ਡੀ.ਟੀ.ਐੱਫ. ਦੀ ਮੈਂਬਰਸ਼ਿਪ ਮੁਹਿੰਮ ਨੂੰ ਕੀਤਾ ਜਾਵੇਗਾ ਤੇਜ਼
ਰਘਵੀਰ ਹੈਪੀ , 16 ਮਾਰਚ, ਬਰਨਾਲਾ 2023
ਅਧਿਆਪਕ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਬਰਨਾਲਾ ਵੱਲੋਂ ਜ਼ਿਲ੍ਹਾ ਪ੍ਰਧਾਨ ਰਾਜੀਵ ਕੁਮਾਰ ਤੇ ਜਨਰਲ ਸਕੱਤਰ ਨਿਰਮਲ ਚੁਹਾਣਕੇ ਦੀ ਅਗਵਾਈ ਹੇਠ ਸਸਸਸ (ਲੜਕੇ) ਬਰਨਾਲਾ ਵਿਖੇ ਜ਼ਿਲ੍ਹਾ ਕਮੇਟੀ ਦੀ ਇੱਕ ਅਹਿਮ ਮੀਟਿੰਗ ਕੀਤੀ ਗਈ।

ਮੀਟਿੰਗ ਦੀ ਕਾਰਵਾਈ ਸੰਬੰਧੀ ਜਾਣਕਾਰੀ ਦਿੰਦਿਆ ਪ੍ਰੈੱਸ ਸਕੱਤਰ ਸੁਖਦੀਪ ਤਪਾ ਨੇ ਦੱਸਿਆ ਕਿ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਵੱਲੋਂ 23 ਮਾਰਚ ਨੂੰ ਜਲੰਧਰ ਵਿਖੇ ਕੀਤੀ ਜਾ ਰਹੀ ਚੇਤਨਾ ਕਨਵੈਨਸ਼ਨ ਵਿੱਚ ਜ਼ਿਲ੍ਹੇ ਵੱਲੋਂ ਭਰਵੀਂ ਸ਼ਮੂਲੀਅਤ ਕਰਨ ਦਾ ਫ਼ੈਸਲਾ ਲਿਆ ਗਿਆ। ਉਹਨਾਂ ਦੱਸਿਆ ਕਿ ਪ੍ਰਧਾਨ ਮੰਤਰੀ ਸ਼੍ਰੀ ਸਕੀਮ ਤਹਿਤ ਨਿੱਜੀਕਰਨ ਅਤੇ ਕੇਂਦਰੀਕਰਨ ਪੱਖੀ ਨਵੀਂ ਸਿੱਖਿਆ ਨੀਤੀ-2020 ਨੂੰ ਪੰਜਾਬ ਵਿੱਚ ਲਾਗੂ ਕਰਨ, ਸਕੂਲਾਂ ਦੀ ਪ੍ਰਸਤਾਵਿਤ ਮਰਜ਼ਿੰਗ ਦਾ ਵਿਰੋਧ ਅਤੇ ਨਵੀਂ ਸਿੱਖਿਆ ਨੀਤੀ ਦੇ ਕੰਪਲੈਕਸ ਸਕੂਲ ਏਜੰਡੇ ਨੂੰ ਅੱਗੇ ਵਧਾ ਰਹੇ ਸਕੂਲ ਆਫ ਐਮੀਨੈਂਸ ‘ਤੇ ਸਵਾਲ ਚੁੱਕਣ ਲਈ ਦੇਸ਼ ਭਗਤ ਯਾਦਗਾਰ ਹਾਲ (ਜਲੰਧਰ) ਵਿੱਚ ਚੇਤਨਾ ਸੈਮੀਨਾਰ ਉਪਰੰਤ ਪ੍ਰੈੱਸ ਕਲੱਬ ਤੱਕ ਮਾਰਚ ਕਰਕੇ ਮੁੱਖ ਮੰਤਰੀ ਵੱਲ ਸਵਾਲ ਪੱਤਰ ਭੇਜਿਆ ਜਾਵੇਗਾ। ਮੀਟਿੰਗ ਵਿੱਚ ਫ਼ੈਸਲਾ ਲਿਆ ਗਿਆ ਕਿ ਚੇਤਨਾ ਕਨਵੈਨਸ਼ਨ ਵਿੱਚ ਜ਼ਿਲ੍ਹਾ ਅਤੇ ਬਲਾਕ ਕਮੇਟੀਆਂ ਦੇ ਮੈਂਬਰਾਂ ਦੀ ਸ਼ਮੂਲੀਅਤ ਕਰਵਾਈ ਜਾਵੇਗੀ ਇਸ ਤੋਂ ਇਲਾਵਾ ਡੀ.ਟੀ.ਐੱਫ ਦੇ ਘੇਰੇ ਨੂੰ ਹੋਰ ਵਿਸ਼ਾਲ ਕਰਨ ਲਈ ਚੱਲ ਰਹੀ ਮੈਂਬਰਸ਼ਿਪ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇਗਾ ਅਤੇ ਇਸ ਹਫ਼ਤੇ ਦੇ ਅੰਤ ਤੱਕ ਮੈਂਬਰਸ਼ਿਪ ਮੁਕੰਮਲ ਕਰ ਲਈ ਜਾਵੇਗੀ। ਡੀ.ਟੀ.ਐੱਫ. ਆਗੂਆਂ ਵੱਲੋਂ ਅੰਮ੍ਰਿਤਸਰ ਵਿਖੇ ਗੁਰੂ ਰਾਮਦਾਸ ਮੈਡੀਕਲ ਕਾਲਜ ਦੀ ਵਿਦਿਆਰਥਣ ਡਾਕਟਰ ਪੰਪੋਸ਼ ਨੂੰ ਆਤਮਹੱਤਿਆ ਲਈ ਮਜਬੂਰ ਕਰਨ ਵਾਲੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਵੀ ਕੀਤੀ ਗਈ।
ਬਲਾਕ ਪ੍ਰਧਾਨਾਂ ਸੱਤਪਾਲ ਬਾਂਸਲ,ਮਾਲਵਿੰਦਰ ਸਿੰਘ,ਬਲਾਕ ਸਕੱਤਰ ਦਵਿੰਦਰ ਸਿੰਘ ਤਲਵੰਡੀ ਤੇ ਦਰਸ਼ਨ ਬਦਰਾ ਨੇ ਕਿਹਾ ਕਿ ਪ੍ਰਾਇਮਰੀ ਤੋਂ ਮਾਸਟਰ ਅਤੇ ਮਾਸਟਰ ਤੋਂ ਲੈਕਚਰਾਰ ਕਾਡਰ ਆਦਿ ਦੀਆਂ ਪੈਂਡਿੰਗ ਪ੍ਰੋਮੋਸ਼ਨਾਂ, ਪੁਰਾਣੀ ਪੈਨਸ਼ਨ ਦੀ ਬਹਾਲੀ, ਕੱਚੇ ਅਧਿਆਪਕਾਂ ਦੀ ਰੈਗੂਲਰਾਇਜੇਸ਼ਨ ਸਮੇਤ ਓ.ਡੀ.ਐੱਲ. ਅਧਿਆਪਕਾਂ ਦੇ ਪੈਂਡਿੰਗ ਰੈਗੂਲਰ ਪੱਤਰ ਜਾਰੀ ਕਰਵਾਉਣ, ਅਧਿਆਪਕਾਂ ਤੋਂ ਲਏ ਜਾਂਦੇ ਗੈਰ ਵਿੱਦਿਅਕ ਕੰਮਾਂ ਸਮੇਤ ਬੀ.ਐੱਲ.ਓ. ਡਿਊਟੀਆਂ ਰੱਦ ਕਰਵਾਉਣ, ਕੰਪਿਊਟਰ ਅਧਿਆਪਕਾਂ ਦੀ ਰੈਗੂਲਰ ਤੌਰ ‘ਤੇ ਵਿਭਾਗੀ ਮਰਜ਼ਿੰਗ, ਨਵੇਂ ਸਕੇਲਾਂ ਦੀ ਥਾਂ ਪੰਜਾਬ ਸਕੇਲ ਮੁੜ ਬਹਾਲ ਕਰਵਾਉਣ ਆਦਿ ਮੰਗਾਂ ਨੂੰ ਹੱਲ ਕਰਵਾਉਣ ਲਈ 23 ਮਾਰਚ ਨੂੰ ਐਲਾਨੇ ਜਾਣ ਵਾਲੇ ਅਗਲੇ ਸੂਬਾਈ ਐਕਸ਼ਨਾਂ ਵਿੱਚ ਵੀ ਅਧਿਆਪਕਾਂ ਦੀ ਵੱਡੀ ਲਾਮਬੰਦੀ ਕਰਦਿਆਂ ਭਰਵੀਂ ਸ਼ਮੂਲੀਅਤ ਕਰਵਾਈ ਜਾਵੇਗੀ।
ਇਸ ਮੌਕੇ ਡੀ.ਐੱਮ.ਐੱਫ. ਦੇ ਜ਼ਿਲ੍ਹਾ ਸਕੱਤਰ ਬਲਜਿੰਦਰ ਪ੍ਰਭੂ, ਜ਼ਿਲ੍ਹਾ ਖਜਾਨਚੀ ਲਖਵੀਰ ਠੁੱਲੀਵਾਲ,ਮਨਮੋਹਨ ਭੱਠਲ,ਪਲਵਿੰਦਰ ਠੀਕਰੀਵਾਲਾ ਤੋਂ ਇਲਾਵਾ ਜ਼ਿਲ੍ਹਾ ਕਮੇਟੀ ਮੈਂਬਰ ਪ੍ਰਿੰਸੀਪਲ ਮੇਜਰ ਸਿੰਘ,ਹੈਡਮਾਸਟਰ ਪਰਦੀਪ ਕੁਮਾਰ,ਰਜਿੰਦਰ ਮੂਲੋਵਾਲ,ਨਿਰਮਲ ਸਿੰਘ ਪੱਖੋਕਲਾਂ,ਪ੍ਰਦੀਪ ਬਖ਼ਤਗੜ੍ਹ, ਸੁਖਪ੍ਰੀਤ ਠੁੱਲੀਵਾਲ,ਰਘੁਬੀਰ ਮਹਿਤਾ,ਹਰਬਚਨ ਹੰਢਿਆਇਆ,ਕੁਲਦੀਪ ਸੰਘੇੜਾ,ਭੁਪਿੰਦਰ ਸੇਖਾ,ਜਗਰਾਜ ਅਕਲੀਆ ਤੇ ਜਤਿੰਦਰ ਕਪਿਲ ਆਦਿ ਆਗੂ ਹਾਜ਼ਰ ਸਨ।