ਰਘਵੀਰ ਹੈਪੀ , ਬਰਨਾਲਾ, 2 ਮਾਰਚ 2023
ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ 16 ਫਰਵਰੀ ਤੋਂ 2 ਮਾਰਚ ਤੱਕ ਦੰਦਾਂ ਦਾ 35ਵਾਂ ਪੰਦਰਵਾੜਾ ਜ਼ਿਲ੍ਹਾ ਬਰਨਾਲਾ ’ਚ ਮਨਾਇਆ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀਮਤੀ ਪੂਨਮਦੀਪ ਕੌਰ ਵੱਲੋਂ ਮਰੀਜ਼ਾਂ ਨੂੰ ਦੰਦਾਂ ਦੇ ਸੈੱਟ ਵੰਡੇ ਗਏ। ਇਸ ਮੌਕੇ ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ ਅਤੇ ਸੀਨੀਅਰ ਮੈਡੀਕਲ ਅਫਸਰ ਧਨੌਲਾ ਡਾ. ਸਤਵੰਤ ਸਿੰਘ ਔਜਲਾ ਵੀ ਮੌਜੂਦ ਰਹੇ।
ਸਿਵਲ ਸਰਜਨ ਬਰਨਾਲਾ ਡਾ. ਔਲਖ ਨੇ ਦੱਸਿਆ ਕਿ ਡੈਂਟਲ ਮੈਡੀਕਲ ਅਫਸਰਾਂ ਦੀ ਟੀਮ ਡਾ. ਵੰਦਨਾ ਭਾਂਬਰੀ, ਡਾ. ਦਿਨੇਸ਼ ਜਿੰਦਲ, ਡਾ. ਗੁਰਪ੍ਰੀਤ ਕੌਰ ਤੇ ਡਾ. ਅੰਮ੍ਰਿਤਪਾਲ ਕੌਰ ਵੱਲੋਂ ਸਿਵਲ ਹਸਪਤਾਲ ਬਰਨਾਲਾ, ਕਮਿਉਨਿਟੀ ਹੈਲਥ ਸੈਂਟਰ ਧਨੌਲਾ ਤੇ ਮਹਿਲ ਕਲਾਂ ਵਿਖੇ ਮੁਫਤ ਜਾਂਚ ਅਤੇ ਇਲਾਜ ਕੀਤਾ ਗਿਆ। ਜ਼ਿਲ੍ਹਾ ਡੈਂਟਲ ਇੰਚਾਰਜ ਡਾ. ਵੰਦਨਾ ਭਾਂਬਰੀ ਨੇ ਦੱਸਿਆ ਕਿ ਸਿਵਲ ਹਸਪਤਾਲ ਬਰਨਾਲਾ ’ਚ 30 ਅਤੇ ਮਹਿਲ ਕਲਾਂ ਵਿਖੇ 10 ਦੰਦਾਂ ਦੇ ਸੈੱਟ ਮੁਫਤ ਲਗਾਏ ਗਏ ਹਨ। ਸੀਐੱਚਸੀ ਮਹਿਲ ਕਲਾਂ ਵਿਖੇ ਡਾ. ਅੰਮ੍ਰਿਤਪਾਲ ਕੌਰ ਵੱਲੋਂ ਮੁਫਤ ਜਾਂਚ ਤੇ ਇਲਾਜ ਕੀਤਾ ਗਿਆ।
ਜ਼ਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫਸਰ ਕੁਲਦੀਪ ਸਿੰਘ ਮਾਨ ਅਤੇ ਬਲਾਕ ਐਕਸਟੈਨਸ਼ਨ ਐਜੂਕੇਟਰ ਬਲਰਾਜ ਸਿੰਘ ਨੇ ਦੱਸਿਆ ਕਿ ਦੰਦਾਂ ਦੀਆਂ ਬਿਮਾਰੀਆਂ ਤੋਂ ਬਚਾਅ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਤੰਬਾਕੂ ਪਦਾਰਥ, ਟਾਫੀਆਂ ਅਤੇ ਚਾਕਲੇਟ ਆਦਿ ਦੀ ਵਰਤੋਂ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਖਾਣਾ ਖਾਣ ਤੋਂ ਬਾਅਦ ਬੁਰਸ਼ ਜ਼ਰੂਰ ਕਰਨਾ ਚਾਹੀਦਾ ਹੈ ਅਤੇ ਸਮੇਂ-ਸਮੇਂ ’ਤੇ ਦੰਦਾਂ ਦੇ ਮਾਹਿਰ ਡਾਕਟਰ ਤੋਂ ਜਾਂਚ ਕਰਾਉਂਦੇ ਰਹਿਣਾ ਚਾਹੀਦਾ ਹੈ।
ਇਸ ਮੌਕੇ ਡਾ. ਰਵਿੰਦਰ ਮਹਿਤਾ, ਜਗਰਾਜ ਸਿੰਘ, ਗੁਰਵਿੰਦਰ ਸਿੰਘ, ਗੁਰਦੀਪ ਸਿੰਘ ਸਿਹਤ ਵਿਭਾਗ ਦੇ ਕਰਮਚਾਰੀ ਹਾਜ਼ਰ ਸਨ।