ਦੁਖਦੀ ਰਗ ਤੇ ਧਰਿਆ ਰਾਜੇ ਨੇ ਹੱਥ- ਦੱਸਿਆ ਕਿਵੇਂ ਤੇ ਕਿਉਂ ਹੋਈ ਕਾਂਗਰਸ ਦੀ ਹਾਰ
ਬਿਨਾਂ ਨਾ ਲੈ ਲਿਆਂ , ਵੜਿੰਗ ਨੇ ਲਾਇਆ ਨਵਜੋਤ ਸਿੱਧੂ ਤੇ ਮਨਪ੍ਰੀਤ ਬਾਦਲ ਤੇ ਨਿਸ਼ਾਨਾ!
ਕਾਂਗਰਸ ਦੇ ਜਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ ਦੀ ਤਾਜ਼ਪੋਸ਼ੀ ਮੌਕੇ ਉਮੜਿਆ ਜਨ ਸੈਲਾਬ
ਸਾਬਕਾ ਐਮ.ਪੀ. ਗੁਰਚਰਨ ਸਿੰਘ ਨਿਹਾਲਸਿੰਘ ਵਾਲਾ ਦੇ ਪੋਤੇ ਧਰਮਪਾਲ ਤੇ ਟਿਕੀਆਂ ਨਜ਼ਰਾਂ!
ਹਰਿੰਦਰ ਨਿੱਕਾ , ਬਰਨਾਲਾ 20 ਦਸੰਬਰ 2022
ਜੇ ਭਾਜਪਾ ਜਾਂ ਕੋਈ ਹੋਰ ਰਾਜਨੀਤਕ ਪਾਰਟੀ ਕਿਸੇ ਸਿੱਖ ਨੂੰ ਰਾਸ਼ਟਰਪਤੀ ਜਾਂ ਦੇਸ਼ ਦਾ ਗ੍ਰਹਿਮੰਤਰੀ ਬਣਾ ਦੇਵੇ ਤਾਂ ਮੈਂ ਉਨ੍ਹਾਂ ਦੀ ਲੱਤ ਥੱਲਿਉਂ ਲੰਘ ਜਾਉਂ ਤੇ ਸਦਾ ਲਈ ਰਾਜਨੀਤੀ ਤੋਂ ਸੰਨਿਆਸ ਲੈ ਲਵਾਂਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਪ੍ਰਦੇਬ ਕਾਂਗਰਸ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਕਾਂਗਰਸ ਦੇ ਨਵ ਨਿਯੁਕਤ ਜਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ ਦੀ ਤਾਜ਼ਪੋਸ਼ੀ ਮੌਕੇ ਬਰਨਾਲਾ ਦੇ ਕਪਿਲ ਪੈਲਸ ‘ਚ ਰੱਖੇ ਠਾਠਾਂ ਮਾਰਦੇ ਇਕੱਠ ਨੂੰ ਸੰਬੋਧਿਤ ਹੁੰਦਿਆਂ ਕੀਤਾ। ਰਾਜਾ ਵੜਿੰਗ ਨੇ ਕਿਹਾ ਕਿ ਲੰਘੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ, ਪੰਜਾਬ ਅੰਦਰ ਕਿਸੇ ਥਾਂ ਤੇ ਇੱਨ੍ਹਾਂ ਵੱਡਾ ਇਕੱਠ ਮੈਂਨੂੰ ਪਹਿਲੀ ਵਾਰ ਵੇਖਣ ਨੂੰ ਮਿਲਿਆ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਸਹਿਜੇ ਹੀ ਅੰਦਾਜਾ ਲਾਇਆ ਜਾ ਸਕਦਾ ਹੈ, ਕਿ ਬਦਲਾਅ ਦੇ ਵਹਿਣ ‘ਚ ਬਹਿ ਚੁੱਕੇ ਬਰਨਾਲਾ ਜਿਲ੍ਹੇ ਦੇ ਲੋਕਾਂ ਨੂੰ ਹੁਣ ਆਮ ਆਦਮੀ ਪਾਰਟੀ ਦੀ ਹਕੀਕਤ ਸਾਹਮਣੇ ਆ ਗਈ ਹੈ। ਉਨ੍ਹਾਂ ਆਮ ਆਦਮੀ ਪਾਰਟੀ ਜਾਂ ਭਗਵੰਤ ਮਾਨ ਦੀ ਸਰਕਾਰ ਤੋਂ ਜਿਆਦਾ ਨਿਸ਼ਾਨੇ ਆਪਣੀ ਕਾਂਗਰਸ ਪਾਰਟੀ ਨੂੰ ਛੱਡ ਕੇ ਭਾਜਪਾ ਵਿੱਚ ਸ਼ਾਮਿਲ ਹੋਏ,ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਹੋਰ ਆਗੂਆਂ ਤੇ ਲਾਏ। ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਪਾਰਟੀ ‘ਚ ਪਿਛਲੇ ਕਰੀਬ ਵੀਹ ਸਾਲਾਂ ਤੋਂ ਕਮਰਸ਼ੀਅਲ ਤੇ ਕੰਪਰੋਮਾਈਜ਼ਡ ਕਿਸਮ ਦੇ ਲੀਡਰਾਂ ਦੀ ਘੁਸਪੈਂਠ ਹੋ ਰਹੀ ਸੀ। ਸੌਦੇਬਾਜ ਅਤੇ ਵੱਡੇ ਕਾਰੋਬਾਰੀ ਲੀਡਰ ਆਪਣੇ ਹਿੱਤਾਂ ਦੀ ਪੂਰਤੀ ਲਈ, ਕਾਂਗਰਸ ਵਿੱਚ ਵੜ੍ਹ ਗਏ ਸਨ। ਜਿੰਨ੍ਹਾਂ ਨੇ ਕਾਂਗਰਸ ਪਾਰਟੀ ਦੇ ਬੂਥ/ ਬਲਾਕ ਅਤੇ ਜਿਲ੍ਹਾ ਪੱਧਰੀ ਵਰਕਰਾਂ ਅਤੇ ਆਗੂਆਂ ਨੂੰ ਖੁੱਡੇ ਲਾਈਨ ਲਾ ਦਿੱਤਾ ਸੀ। ਜੋ ਲੰਘੀਆਂ ਚੋਣਾਂ ਵਿੱਚ ਹੋਇਆ, ਇਹ ਤਾਂ ਹੋਣਾ ਹੀ ਸੀ। ਕਾਂਗਰਸ ਨੂੰ ਬਰਬਾਦ ਕਰਨ ਵਾਲੇ ਆਗੂ ਹੁਣ ਭਾਜਪਾ ਵਿੱਚ ਸ਼ਾਮਿਲ ਹੋ ਗਏ, ਜਿੰਨ੍ਹਾਂ ਨਾਲ ਕੋਈ ਪਾਰਟੀ ਦਾ ਟਕਸਾਲੀ ਆਗੂ ਜਾਂ ਵਰਕਰ ਤਾਂ ਨਹੀਂ ਗਿਆ, ਉਨ੍ਹਾਂ ਦੇ ਸੱਜੇ ਖੱਬੇ ਰਹਿਣ ਵਾਲੇ ਕਾਰੋਬਾਰੀ ਆਗੂ ਹੀ, ਆਪਣੇ ਆਪ ਨੂੰ ਕਿਸੇ ਸੰਭਾਵੀ ਕਾਰਵਾਈ ਤੋਂ ਬਚਾਅ ਲਈ, ਭਾਜਪਾ ਵਿੱਚ ਸ਼ਾਮਿਲ ਹੋਏ ਹਨ।
ਝਾੜੂ ਵਾਲੇ ਨਹੀਂ ਜਿੱਤੇ, ਲੋਕਾਂ ਨੇ ਸਾਨੂੰ ਮਾਂਜ਼ਿਆ,,,
ਰਾਜਾ ਵੜਿੰਗ ਨੇ ਕਿਹਾ ਕਿ ਲੰਘੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੇ ਲੋਕਾਂ ਨੇ ਝਾੜੂ ਵਾਲਿਆਂ ਨੂੰ ਨਹੀਂ ਜਤਾਇਆ, ਸਗੋਂ ਸਾਨੂੰ (ਕਾਂਗਰਸੀਆਂ ਨੂੰ) ਧਰ ਕੇ ਮਾਜ਼ਿਆ ਹੈ। ਇਸ ਹਨ੍ਹੇਰੀ ਵਿੱਚ ਰੋਪੜ ਤੋਂ ਲੈ ਕੇ, ਫਰੀਦਕੋਟ ਜਿਲ੍ਹੇ ਤੱਕ ਹੂੰਝਾ ਫੇਰ ਦਿੱਤਾ, ਮੈਂ ਗਿਦੜਬਾਹਾ ‘ਚ ਮਸਾਂ ਹੀ ਹਨ੍ਹੇਰੀ ਵਿੱਚ ਖੜ੍ਹਾ ਰਹਿ ਗਿਆ। ਰਾਜਾ ਵੜਿੰਗ ਨੇ ਕਿਹਾ ਮਾਰੋ ਤਾੜੀ,, ਇਹ ਕਹਿੰਦਿਆਂ ਉਨ੍ਹਾਂ ਨਵਜੋਤ ਸਿੰਘ ਸਿੱਧੂ ਦਾ ਬਿਨ੍ਹਾਂ ਨਾਂ ਲਏ ਕਿਹਾ ਮੈਂ ਠੋਕੋ ਤਾੜੀ ਨਹੀਂ ਕਿਹਾ, ਉਹ ਤਾਂ ਹੁਣ, ਇਹ ਕਹਿ ਕੇ , ਚੁੱਪ ਹੋ ਗਏ। ਵੜਿੰਗ ਨੇ ਮਨਪ੍ਰੀਤ ਬਾਦਲ ਦਾ ਨਾਂ ਲਏ ਬਿਨਾਂ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਮੈਂਨੂੰ ਹਰਾਉਣ ਵਾਲੇ ਆਪ ਹੀ ਹਾਰ ਗਏ,ਇੱਕ ਦੂਜੇ ਦੀਆਂ ਲੱਤਾਂ ਖਿੱਚਣ ਵਾਲੇ, ਹੁਣ ਆਪੋ ਵਿੱਚ ਇੱਕੱਠੇ ਹੋਣ ਨੂੰ ਫਿਰਦੇ ਹਨ। ਉਨ੍ਹਾਂ ਬੜੇ ਮਾਣ ਨਾਲ ਕਿਹਾ ਕਿ ਮੈਂ ਮਨਪ੍ਰੀਤ ਸਿੰਘ ਬਾਦਲ ਨੂੰ ਵੱਡੇ ਫਰਕ ਨਾਲ ਪਹਿਲੀ ਵਾਰ ਹਰਾ ਕੇ, ਤਿੰਨ ਦਹਾਕਿਆਂ ਬਾਅਦ ਗਿੱਦੜਬਾਹਾ ਹਲਕੇ ਵਿੱਚ ਕਾਂਗਰਸ ਦਾ ਝੰਡਾ ਗੱਡਿਆ। ਉਨ੍ਹਾਂ ਕਿਹਾ ਜੇਹੜੇ, ਮੈਨੂੰ ਰੈਲੀਆਂ ਤੇ ਧਰਨਿਆਂ ਵਿੱਚ ਮੈਨੂੰ ਸਟੇਜ਼ ਤੇ ਵੀ ਨਹੀਂ ਸੀ ਚੜ੍ਹਨ ਦਿੰਦੇ, ਉਹ ਹੁਣ ਕਿੱਥੇ ਨੇ, ਗਿੱਦੜਬਾਹੇ ਵਿੱਚ ਕੱਲਾ ਮੈਂ ਹੀ ਰਹਿ ਗਿਆ।
ਕਾਂਗਰਸ ਪਾਰਟੀ ਦੀਆਂ ਸਿਫਤਾਂ ਦੇ ਪੁਲ ਬੰਨ੍ਹੇ,,
ਰਾਜਾ ਵੜਿੰਗ ਨੇ ਕਾਂਗਰਸ ਪਾਰਟੀ ਨੂੰ ਇੱਕ ਵਿਚਾਰਧਾਰਾ ਕਹਿੰਦਿਆਂ ਸਿਫਤਾਂ ਤੇ ਪੁਲ ਬੰਨ੍ਹੇ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਗਿਆਨੀ ਜੈਲ ਸਿੰਘ ਨੂੰ ਦੇਸ਼ ਦਾ ਰਾਸ਼ਟਰਪਤੀ ਅਤੇ ਬੂਟਾ ਸਿੰਘ ਨੂੰ ਗ੍ਰਹਿ ਮੰਤਰੀ ਬਣਾਇਆ। ਹੁਣ ਕੋਈ ਪਾਰਟੀ ਅਜਿਹਾ ਕਰ ਕੇ ਦਿਖਾਵੇ, ਮੈਂ ਲੱਤ ਹੇਠਾਂ ਲੰਘ ਜਾਉਂ। ਉਨਾਂ ਕਿਹਾ ਕਿ ਮੈਂਨੂੰ ਦਰੀਆਂ ਝਾੜਨ ਤੋਂ ਉਪਰ ਚੁੱਕ ਕੇ, ਤਿੰਨ ਵਾਰ ਵਿਧਾਇਕ ਬਣਾਇਆ, ਕਾਂਗਰਸ ਦੇ ਯੂਥ ਵਿੰਗ ਦਾ ਕੌਮੀ ਪ੍ਰਧਾਨ ਬਣਾਇਆ, ਹੁਣ ਸੂਬੇ ਦਾ ਪ੍ਰਧਾਨ, ਹੋਰ ਪਾਰਟੀਆਂ ਤਾਂ ਐਂਵੇ ਆਮ ਆਦਮੀ ਦੀ ਗੱਲ ਹੀ ਕਰਦੀਆਂ ਹਨ।
ਭਾਰਤ ਜ਼ੋੜੋ ਯਾਤਰਾ ਲਈ ਦਿੱਤਾ ਸੱਦਾ ਤੇ ਕਾਲਾ ਢਿੱਲੋਂ ਦੀ ਪਿੱਠ ਧਾਪੜੀ
ਰਾਜਾ ਵੜਿੰਗ ਨੇ ਕਿਹਾ ਕਿ ਜਨਵਰੀ ਦੇ ਪਹਿਲੇ ਹਫਤੇ ਰਾਹੁਲ ਗਾਂਧੀ ਵੱਲੋਂ ਸ਼ੁਰੂ ਕੀਤੀ ਭਾਰਤ ਜੋੜੋ ਯਾਤਰਾ ਸ਼ੰਭੂ ਵਾਲੇ ਪਾਸਿਉਂ ਪੰਜਾਬ ਵਿੱਚ ਆ ਰਹੀ ਹੈ। ਇਸ ਵਿੱਚ ਸਾਨੂੰ ਵੱਧ ਚੜ੍ਹ ਕੇ ਸ਼ਾਮਿਲ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਯਾਤਰਾ ਤੋਂ ਬਾਅਦ , ਇੱਕ ਵਾਰ ਨਵੀਆਂ ਨਿਯੁਕਤੀਆਂ ਦੀ ਸਮੀਖਿਆ ਕੀਤੀ ਜਾਵੇਗੀ। ਜਿਸ ਦਾ ਕੰਮ ਚੰਗਾ ਨਾ ਹੋਇਆ, ਉਹ ਨੂੰ ਅਹੁਦੇ ਤੋਂ ਲਾਹ ਦਿੱਤਾ ਜਾਵੇਗਾ। ਵੜਿੰਗ ਨੇ ਅੱਜ ਹਜ਼ਾਰਾਂ ਦਾ ਭਾਰੀ ਇਕੱਠ ਕਰਨ ਲਈ ਕਾਲਾ ਢਿੱਲੋਂ ਦੀ ਪਿੱਠ ਥਾਪੜੀ, ਉਨ੍ਹਾਂ ਕਿਹਾ ਕਿ ਇਸ ਤੋਂ ਸਾਫ ਹੋ ਗਿਆ, ਬਈ ਨਿਯੁਕਤੀਆਂ ਸਹੀ ਹੋਈਆਂ ਹਨ।
ਇਸ ਮੌਕੇ ਮੈਂਬਰ ਪਾਰਲੀਮੈਂਟ ਜਨਾਬ ਮੁਹੰਮਦ ਸਦੀਕ, ਹਲਕਾ ਬਰਨਾਲਾ ਦੇ ਇੰਚਾਰਜ ਮਨੀਸ਼ ਬਾਂਸਲ, ਸਾਬਕਾ ਵਿਧਾਇਕ ਰਾਜ ਸਿੰਘ ਖੇੜੀ , ਸਾਬਕਾ ਜਿਲ੍ਹਾ ਪ੍ਰਧਾਨ ਜਗਜੀਤ ਸਿੰਘ ਧੌਲਾ, ਪਰਮਜੀਤ ਸਿੰਘ ਮਾਨ,ਕੁਲਵੰਤ ਸਿੰਘ ਟਿੱਬਾ,ਐਡਵੋਕੇਟ ਜਸਵੀਰ ਸਿੰਘ ਖੇੜੀ ,, ਸੂਰਤ ਸਿੰਘ ਬਾਜਵਾ ਤੇ ਹੋਰ ਆਗੂਆਂ ਨੇ ਵੀ ਸੰਬੋਧਿਤ ਕੀਤਾ। ਇਸ ਮੌਕੇ ਪ੍ਰਸਿੱਧ ਵਕੀਲ ਤੇ ਬਜੁਰਗ ਕਾਂਗਰਸੀ ਆਗੂ ਐਡਵੋਕੇਟ ਸ਼ਿਵਦਰਸ਼ਨ ਸ਼ਰਮਾ , ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਮੱਖਣ ਸ਼ਰਮਾ, ਨਗਰ ਕੌਂਸਲ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ, ਗੁਰਕੀਮਤ ਸਿੰਘ ਸਿੱਧੂ, ਗੁਰਮੇਲ ਸਿੰਘ ਮੌੜ, ਬੀਬੀ ਸੁਰਿੰਦਰ ਕੌਰ ਬਾਲੀਆ, ਬਲਾਕ ਪ੍ਰਧਾਨ ਮਹੇਸ਼ ਲੋਟਾ, ਨਿਰਮਲ ਸਿੰਘ ਛੀਨੀਵਾਲ,ਕੈਪਟਨ ਭੁਪਿੰਦਰ ਸਿੰਘ ਝਲੂਰ , ਨਗਰ ਪੰਚਾਇਤ ਹੰਡਿਆਇਆ ਦੇ ਸਾਬਕਾ ਪ੍ਰਧਾਨ ਰਣਧੀਰ ਕੌਸਲ , ਸੀਨੀਅਰ ਕਾਂਗਰਸੀ ਆਗੂ ਪੰਡਿਤ ਰਮੇਸ਼ ਭੁਟਾਰਾ, ਬਲਦੇਵ ਸਿੰਘ ਭੁੱਚਰ, ਕੌਂਸਲਰ ਅਜੇ ਕੁਮਾਰ, ਜਗਜੀਤ ਸਿੰਘ ਜੱਗੂ ਮੋਰ, ਸਾਬਕਾ ਐਮ.ਸੀ. ਜਸਵਿੰਦਰ ਸਿੰਘ ਟਿੱਲੂ , ਬਲਵਿੰਦਰ ਸਿੰਘ ਦੁੱਗਾ, ਕੁਲਦੀਪ ਸਿੰਘ ਤਾਜ਼ਪੁਰੀਆ ਆਦਿ ਆਗੂ ਮੌਜੂਦ ਰਹੇ।