ਖੇਡ ਮੈਦਾਨਾਂ, ਟਰੈਕ, ਜਿਮ, ਝੂਲਿਆਂ,ਫੁਹਾਰਾ ਸਿੰਜਾਈ ਸਿਸਟਮ ਜਿਹੀਆਂ ਸਹੂਲਤਾਂ ਨਾਲ ਹੋਣਗੇ ਲੈਸ
ਪਿੰਡ ਭੈਣੀ ਮਹਿਰਾਜ ’ਚ ਕੰਮ ਸ਼ੁਰੂ; ਬਾਕੀ ਪਿੰਡਾਂ ’ਚ ਛੇਤੀ: ਡੀ.ਸੀ.
ਰਘਵੀਰ ਹੈਪੀ , ਬਰਨਾਲਾ, 6 ਮਾਰਚ 2023
ਜ਼ਿਲ੍ਹਾ ਬਰਨਾਲਾ ਦੀ ਜਵਾਨੀ ਨੂੰ ਖੇਡਾਂ ਨਾਲ ਜੋੜਨ ਲਈ ਖੇਡ ਮੰਤਰੀ ਪੰਜਾਬ ਸ. ਗੁਰਮੀਤ ਸਿੰਘ ਮੀਤ ਹੇਅਰ ਦੀ ਸੋਚ ਸਦਕਾ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵੱਲੋਂ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ, ਜਿਸ ਤਹਿਤ ਪਹਿਲੇ ਪੜਾਅ ਵਿੱਚ ਜ਼ਿਲ੍ਹੇ ’ਚ 30 ਖੇਡ ਪਾਰਕ ਬਣਾਏ ਜਾ ਰਹੇ ਹਨ।
ਇਸ ਪ੍ਰਾਜੈਕਟ ਬਾਰੇ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀਮਤੀ ਪੂਨਮਦੀਪ ਕੌਰ ਆਈਏਐੱਸ ਨੇ ਦੱਸਿਆ ਕਿ ਜ਼ਿਲ੍ਹੇ ਨੂੰ ਖੇਡ ਸਹੂਲਤਾਂ ਨਾਲ ਲੈਸ ਕਰਨ ਵਾਸਤੇ ਕਰੀਬ 10 ਕਰੋੜ ਦੀ ਲਾਗਤ ਵਾਲਾ ‘ਖੇਡ ਪਾਰਕ’ ਬਣਾਉਣ ਦਾ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਤਹਿਤ ਪਹਿਲੇ ਪੜਾਅ ਵਿੱਚ ਜ਼ਿਲ੍ਹੇ ਦੇ 30 ਪਿੰਡਾਂ ਵਿੱਚ ਖੇਡ ਪਾਰਕ ਬਣਾਏ ਜਾ ਰਹੇ ਹਨ, ਜਿਸ ਤਹਿਤ ਉਥੋਂ ਦੇ ਖੇਡ ਮੈਦਾਨਾਂ ’ਚ ਟਰੈਕ, ਘਾਹ, ਫਲੱਡ ਲਾਈਟਾਂ, ਓਪਨ ਜਿਮ, ਝੂਲੇ, ਫੁਹਾਰਾ ਸਿੰਜਾਈ ਸਿਸਟਮ, ਵਾਲੀਬਾਲ ਮੈਦਾਨ, ਚਾਰਦੀਵਾਰੀ ਜਾਂ ਹੋਰ ਲੋੜੀਂਦੇ ਕੰਮ ਕਰਵਾਏ ਜਾਣਗੇ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਬਰਨਾਲਾ ਸ੍ਰੀ ਪਰਮਵੀਰ ਸਿੰਘ ਨੇ ਦੱਸਿਆ ਕਿ ਪਹਿਲੇ ਪੜਾਅ ਦੇ 30 ਖੇਡ ਪਾਰਕਾਂ ਲਈ ਕਰੀਬ 10 ਕਰੋੜ ਰੁਪਏ ਖਰਚੇ ਜਾ ਰਹੇ ਹਨ। ਇਹ ਫੰਡ ਖੇਡ ਮੰਤਰੀ ਸ. ਗੁਰਮੀਤ ਸਿੰਘ ਮੀਤ ਹੇਅਰ ਦੇ ਅਖਤਿਆਰੀ ਫੰਡ ’ਚੋਂ, 15ਵੇਂ ਵਿੱਤ ਕਮਿਸ਼ਨਰ ’ਚੋਂ ਤੇ ਮਗਨਰੇਗਾ ’ਚੋਂ ਖਰਚੇ ਜਾਣੇ ਹਨ। ਉਨ੍ਹਾਂ ਦੱਸਿਆ ਕਿ ਪਿੰਡ ਭੈਣੀ ਮਹਿਰਾਜ ’ਚ ਮੁਰੰਮਤ ਦਾ ਕੰਮ ਸ਼ੁਰੂ ਹੋ ਗਿਆ ਹੈ ਤੇ ਬਾਕੀ ਪਿੰਡਾਂ ’ਚ ਛੇਤੀ ਸ਼ੁਰੂ ਹੋ ਜਾਵੇਗਾ।
ਖੇਡ ਸੱਭਿਆਚਾਰ ਨੂੰ ਨਵਾਂ ਮੁਕਾਮ ਦੇਣਗੇ ਖੇਡ ਪਾਰਕ: ਮੀਤ ਹੇਅਰ
ਖੇਡ ਮੰਤਰੀ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਉਨ੍ਹਾਂ ਦੀ ਸੋਚ ਹੈ ਕਿ ਜ਼ਿਲ੍ਹਾ ਬਰਨਾਲਾ ਨੂੰ ਖੇਡਾਂ ਦੇ ਖੇਤਰ ’ਚ ਨੰਬਰ ਇੱਕ ਜ਼ਿਲ੍ਹਾ ਬਣਾਇਆ ਜਾਵੇ। ਇਸ ਤਹਿਤ ਜ਼ਿਲ੍ਹੇ ’ਚ ਵੱਧ ਤੋਂ ਵੱਧ ਖੇਡ ਸਹੂਲਤਾਂ ਦੇਣ ਲਈ ਸਪੋਰਟਸ ਪਾਰਕਾਂ ਦਾ ਪ੍ਰਾਜੈਕਟ ਲਿਆਂਦਾ ਜਾ ਰਿਹਾ ਹੈ, ਜਿਸ ’ਤੇ ਕਰੀਬ 10 ਕਰੋੜ ਰੁਪਏ ਖਰਚੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਖੇਡ ਪਾਰਕਾਂ ਨੂੰ ਹਰ ਲੋੜੀਂਦੀ ਖੇਡ ਸਹੂਲਤ ਨਾਲ ਲੈਸ ਕੀਤਾ ਜਾਵੇਗਾ ਤਾਂ ਜੋ ਜਿੱਥੇ ਨੌਜਵਾਨਾਂ ਇੱਥੇ ਖੇਡ ਸਕਣ, ਉਥੇ ਬੱਚਿਆਂ, ਬਜ਼ੁਰਗਾਂ ਆਦਿ ਲਈ ਪਾਰਕ ਦੀਆਂ ਸਹੂਲਤਾਂ ਵੀ ਦਿੱਤੀਆਂ ਜਾ ਸਕਣ।