ਸਲਾਖ਼ਾਂ ਪਿੱਛੇ ਡੱਕਿਆ ਵੱਢੀਖੋਰ ਤਹਿਸੀਲਦਾਰ

Advertisement
Spread information
ਅਸ਼ੋਕ ਵਰਮਾ , ਬਠਿੰਡਾ ,3 ਮਾਰਚ 2023 
    ਬਠਿੰਡਾ ਦੀ ਇੱਕ ਅਦਾਲਤ ਨੇ ਵੱਢੀਖੋਰੀ ਦੇ ਕਰੀਬ ਅੱਠ ਸਾਲ ਪੁਰਾਣੇ ਮਾਮਲੇ ਦਾ ਨਿਬੇੜਾ ਕਰਦਿਆਂ ਤੱਤਕਾਲੀ ਨਾਇਬ ਤਹਿਸੀਲਦਾਰ ਨੂੰ ਪੰਜ ਸਾਲ ਕੈਦ ਅਤੇ ਇੱਕ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ, ਜੋ ਹੁਣ ਸੇਵਾ ਮੁਕਤ ਹੋ ਚੁੱਕਿਆ ਹੈ। ਇਹ ਫੈਸਲਾ ਅਡੀਸ਼ਨਲ ਸੈਸ਼ਨ ਜੱਜ ਦਿਨੇਸ਼ ਕੁਮਾਰ ਵਧਵਾ ਦੀ ਅਦਾਲਤ ਨੇ ਸੁਣਾਇਆ ਹੈ। ਦੋਸ਼ੀ ਸੁਭਾਸ਼ ਮਿੱਤਲ ਨੇ ਇੱਕ ਕਿਸਾਨ ਤੋਂ ਜ਼ਮੀਨ ਨਾਲ ਸਬੰਧਤ ਇੰਤਕਾਲ ਦਾ ਮਾਮਲਾ ਨਿਪਟਾਉਣ ਲਈ 40 ਹਜ਼ਾਰ ਰੁਪਏ ਦੀ ਮੰਗ ਕੀਤੀ ਸੀ। ਰਿਸ਼ਵਤ ਦੀ ਇਸ ਰਾਸ਼ੀ ਵਿੱਚੋਂ 10 ਹਜਾਰ ਰੁਪਏ ਸੁਭਾਸ਼ ਮਿੱਤਲ ਹਾਸਲ ਵੀ ਕਰ ਚੁੱਕਿਆ ਸੀ ਅਤੇ ਜਦੋਂ ਉਹ 30 ਹਜ਼ਾਰ ਰੁਪਏ ਹੋਰ ਲੈ ਰਿਹਾ ਸੀ ਤਾਂ ਵਿਜੀਲੈਂਸ ਅਧਿਕਾਰੀਆਂ ਨੇ ਉਸ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ।
    ਦੱਸਣਯੋਗ ਹੈ ਕਿ ਇਕਬਾਲ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਗਹਿਰੀ ਬੁੱਟਰ, ਥਾਣਾ ਸੰਗਤ, ਜ਼ਿਲ੍ਹਾ ਬਠਿੰਡਾ ਦੀ ਆਪਣੀ ਵਾਹੀਯੋਗ ਜਮੀਨ ਦੀ ਤਕਸੀਮ ਦੇ ਕੇਸ ਦੀ ਸੁਣਵਾਈ ਸ਼ੁਭਾਸ ਸਿੰਘ ਮਿੱਤਲ, ਨਾਇਬ ਤਹਿਸੀਲਦਾਰ, ਸੰਗਤ ਮੰਡੀ, ਜ਼ਿਲ੍ਹਾ ਬਠਿੰਡਾ ਵੱਲੋਂ ਕੀਤੀ ਜਾ ਰਹੀ ਸੀ।  ਵਿਜੀਲੈਂਸ ਬਠਿੰਡਾ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਕੇਸ ਨੂੰ ਮੁਦੱਈ ਇਕਬਾਲ ਸਿੰਘ  ਦੇ ਹੱਕ ਵਿੱਚ ਕਰਨ ਦੇ ਬਦਲੇ ਦੋਸ਼ੀ ਸ਼ੁਭਾਸ ਸਿੰਘ ਮਿੱਤਲ  ਨੇ ਮਿਤੀ 17 ਅਗਸਤ .2015 ਨੂੰ ਮੁੱਦਈ ਪਾਸੋਂ 40 ਹਜ਼ਾਰ  ਰੁਪਏ ਰਿਸ਼ਵਤ ਦੀ ਮੰਗ ਕਰਕੇ 10 ਹਜ਼ਾਰ  ਰੁਪਏ ਮੌਕੇ  ਤੇ  ਹੀ ਬਤੋਰ ਰਿਸ਼ਵਤ ਹਾਸਲ ਕਰ ਲਏ ਸਨ।
      ਕਿਸਾਨ  ਇਕਬਾਲ ਸਿੰਘ ਨੇ  ਵਿਜੀਲੈਂਸ ਬਿਊਰੋ ਰੇਂਜ਼ ਬਠਿੰਡਾ ਨਾਲ ਸਪੰਰਕ ਕੀਤਾ  ਅਤੇ ਵਿਜੀਲੈਂਸ ਬਿਊਰੋ ਬਠਿੰਡਾ ਵੱਲੋਂ ਕਾਰਵਾਈ ਕਰਦੇ ਹੋਏ ਮੁਕੱਦਮਾ ਨੰਬਰ 15 ਮਿਤੀ 20 ਅਗਸਤ .2015 ਅ/ਧ 7, 13(2) ਪੀ.ਸੀ.ਐਕਟ 1988 ਥਾਣਾ ਵਿਜੀਲੈਂਸ ਬਿਊਰੋ ਰੇਂਜ ਬਠਿੰਡਾ ਦਰਜ ਕਰਕੇ ਦੋਸ਼ੀ ਸ਼ੁਭਾਸ ਸਿੰਘ ਮਿੱਤਲ ਨਾਇਬ ਤਹਿਸੀਲਦਾਰ ਸੰਗਤ ਮੰਡੀ, ਜ਼ਿਲ੍ਹਾਂ ਬਠਿੰਡਾ ਨੂੰ ਬਾਕੀ ਰਹਿੰਦੀ ਰਿਸ਼ਵਤੀ ਰਕਮ 30 ਹਜ਼ਾਰ  ਰੁਪਏ ਹਾਸਲ ਕਰਦੇ ਹੋਏ ਨੂੰ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ ਸੀ। 
     ਹੁਣ  ਦਿਨੇਸ਼ ਕੁਮਾਰ ਵਧਵਾ, ਸਪੈਸ਼ਲ ਜੱਜ, ਬਠਿੰਡਾ ਦੀ ਅਦਾਲਤ ਨੇ  ਸ਼ੁਭਾਸ ਸਿੰਘ ਮਿੱਤਲ, ਤੱਤਕਾਲੀ ਨਾਇਬ ਤਹਿਸੀਲਦਾਰ, ਸੰਗਤ ਮੰਡੀ, ਜ਼ਿਲ੍ਹਾ ਬਠਿੰਡਾ ਪੁੱਤਰ ਧਰਮਪਾਲ ਸਿੰਘ ਵਾਸੀ ਪਾਵਰ ਹਾਊਸ ਰੋਡ, ਬਠਿੰਡਾ ਨੂੰ ਰਿਸ਼ਵਤਖੋਰੀ ਦੇ  ਕੇਸ ਵਿੱਚ ਦੋਸ਼ੀ ਕਰਾਰ ਦਿੰਦੇ ਹੋਏ ਪੰਜ ਸਾਲ ਦੀ ਕੈਦ ਅਤੇ 1 ਲੱਖ ਰੁਪਏ ਜੁਰਮਾਨੇ ਦੀ ਸ਼ਜਾ ਦਾ ਹੁਕਮ ਸੁਣਾਇਆ  ਹੈ।
ਸੁਭਾਸ਼ ਮਿੱਤਲ  ਨੂੰ ਹੋਈ ਸੀ ਉਮਰ ਕੈਦ 
ਸਾਬਕਾ ਤਹਿਸੀਲਦਾਰ ਸੁਭਾਸ਼ ਮਿੱਤਲ ਆਪਣੇ ਕਾਰਜਕਾਲ ਦੌਰਾਣ ਕਾਫੀ ਵਿਵਾਦਾਂ ਵਿੱਚ ਫਸਿਆ ਰਿਹਾ ਹੈ। ਅਜਿਹਾ ਹੀ ਇੱਕ ਅਹਿਮ ਮਾਮਲਾ ਮਾਨਸਾ ਜ਼ਿਲ੍ਹੇ ਦੇ ਪਿੰਡ ਬੀਰੋਕੇ ਖੁਰਦ ਦੇ ਗੋਲੀ ਕਾਂਡ ਵਿਚ ਸ਼ਹੀਦ ਹੋਏ ਕਿਸਾਨ ਆਗੂ ਪ੍ਰਿਥੀਪਾਲ ਸਿੰਘ ਚੱਕ ਅਲੀਸ਼ੇਰ ਨਾਲ ਸਬੰਧਤ ਹੈ । ਜਿਸ ਵਿਚ ਹਰਿਆਣਾ ਦੀ ਫਤਿਆਬਾਦ ਸੈਸ਼ਨ ਕੋਰਟ ਵਿਚ  22 ਨਵੰਬਰ 2018 ਨੂੰ  ਉਮਰ ਕੈਦ ਦੀ ਸਜ਼ਾ ਸੁਣਾਈ ਸੀ।  ਪੰਜਾਬ ਦੇ ਕਿਸੇ ਕਿਸਾਨੀ ਘੋਲ ਦੌਰਾਨ ਮਾਲ ਮਹਿਕਮੇ ਦੇ ਕਿਸੇ ਸਰਕਾਰੀ ਅਧਿਕਾਰੀ ਨੂੰ ਹੁਣ ਤੱਕ ਦੀ ਇਹ ਸਭ ਤੋਂ ਵੱਡੀ ਸਜ਼ਾ ਸੁਣਾਈ ਗਈ ਸੀ। ਇਸ ਮਾਮਲੇ ਦਾ ਅੱਗੇ ਕੀ ਬਣਿਆ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ । ਪਰ ਇਸ ਕੇਸ  ਵਿਚ ਕੁਝ ਧਨਾਢ ਲੋਕਾਂ ਦੇ ਸ਼ਾਮਲ ਹੋਣ ਕਾਰਨ ਕਿਸਾਨ ਧਿਰਾਂ ਵਿੱਚ ਇਸ ਮਾਮਲੇ ਦੀ ਚਰਚਾ ਲੰਬਾ ਸਮਾਂ ਹੁੰਦੀ ਰਹੀ ਸੀ ।
Advertisement
Advertisement
Advertisement
Advertisement
Advertisement
error: Content is protected !!