ਅਸ਼ੋਕ ਵਰਮਾ , ਸਿਰਸਾ ,ਬਠਿੰਡਾ 15 ਮਾਰਚ 2023
ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਨੇ ਡੇਰਾ ਸੱਚਾ ਸੌਦਾ ਸਿਰਸਾ ਦੇ ਪ੍ਰਮੁੱਖ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਦੇ ਅਸਲੀ ਨਕਲੀ ਹੋਣ ਦੇ ਮਾਮਲੇ ਸਬੰਧੀ ਦਾਇਰ ਪਟੀਸ਼ਨ ਖਾਰਜ ਕਰ ਦਿੱਤੀ ਹੈ ਜਿਸ ਨਾਲ ਇਹ ਮਸਲਾ ਹੁਣ ਖਤਮ ਹੋ ਗਿਆ ਹੈ। ਸੁਪਰੀਮ ਕੋਰਟ ਵਿਚ ਇਹ ਪਟੀਸ਼ਨ ਮੋਹਿਤ ਗੁਪਤਾ ਨਾਮ ਦੇ ਇੱਕ ਵਿਅਕਤੀ ਨੇ 12 ਨਵੰਬਰ 2022 ਦਾਇਰ ਕੀਤੀ ਸੀ।
ਜਾਣਕਾਰੀ ਅਨੁਸਾਰ ਫਰਵਰੀ 2023 ਦੌਰਾਨ ਇਸ ਪਟੀਸ਼ਨ ਨੂੰ ਸੁਣਵਾਈ ਲਈ ਮਨਜ਼ੂਰ ਕਰ ਲਿਆ ਸੀ। ਮਾਮਲੇ ਦਾ ਜਿਕਰਯੋਗ ਪਹਿਲੂ ਹੈ ਕਿ 13 ਮਾਰਚ ਨੂੰ ਪਹਿਲੀ ਸੁਣਵਾਈ ਹੀ ਸੀ ਕਿ ਸੁਪਰੀਮ ਕੋਰਟ ਨੇ ਪਟੀਸ਼ਨ ਵਿੱਚ ਰੱਖੇ ਤੱਥਾਂ ਨਾਲ ਨਰਾਜ਼ਗੀ ਜਤਾਉਂਦਿਆਂ ਅਰਜੀ ਨੂੰ ਰੱਦ ਕਰ ਦਿੱਤਾ । ਇਸ ਤੋਂ ਪਹਿਲਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੀ ਅਜਿਹੀ ਅਰਜ਼ੀ ਨੂੰ ਰੱਦ ਕਰ ਚੁੱਕੀ ਹੈ ਜੋ ਕਿ ਮੋਹਿਤ ਗੁਪਤਾ ਵੱਲੋਂ ਦਾਇਰ ਕੀਤੀ ਗਈ ਸੀ।
ਪਤਾ ਲੱਗਿਆ ਹੈ ਕਿ ਸੁਪਰੀਮ ਕੋਰਟ ਨੇ ਸ਼ਿਕਾਇਤਕਰਤਾ ਮੋਹਿਤ ਗੁਪਤਾ ਨੂੰ ਕਿਹਾ ਕਿ ਸੰਵਿਧਾਨ ਦੀ ਧਾਰਾ 32 ਦੇ ਤਹਿਤ ਉਨ੍ਹਾਂ ਦੀ ਮੰਗ ਪੂਰੀ ਨਹੀ ਕੀਤੀ ਜਾ ਸਕਦੀ ਹੈ । ਸ਼ਿਕਾਇਤਕਰਤਾ ਨੇ ਡੇਰਾ ਮੁਖੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਨ੍ਹਾਂ ਦੀ ਸ਼ਨਾਖ਼ਤ ਕਰਨ ਦੀ ਮੰਗ ਕੀਤੀ ਸੀ। ਪਟੀਸ਼ਨਕਰਤਾ ਨੇ ਦਾਅਵਾ ਕੀਤਾ ਸੀ ਕਿ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨਕਲੀ ਹੈ।
ਇੱਥੇ ਦੱਸਣਾ ਬਣਦਾ ਹੈ ਕਿ ਡੇਰਾ ਪ੍ਰੇਮੀਆਂ ਦਾ ਇੱਕ ਗਰੁੱਪ ਹੈ ਜੋ ਫੇਥ ਵਰਸਿਜ਼ ਵਰਡਿਕਟ ਨਾਮ ਦੇ ਫੇਸਬੁੱਕ ਪੇਜ ਤੇ ਡੇਰਾ ਪ੍ਰਬੰਧਕਾਂ ਖ਼ਿਲਾਫ਼ ਸਮੇਂ ਸਮੇਂ ਤੇ ਆਪਣੇ ਵਿਚਾਰ ਰੱਖਦਾ ਰਹਿੰਦਾ ਹੈ। ਮੋਹਿਤ ਗੁਪਤਾ ਵੀ ਇਸ ਫੇਸਬੁੱਕ ਪੇਜ਼ ਨਾਲ ਜੁੜਿਆ ਹੋਇਆ ਹੈ ।
ਡੇਰਾ ਸੱਚਾ ਸੌਦਾ ਸਿਰਸਾ ਦੇ ਬੁਲਾਰੇ ਐਡਵੋਕੇਟ ਜਤਿੰਦਰ ਖੁਰਾਣਾ ਦਾ ਕਹਿਣਾ ਸੀ ਕਿ ਦੇਸ਼ ਦੀ ਵੱਡੀ ਅਦਾਲਤ ਨੇ ਸ਼ਿਕਾਇਤਕਰਤਾ ਨੂੰ ਝਾੜ ਪਾਈ ਹੈ ਕਿ ਉਹ ਉਨ੍ਹਾਂ ਦਾ ਵਕਤ ਖਰਾਬ ਨਾ ਕਰੇ। ਉਨ੍ਹਾਂ ਕਿਹਾ ਕਿ ਅਦਾਲਤ ਨੇ ਅਗਲੀ ਵਾਰ ਜੁਰਮਾਨਾ ਲਾਉਣ ਦੀ ਚਿਤਾਵਨੀ ਵੀ ਦਿੱਤੀ ਹੈ । ਉਨ੍ਹਾਂ ਦੱਸਿਆ ਕਿ ਮਾਣਯੋਗ ਅਦਾਲਤ ਨੇ ਇਸ ਪਟੀਸ਼ਨ ਪ੍ਰਤੀ ਸਖ਼ਤ ਨਰਾਜ਼ਗੀ ਜਤਾਈ ਹੈ ।
ਹਾਈਕੋਰਟ ਵੀ ਖ਼ਾਰਜ ਕਰ ਚੁੱਕੀ ਪਟੀਸ਼ਨ
ਇਸ ਤੋ ਪਹਿਲਾਂ ਜੁਲਾਈ 2022 ਵਿੱਚ ਵੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੀ ਅਜਿਹੀ ਹੀ ਪਟੀਸ਼ਨ ਖਾਰਜ ਕਰ ਚੁੱਕੀ ਹੈ ਜੋਕਿ ਮੋਹਿਤ ਗੁਪਤਾ ਨੇ ਦਾਖਲ ਕੀਤੀ ਸੀ ।ਹਾਈਕੋਰਟ ਨੇ ਇਸ ਪਟੀਸ਼ਨ ਦੀ ਸੁਣਵਾਈ ਮੌਕੇ ਝਾੜ ਪਾਉਦਿਆਂ ਕਿਹਾ ਸੀ ਕਿ ਇਹ ਕੋਈ ਫਿਲਮ ਨਹੀ ਚੱਲ ਰਹੀ ਹੈ । ਦੱਸਣਯੋਗ ਹੈ ਕਿ ਉਦੋਂ ਡੇਰਾ ਸਿਰਸਾ ਮੁਖੀ ਪੈਰੋਲ ਤੇ ਜੇਲ੍ਹ ਤੋਂ ਬਾਹਰ ਆਏ ਸਨ ਜਿਸ ਦੌਰਾਨ ਇਹ ਪਟੀਸ਼ਨ ਦਾਇਰ ਕੀਤੀ ਗਈ ਸੀ ।
ਤਿੰਨ ਵਾਰ ਪੈਰੋਲ ਤੇ ਆਏ ਰਾਮ ਰਹੀਮ
ਡੇਰਾ ਸੱਚਾ ਸੌਦਾ ਦੇ ਮੁਖੀ ਸੰਤ ਗੁਰਮੀਤ ਰਾਮ ਰਹੀਮ ਸਿੰਘ ਚਾਰ ਵਾਰ ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਬਾਹਰ ਆ ਚੁੱਕੇ ਹਨ । ਇਸ ਵਿੱਚ ਤਿੰਨ ਵਾਰ ਦੀ ਪੈਰੋਲ ਅਤੇ ਇਕ ਵਾਰ ਦੀ ਫਰਲੋ ਸ਼ਾਮਲ ਹੈ। ਸਾਲ 2023 ਵਿੱਚ 21 ਜਨਵਰੀ ਨੂੰ ਰੋਹਤਕ ਦੀ ਸੁਨਾਰੀਆਂ ਜੇਲ੍ਹ ਤੋ ਬਾਹਰ ਆਏ ਜਿਸ ਦੌਰਾਨ ਉਹ ਯੂ.ਪੀ. ਦੇ ਬਰਨਾਵਾ ਆਸ਼ਰਮ ਵਿੱਚ ਰਹੇ । ਡੇਰਾ ਮੁਖੀ 3 ਮਾਰਚ ਨੂੰ ਜੇਲ੍ਹ ਵਾਪਿਸ ਚਲੇ ਗਏ ।ਇਸ ਤੋ ਪਹਿਲਾਂ ਉਸਨੇ ਸਾਲ 2022 ਦੌਰਾਨ ਵੀ 90 ਦਿਨ ਦੀ ਪੈਰੋਲ ਬਾਹਰ ਰਹਿ ਕਿ ਕੱਟੀ ਸੀ। ਡੇਰਾ ਪ੍ਰਮੁੱਖ ਨੂੰ ਸਾਲ 2017 ਵਿੱਚ ਹੋਈ ਦੋ ਵੱਖ ਵੱਖ ਕੇਸਾਂ ਚ 20 ਸਾਲ ਦੀ ਸਜ਼ਾ ਸੁਨਾਈ ਗਈ ਸੀ ਜੋ ਓਹ ਸੁਨਾਰੀਆ ਜੇਲ੍ਹ ਵਿੱਚ ਕੱਟ ਰਿਹਾ ਹੈ।