ਬੀ ਐਸ਼ ਬਾਜਵਾ , ਬਰਨਾਲਾ 16 ਮਾਰਚ 2023
ਬਰਨਾਲਾ-ਮਾਨਸਾ ਮੁੱਖ ਸੜਕ ਮਾਰਗ ਤੇ ਸਥਿਤ ਪਿੰਡ ਰੂੜੇਕੇ ਕਲਾਂ ਦੇ ਨਜ਼ਦੀਕ ਓਵਰਲੋਡ ਭੂੰਗ ਵਾਲੀ ਟਰਾਲੀ ਤੇ ਟੈਕਰ ਟਾਟਾ 407 ਦੀ ਆਪਸੀ ਜਬਰਦਸਤ ਟੱਕਰ ਹੋ ਗਈ। ਹਾਦਸੇ ਤੋਂ ਬਾਅਦ ਬਰਨਾਲਾ-ਮਾਨਸਾ ਮੁੱਖ ਮਾਰਗ ਜਾਮ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਪੱਖੋਂ ਕਲਾਂ ਤੋਂ ਇੱਕ ਭੂੰਗ ਵਾਲਾ ਟਰੈਕਟਰ ਟਰਾਲੀ ਬਰਨਾਲਾ ਵੱਲ ਨੂੰ ਜਾ ਰਿਹਾ ਸੀ ਤਾਂ ਧੌਲਾ ਤੇ ਰੂੜੇਕੇ ਕਲਾਂ ਵਿਚਕਾਰ ਬਰਨਾਲਾ ਵੱਲੋਂ ਆ ਰਹੇ ਕੈਂਟਰ ਨੇ ਸਾਈਡ ਮਾਰ ਦਿੱਤੀ। ਜਿਸ ਤੋਂ ਬਾਅਦ ਓਵਰਲੋਡ ਭੂੰਗ ਖਤਾਨਾਂ ਵਿੱਚ ਜਾ ਕੇ ਦਰੱਖਤ ਨਾਲ ਟਕਰਾਅ ਗਿਆ। ਹਾਦਸਾ ਇੱਨਾਂ ਭਿਅੰਕਰ ਰਿਹਾ ਕਿ ਹਾਦਸੇ ‘ਚ ਟਰੈਕਟਰ ਕਾਫੀ ਚਕਨਾ- ਚਰਨਾ ਚੂਰ ਹੋ ਗਿਆ । ਪਰੰਤੂ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਹਿ ਗਿਆ। ਵਰਨਣਯੋਗ ਹੈ ਕਿ ਪ੍ਰਸ਼ਾਸ਼ਨ ਦੀ ਨੱਕ ਹੇਠ ਇਲਾਕੇ ‘ਚ ਪਿਛਲੇ ਲੰਬੇ ਸਮੇਂ ਤੋਂ ਮੁੱਖ ਮਾਰਗ ‘ਤੇ ਦਿਨ ਰਾਤ ਗੈਰ ਕਾਨੂੰਨੀ ਭੂੰਗ ਵਾਲੀਆਂ ਓਵਰਲੋਡ ਟਰਾਲੀਆਂ ਦੀ ਭਰਮਾਰ ਹੈ। ਪਿੰਡਾਂ ਦੇ ਲਿੰਕ ਰੋਡ ਭੂੰਗ ਵਾਲੀਆਂ ਓਵਰਲੋਡ ਟਰਾਲੀਆਂ ਕਾਰਨ ਅਕਸਰ ਜਾਮ ਹੀ ਜਾਮ ਰਹਿੰਦੇ ਹਨ। ਭੂੰਗ ਵਾਲੀਆਂ ਟਰਾਲੀਆਂ ਕਾਰਨ ਕਾਫੀ ਅਰਸੇ ਤੋਂ ਅਨੇਕਾਂ ਸੜਕ ਹਾਦਸੇ ਵਾਪਰ ਚੁੱਕੇ ਹਨ। ਜ਼ਿਲ੍ਹੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਅਨੇਕਾਂ ਵਾਰ ਧਿਆਨ ‘ਚ ਲਿਆਉਣ ਦੇ ਬਾਵਜੂਦ ਗੈਰ ਕਾਨੂੰਨੀ ਓਵਰਲੋਡ ਭੂੰਗ ਵਾਲੀਆਂ ਟਰਾਲੀਆਂ ਦਿਨ ਰਾਤ ਨਿਰਵਿਘਨ ਚੱਲ ਰਹੀਆਂ ਹਨ। ਮੁੱਖ ਮਾਰਗ ਜਾਮ ਹੋਣ ਕਰਕੇ ਰਾਹਗੀਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੁਲਿਸ ਥਾਣਾ ਰੂੜੇਕੇ ਕਲਾਂ ਦੀ ਪੁਲਿਸ ਪਾਰਟੀ ਵਲੋਂ ਮੌਕੇ ‘ਤੇ ਪਹੁੰਚ ਕੇ ਮੁੱਖ ਮਾਰਗ ਚਾਲੂ ਕਰਵਾਉਣ ਲਈ ਯਤਨ ਕੀਤੇ ਜਾ ਰਹੇ ਹਨ।