ਹਰਿੰਦਰ ਨਿੱਕਾ , ਬਰਨਾਲਾ 17 ਦਸੰਬਰ 2022
ਸ਼ਹਿਰ ਅੰਦਰ ਚੋਰੀ-ਚਕਾਰੀ ਤੇ ਝਪਟਮਾਰੀ ਦੀਆਂ ਘਟਨਾਵਾਂ ਤਾਂ ਅਕਸਰ ਹੀ ਹੁੰਦੀਆਂ ਰਹਿੰਦੀਆਂ ਹਨ, ਪਰੰਤੂ ਕੱਚਾ ਕਾਲਜ ਰੋਡ ਦੇ ਦਿਨ ਦੀਵੀਂ ਵੱਖਰੀ ਹੀ ਢੰਗ ਨਾਲ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ, ਚਾਰ ਲੁਟੇਰੇ ਔਹ ਗਏ, ਔਹ ਗਏ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਬਜੁਰਗ ਔਰਤ ਰਾਜ ਰਾਣੀ ਪਤਨੀ ਸੁਰਿੰਦਰ ਕਮਾਰ, ਵਾਸੀ ਹਾਤਾ ਨਰਾਇਣ ਸਿੰਘ ਬਰਨਾਲਾ , ਦੁਪਿਹਰ ਕਰੀਬ 12 ਵਜੇ, ਵਿਜੇ ਫਰਨੀਚਰ ਹਾਊਸ ਦੇ ਨੇੜੇ ਭੀਮ ਦੀ ਚੱਕੀ ਤੋਂ ਆਪਣੇ ਘਰ ਵਾਪਿਸ ਜਾ ਰਹੀ ਸੀ। ਉਦੋਂ ਹੀ ਦੋ ਮੋਟਰ ਸਾਇਕਲਾਂ ਤੇ ਸਵਾਰ ਨੌਜਵਾਨ ਪਹਿਲਾਂ ਹੀ ਘਾਤ ਲਾਈ ਖੜ੍ਹੇ ਸਨ। ਜਦੋਂ ਰਾਜ ਰਾਣੀ, ਗਲੀ ਵੱਲ ਜਾਣ ਲੱਗੀ ਤਾਂ ਅੱਗੋਂ ਇੱਕ ਟੋਪੀ ਵਾਲੇ ਨੌਜਵਾਨ ਨੇ ਉਸ ਦੇ ਪਹਿਲਾਂ ਪੈਰੀਂ ਹੱਥ ਲਾਏ। ਫਿਰ ਉਸ ਨੇ ਤੇ ਉਸ ਦੇ ਹੋਰ ਬੈਗ ਵਾਲੇ ਸਾਥੀ ਨੇ ਰਾਜ ਰਾਣੀ ਨੂੰ ਕਿਹਾ ਕਿ ਥੋਨੂੰ ਪਤਾ ਨਹੀਂ, ਪੁਲਿਸ ਨੇ ਸੋਨੇ ਤੇ ਗਹਿਣੇ ਪਾ ਕੇ ਚਲਣ ਤੇ ਰੋਕ ਲਾ ਰੱਖੀ ਹੈ। ਉਨ੍ਹਾਂ ਨੌਜਵਾਨਾਂ ਨੇ ਰਾਜ ਰਾਣੀ ਨੂੰ ਭਰੋਸੇ ਵਿੱਚ ਲੈ ਕੇ ਕਿਹਾ ਕਿ ਲਉ ਤੁਸੀਂ, ਆਪਣੇ ਹੱਥ ਪਾਈਆਂ ਸੋਨੇ ਦੀਆਂ ਚੂੜੀਆਂ ਤੇ ਮੁੰਦਰੀ ਲਾਹ ਕੇ, ਝੋਲੇ ਵਿੱਚ ਪਾ ਕੇ ਲੈ ਜਾਉ, ਰਾਜ ਰਾਣੀ ਦੀਆਂ ਚੂੜੀਆਂ ਤੇ ਇੱਕ ਮੁੰਦਰੀ ਹਾਲ ਕੇ ਨੌਸਰਬਾਜ ਨੌਜਵਾਨਾਂ ਨੇ, ਸੋਨੇ ਦੀਆਂ ਤਿੰਨੋਂ ਚੀਜਾਂ ਉਸ ਨੂੰ ਲਾਹ ਕੇ , ਕੱਪੜੇ ਵਿੱਚ ਲਪੇਟ ਕੇ ਫੜ੍ਹਾ ਦਿੱਤੀਆਂ ਤੇ ਅੱਗੇ ਜਾ ਕੇ, ਜਦੋਂ ਔਰਤ ਨੇ ਕੱਪੜੇ ਵਿੱਚ ਲਪੇਟ ਕੇ ਦਿੱਤੇ ਗਹਿਣੇ ਵੇਖੇ ਤਾਂ ਪਤਾ ਲੱਗਿਆ ਕਿ ਨੌਸਰਬਾਜ ਨੌਜਵਾਨ, ਅਸਲੀ ਗਹਿਣੇ ਲੈ ਗਏ ਤੇ ਨਕਲੀ, ਹੀ ਲਪੇਟ ਕੇ, ਉਸ ਨੂੰ ਫੜ੍ਹਾ ਗਏ। ਜਦੋਂ ਤੱਕ, ਉਸ ਨੇ ਲੁੱਟ ਲਈ ਲੁੱਟ ਦਾ ਰੌਲਾ ਪਾਇਆ, ਉਦੋਂ ਤੱਕ ਚਾਰੋ ਲੁਟੇਰੇ, ਉੱਥੋਂ ਫੁਰਰ ਹੋ ਗਏ। ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਥਾਣਾ ਸਿਟੀ 1 ਬਰਨਾਲਾ ਦੇ ਐਸਐਚੳ ਬਲਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਸ਼ਕਾਇਤ ਦੇ ਅਧਾਰ ਪਰ, ਅਣਪਛਾਤੇ ਲੁਟੇਰਿਆਂ ਖਿਲਾਫ ਖੋਹ ਦਾ ਕੇਸ ਦਰਜ਼ ਕਰਕੇ ਅਤੇ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲਨੀ ਸ਼ੁਰੂ ਕਰ ਦਿੱਤੀ। ਜਲਦ ਹੀ , ਦੋਸ਼ੀਆਂ ਦੀ ਪਹਿਚਾਣ ਕਰਕੇ,ਉਨਾਂ ਨੂੰ ਗਿਰਫਤਾਰ ਕਰ ਲਿਆ ਜਾਵੇਗਾ। ਐਸ.ਐਚ.ੳ. ਢਿੱਲੋਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਅਜਿਹੇ ਨੌਸਰਬਾਜਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ।
ਸ਼ਹਿਰ ‘ਚ ਵਾਰਦਾਤਾਂ ਦੀ ਭਰਮਾਰ, ਪਰ ਚੁੱਪ ਹੈ ਸਰਕਾਰ
ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਤੇ ਸੀਨੀਅਰ ਕਾਂਗਰਸੀ ਆਗੂ ਮੱਖਣ ਸ਼ਰਮਾ ਨੇ ਘਟਨਾ ਦੀ ਕਰੜੇ ਸ਼ਬਦਾਂ ਵਿੱਚ ਨਿੰਦਿਆ ਕਰਦਿਆਂ ਕਿਹਾ ਕਿ ਸ਼ਹਿਰ ਅੰਦਰ ਚੋਰੀ, ਖੋਹ ਅਤੇ ਲੜਾਈ ਝਗੜਿਆਂ ਦੀ ਵਾਰਦਾਤਾਂ ਸ਼ਰੇਆਮ ਹੋ ਰਹੀਆਂ ਹਨ। ਪੁਲਿਸ ਪ੍ਰਸ਼ਾਸ਼ਨ ਅਤੇ ਸੂਬਾ ਸਰਕਾਰ, ਹੱਥ ਤੇ ਹੱਥ ਧਰਕੇ, ਤਮਾਸ਼ਾ ਵੇਖ ਰਹੀ ਹੈ। ਉਨਾਂ ਕਿਹਾ ਕਿ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੂੰ ਪ੍ਰਸ਼ਾਸ਼ਨ ਨੂੰ ਚੁਸਤ ਦਰੁਸਤ ਕਰਨਾ ਚਾਹੀਂਦਾ ਹੈ। ਜ਼ੇਕਰ, ਪ੍ਰਸ਼ਾਸ਼ਨ ਨੇ ਅਜਿਹੇ ਲੋਕਾਂ ਨੂੰ ਨੱਥ ਨਾ ਪਾਈ ਤਾਂ ਕਾਂਗਰਸ ਪਾਰਟੀ, ਲੋਕਾਂ ਨੂੰ ਨਾਲ ਲੈ ਕੇ, ਜ਼ੋਰਦਾਰ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਵੇਗੀ।