੇ ਹੁਣ ਭੇਜ਼ੇ ਨੋਟਿਸ ਤੇ ਅਮਲ ਨਾ ਕੀਤਾ ਤਾਂ ਨਜਾਇਜ ਉਸਾਰੇ ਐੱਸ.ਸੀ.ਐੱਫ. ਵਾਲਿਆਂ ਖਿਲਾਫ਼ ਕਾਰਵਾਈ ਜ਼ਰੂਰ ਕੀਤੀ ਜਾਵੇਗੀ। ਯਾਦ ਰਹੇ ਕਿ ਐਕਸੀਅਨ ਏ.ਪੀ. ਸਿੰਘ ਸਖਤ ਸੁਭਾਅ ਦੇ ਅਧਿਕਾਰੀ ਵਜੋਂ ਜਾਣੇ ਜਾਂਦੇ ਹਨ ।