ਹਰਿੰਦਰ ਨਿੱਕਾ , ਬਰਨਾਲਾ 2 ਮਾਰਚ 2023
ਲੋਕਾਂ ਨੂੰ ਰੁਪੱਈਏ ਦੁੱਗਣੇ ਕਰਨ ਦਾ ਝਾਂਸਾ ਦੇ ਕੇ ਠੱਗਣ ਵਾਲੇ ਇੱਕ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਬਰਨਾਲਾ ਪੁਲਿਸ ਅਤੇ ਕਾਊਂਟਰ ਇੰਟੈਲੀਜੈਂਸ ਦੀ ਟੀਮ ਨੇ ਸਾਂਝਾ ਆਪਰੇਸ਼ਨ ਕਰਕੇ ਫੜ੍ਹ ਲਿਆ ਹੈ। ਜਦੋਂਕਿ ਗਿਰੋਹ ਦੀ ਇੱਕ ਹੋਰ ਮੈਂਬਰ ਔਰਤ ਦੀ ਵੀ ਤਲਾਸ਼ ਜ਼ਾਰੀ ਹੈ। ਫੜ੍ਹੇ ਗਏ ਗਿਰੋਹ ‘ਚ ਦੋ ਪੁਰਸ਼ ਤੇ ਇੱਕ ਔਰਤ ਵੀ ਸ਼ਾਮਿਲ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਸਿਟੀ 1 ਬਰਨਾਲਾ ਦੇ ਐਸ.ਐਚ.ੳ. ਬਲਜੀਤ ਸਿੰਘ ਢਿੱਲੋਂ ਅਤੇ ਕਾਂਉਂਟਰ ਇੰਟੈਲੀਜੈਂਸ ਵਿੰਗ ਦੇ ਇੰਚਾਰਜ ਗੁਰਲਾਭ ਸਿੰਘ ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਚੰਨਣ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਬਣਾਵਾਲੀ ਸੋਤਰ (ਹਰਿਆਣਾ), ਨਰੇਸ ਕੁਮਾਰ ਪੁੱਤਰ ਹੰਸ ਰਾਜ ਵਾਸੀ ਸਰਦੂਲਗੜ, ਮਨਜੀਤ ਕੌਰ ਉਰਫ ਮੀਤੇ ਪਤਨੀ ਕੁਲਵੰਤ ਸਿੰਘ ਵਾਸੀ ਲੋਹਗੜ , ਥਾਣਾ ਸਰਦੂਲਗੜ ਅਤੇ ਕਰਮਜੀਤ ਕੌਰ ਉਰਫ ਜੀਤਾਂ ਪਤਨੀ ਭੋਲਾ ਸਿੰਘ ਵਾਸੀ ਉਗੋਕੇ ਨਾਲ ਮਿਲਕੇ ਇੱਕ ਗਰੋਹ ਬਣਾਇਆ ਹੋਇਆ ਹੈ। ਇਹ ਗਿਰੋਹ ਦੇ ਮੈਂਬਰ ਭੋਲੇ-ਭਾਲੇ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾਕੇ ਉਹਨਾਂ ਨੂੰ ਪੈਸੇ ਦੁੱਗਣੇ ਕਰਨ ਦਾ ਲਾਲਚ ਦੇ ਕਰ ਠੱਗੀਆ ਮਾਰਦੇ ਹਨ। ਗਿਰੋਹ ਦੇ ਮੈਂਬਰ ਆਪਣੀ ਗੱਡੀ ਨੰਬਰ HR 59 C 0949 ਮਾਰਕਾ ਅਗਜੈਲੋ ਰੰਗ ਚਿੱਟਾ ਪਰ ਸਵਾਰ ਹੋ ਕੇ ਚੰਨਣ ਸਿੰਘ, ਨਰੇਸ ਕੁਮਾਰ, ਮਨਜੀਤ ਕੌਰ ਉਰਫ ਮੀਤੇ, ਅਤੇ ਕਰਮਜੀਤ ਕੌਰ ਉਰਫ ਜੀਤਾਂ ਆਪਸ ਵਿੱਚ ਸਾਜ ਬਾਜ ਹੋ ਕੇ ਲੋਕਾ ਨੂੰ ਪੈਸੇ ਦੁੱਗਣੇ ਕਰਨ ਦਾ ਲਾਲਚ ਦੇ ਕੇ ਦਾਣਾ ਮੰਡੀ ਬਰਨਾਲਾ ਵਿਖੇ ਪਹੁੰਚੇ ਹੋਏ ਹਨ। ਪੁਲਿਸ ਨੇ ਇਤਲਾਹ ਪੱਕੀ ਤੇ ਭਰੋਸੇਯੋਗ ਹੋਣ ਤੇ ਚੰਨਣ ਸਿੰਘ, ਨਰੇਸ ਕੁਮਾਰ, ਮਨਜੀਤ ਕੌਰ ਉਰਫ ਮੀਤੋ, ਅਤੇ ਕਰਮਜੀਤ ਕੌਰ ਉਰਫ ਜੀਤਾ ਖਿਲਾਫ ਲੋਕਾ ਨੂੰ ਆਪਣੇ ਜਾਲ ਵਿੱਚ ਫਸਾਕੇ ਪੈਸੇ ਦੁੱਗਣੇ ਕਰਨ ਦਾ ਲਾਲਚ ਦੇ ਕੇ ਠੱਗੀ ਮਾਰਨ ਦੇ ਜੁਰਮ 420, 120 B ਤਹਿਤ ਥਾਣਾ ਸਿਟੀ 1 ਬਰਨਾਲਾ ਵਿਖੇ ਕੇਸ ਦਰਜ਼ ਕੀਤਾ। ਪੁਲਿਸ ਪਾਰਟੀ ਨੇ ਸਾਂਝਾ ਐਕਸ਼ਨ ਕਰਦਿਆਂ ਨਾਮਜ਼ਦ ਦੋਸ਼ੀਆਂ ਵਿੱਚੋਂ ਚੰਨਣ ਸਿੰਘ , ਨਰੇਸ਼ ਕੁਮਾਰ ਤੇ ਮਨਜੀਤ ਕੌਰ ਮੀਤੇ ਨੂੰ ਗਿਰਫਤਾਰ ਕਰ ਲਿਆ । ਜਦੋਂਕਿ ਪੁਲਿਸ ਪਾਰਟੀ ਨੇ ਕਰਮਜੀਤ ਕੌਰ ਜੀਤਾਂ ਦੀ ਤਲਾਸ਼ ਵਿੱਢ ਦਿੱਤੀ ਹੈ।