ਸੋਨੀ ਪਨੇਸਰ , ਬਰਨਾਲਾ, 16 ਮਾਰਚ 2023
ਪੰਜਾਬ ਸਰਕਾਰ ਦੁਆਰਾ ਸਕੂਲੀ ਵਿਦਿਆਰਥੀਆਂ ਵਿੱਚ ਕਿੱਤਾਮੁਖੀ ਸਿੱਖਿਆ ਨੂੰ ਪ੍ਰਫੁੱਲਿਤ ਕਰਨ ਲਈ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਵੋਕੇਸ਼ਨਲ ਸਿੱਖਿਆ ਦੇ ਵੱਖ ਵੱਖ ਕੋਰਸ ਕਰਵਾਏ ਜਾ ਰਹੇ ਹਨ ਜਿਸ ਤਹਿਤ ਜ਼ਿਲ੍ਹੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕੰਨਿਆ ਬਰਨਾਲਾ ਵਿਖੇ 12ਵੀਂ ਜਮਾਤ ਵਿੱਚ ਪੜ੍ਹਦੀਆਂ ਲੜਕੀਆਂ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰ ਸਰਬਜੀਤ ਸਿੰਘ ਤੂਰ, ਸਕੂਲ ਕਮੇਟੀ ਪ੍ਰਧਾਨ ਗੁਰਮੀਤ ਸਿੰਘ ਅਤੇ ਪ੍ਰਿੰਸੀਪਲ ਮੈਡਮ ਸ਼੍ਰੀ ਮਤੀ ਵਿਨਸੀ ਜਿੰਦਲ ਦੁਆਰਾ ਐਨਐਸਐਫਕਿਊ ਅਧੀਨ ਅਪਰੈਲ ਅਤੇ ਆਈ ਟੀ ਟ੍ਰੇਡ ਦੀਆਂ ਕਿੱਟਾਂ ਵੰਡੀਆਂ ਗਈਆਂ। 

ਜ਼ਿਲ੍ਹਾ ਸਿੱਖਿਆ ਅਫ਼ਸਰ ਸਰਬਜੀਤ ਸਿੰਘ ਤੂਰ ਦੁਆਰਾ ਬੱਚਿਆਂ ਨੂੰ ਮਿਲਣ ਵਾਲੀਆਂ ਕਿੱਟਾਂ ਨੂੰ ਸਦਉਪਯੋਗ ਕਰਨ ਅਤੇ ਆਪਣੇ ਹੱਥੀਂ ਕੰਮ ਕਰਨ ਦੇ ਗੁਣ ਨੂੰ ਹੋਰ ਅੱਗੇ ਵਧਾਉਣ ਸਬੰਧੀ ਪ੍ਰੇਰਿਤ ਕੀਤਾ ਅਤੇ ਉਹਨਾਂ ਨੇ ਕਿੱਤਾ ਮੁਖੀ ਸਿੱਖਿਆ ਦੀ ਭਵਿੱਖਤ ਜੀਵਨ ਵਿੱਚ ਅਹਿਮੀਅਤ ਬਾਰੇ ਬੱਚਿਆਂ ਨੂੰ ਜਾਣਕਾਰੀ ਪ੍ਰਦਾਨ ਕੀਤੀ । ਕੋਰਸ ਅਪਰੈਲ ਦੀਆਂ ਬੱਚੀਆਂ ਲਈ ਰੋਜ਼ਗਾਰ ਅਤੇ ਆਪਣਾ ਕਿੱਤਾ ਸ਼ੁਰੂ ਕਰਨ ਲਈ ਇੱਕ ਨਵੀਂ ਪਹਿਲ ਕਰਦੇ ਹੋਏ ਡੀਈਓ ਤੂਰ ਨੇ ਸਕੂਲ ਕਮੇਟੀ ਦੇ ਪ੍ਰਧਾਨ ਦੀ ਸਹਿਮਤੀ ਨਾਲ ਮਤਾ ਪਾਸ ਕੀਤਾ ਕਿ 12ਵੀਂ ਜਮਾਤ ਪਾਸ ਕਰਨ ਤੋਂ ਬਾਅਦ ਇਹਨਾਂ ਲੜਕੀਆਂ ਨੂੰ 6ਵੀਂ ਤੋਂ 8ਵੀਂ ਤੱਕ ਦੇ ਵਿਦਿਆਰਥਣਾਂ ਦੀਆਂ ਵਰਦੀਆਂ ਦੀ ਸਿਲਾਈ ਦਾ ਕੰਮ ਦਿੱਤਾ ਜਾਵੇਗਾ। ਇਸ ਨਾਲ ਇਹਨਾਂ ਬੱਚਿਆਂ ਨੂੰ ਆਪਣਾ ਖੁਦ ਦਾ ਕੰਮ ਸ਼ੁਰੂ ਕਰਨ ਵਿੱਚ ਮਦਦ ਮਿਲੇਗੀ ਅਤੇ ਹੋਰ ਬੱਚੇ ਵੀ ਕਿੱਤਾ ਮੁਖੀ ਸਿੱਖਿਆ ਵੱਲ ਪ੍ਰੇਰਿਤ ਹੋਣਗੇ। ਇਸ ਮੌਕੇ ਨੀਰਜ ਦਾਨੀਆ, ਬੇਅੰਤ ਕੌਰ, ਲਖਵੀਰ ਰਾਣੀ, ਸਤੀਸ਼ , ਸਕੂਲ ਕਮੇਟੀ ਮੈਂਬਰ ਅਤੇ ਸਟਾਫ਼ ਮੈਂਬਰ ਹਾਜ਼ਰ ਰਹੇ।