ਸੈਸ਼ਨ ਜੱਜ ਤਰਸੇਮ ਮੰਗਲਾ, ਵਿਧਾਇਕ ਦੇਵ ਮਾਨ, ਡੀ.ਸੀ. ਜੋਰਵਾਲ ਤੇ ਸਾਕਸ਼ੀ ਸਾਹਨੀ ਸਮੇਤ ਪਟਿਆਲਵੀਆਂ ਨੇ ਮਾਣਿਆ ਮੇਲੇ ਦਾ ਆਨੰਦ
ਰਿਚਾ ਨਾਗਪਾਲ , ਪਟਿਆਲਾ, 17 ਦਸੰਬਰ 2022
ਪਟਿਆਲਾ ਹੈਰੀਟੇਜ ਫੈਸਟੀਵਲ ਦੇ ਅਮਰੂਦ ਮੇਲੇ ਅਤੇ ਗੁਲਦਾਉਦੀ ਸ਼ੋਅ ਦੇ ਦੂਜੇ ਦਿਨ ਵੀ ਬਾਰਾਂਦਰੀ ਬਾਗ ਵਿਖੇ ਦੇਰ ਸ਼ਾਮ ਤੱਕ ਪੂਰੀਆਂ ਰੌਣਕਾਂ ਲੱਗੀਆਂ ਰਹੀਆਂ। ਇਸ ਦੌਰਾਨ ਜਿੱਥੇ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਤਰਸੇਮ ਮੰਗਲਾ ਤੇ ਸੋਨਿਕਾ ਮੰਗਲਾ, ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ, ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਵਾਲ, ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ, ਸੀ.ਜੇ.ਐਮ. ਪਟਿਆਲਾ ਮੋਨਿਕਾ ਸ਼ਰਮਾ ਅਤੇ ਅਮਿਤ ਮਲ੍ਹਣ ਨੇ ਸ਼ਿਰਕਤ ਕੀਤੀ ਉਥੇ ਹੀ ਵੱਡੀ ਗਿਣਤੀ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀ ਅਤੇ ਅਧਿਆਪਕਾਂ ਤੋਂ ਇਲਾਵਾ ਪਟਿਆਲਵੀ ਅਤੇ ਹੋਰਨਾਂ ਥਾਵਾਂ ਤੋਂ ਲੋਕਾਂ ਨੇ ਵੀ ਇਸ ਮੇਲੇ ਦਾ ਆਨੰਦ ਮਾਣਿਆ।
ਇਸ ਮੌਕੇ ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਤਰਸੇਮ ਮੰਗਲਾ ਤੇ ਹੋਰ ਜੁਡੀਸ਼ੀਅਲ ਅਧਿਕਾਰੀਆਂ ਨੇ ਵੱਖ-ਵੱਖ ਸਟਾਲਾਂ ਦਾ ਦੌਰਾ ਕਰਕੇ ਜਾਇਜ਼ਾ ਲਿਆ ਅਤੇ ਅਮਰੂਦ ਦੀਆਂ ਵੱਖ-ਵੱਖ ਕਿਸਮਾਂ ਸਮੇਤ ਸਵੈ ਸਹਾਇਤਾ ਸਮੂਹਾਂ ਅਤੇ ਆਰਗੈਨਿਕ ਤਰੀਕੇ ਨਾਲ ਤਿਆਰ ਸ਼ਹਿਦ, ਗੁੜ, ਸ਼ੱਕਰ ਤੇ ਹੋਰ ਖਾਣ-ਪੀਣ ਦੀਆਂ ਵਸਤਾਂ ਦੀ ਜਾਣਕਾਰੀ ਹਾਸਲ ਕੀਤੀ। ਸ੍ਰੀ ਮੰਗਲਾ ਨੇ ਇਸ ਮੇਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਇਹ ਇੱਕ ਚੰਗਾ ਉਪਰਾਲਾ ਹੈ, ਜਿਸ ਨਾਲ ਜਿੱਥੇ ਦਸਤਕਾਰੀ ਤੇ ਹੋਰ ਵਸਤਾਂ ਨੂੰ ਵੇਚਣ ਲਈ ਇੱਕ ਮੰਚ ਮਿਲਦਾ ਹੈ, ਉਥੇ ਹੀ ਆਮ ਲੋਕਾਂ ਨੂੰ ਵੀ ਖਰੀਦੋ-ਫ਼ਰੋਖ਼ਤ ਕਰਨ ਲਈ ਚੰਗੀਆਂ ਵਸਤਾਂ ਇੱਕੋਂ ਥਾਂ ‘ਤੇ ਉਪਲਬੱਧ ਹੋ ਜਾਂਦੀਆਂ ਹਨ।
ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਵੱਲੋਂ ਬਾਗਬਾਨਾਂ ਨੂੰ ਉਤਸ਼ਾਹਤ ਕਰਕੇ ਖੇਤੀਬਾੜੀ ਦੇ ਨਾਲ-ਨਾਲ ਸਹਾਇਕ ਧੰਦਿਆਂ ਨੂੰ ਵੀ ਪ੍ਰਫੁੱਲਤ ਕੀਤਾ ਜਾ ਰਿਹਾ ਹੈ ਤਾਂ ਕਿ ਸਾਡੇ ਕਿਸਾਨ ਖੇਤੀ ਵਿਭਿੰਨਤਾ ਅਪਣਾ ਕੇ ਆਪਣੀ ਆਮਦਨ ‘ਚ ਵਾਧਾ ਕਰ ਸਕਣ। ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਵਾਲ ਨੇ ਟੀਮ ਪਟਿਆਲਾ ਦੇ ਇਸ ਉਦਮ ਦੀ ਪ੍ਰਸ਼ੰਸਾ ਕੀਤੀ।
ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਪਟਿਆਲਾ ਨੂੰ ਟੂਰਿਜ਼ਮ ਦੇ ਕੇਂਦਰ ਵਜੋਂ ਉਭਾਰਨ ਲਈ ਕਰਵਾਏ ਜਾ ਰਹੇ ਪਟਿਆਲਾ ਹੈਰੀਟੇਜ ਫੈਸਟੀਵਲ ਦੇ ਜਨਵਰੀ ਅਤੇ ਫਰਵਰੀ ਮਹੀਨੇ ਹੋਣ ਵਾਲੇ ਅਗਲੇ ਪ੍ਰੋਗਰਾਮਾਂ ਦਾ ਆਨੰਦ ਮਾਣਨ ਲਈ ਲੋਕਾਂ ਨੂੰ ਇਸ ਫੈਸਟੀਵਲ ਦਾ ਲਾਜਮੀ ਹਿੱਸਾ ਬਣਨ ਦਾ ਸੱਦਾ ਦਿੱਤਾ।
ਇਸ ਮੇਲੇ ‘ਚ ਖਾਣ-ਪੀਣ ਦੀਆਂ ਵਸਤਾਂ ਦੀਆਂ ਸਟਾਲਾਂ ਤੋਂ ਇਲਾਵਾ ਗੁਲਦਾਉਦੀ ਦੀਆਂ ਵੱਖ-ਵੱਖ ਕਿਸਮਾਂ ਦੇ ਫੁੱਲ, ਗਹਿਣੇ, ਕਟ ਫਲਾਰ ਸਮੇਤ ਖੇਤੀ ਤੇ ਬਾਗਬਾਨੀ ਉਤਪਾਦਾਂ ਦੀਆਂ ਸਟਾਲਾਂ ਅਤੇ ਬੱਚਿਆਂ ਲਈ ਤਿਆਰ ਵਿਸ਼ੇਸ਼ ਕੋਨਾ ਖਿੱਚ ਦਾ ਕੇਂਦਰ ਬਣਿਆ। ਇੱਥੇ ਅਬੋਹਰ ਤੋਂ ਆਏ ਗੀਤ ਸੇਤੀਆ ਤੇ ਅਰਵਿੰਦ ਸੇਤੀਆ ਨੇ ਕਿਹਾ ਕਿ ਉਹ ਆਚਾਰ ਦੀ ਪੁਰਾਤਨ ਰੈਸਪੀ ਲੈਕੇ ਇੱਥੇ ਪੁੱਜੇ ਸਨ, ਜਿਸ ਨੂੰ ਲੋਕਾਂ ਨੇ ਭਰਵਾਂ ਹੁੰਗਾਰਾ ਦਿੱਤਾ ਹੈ। ਬਿਰੜਵਾਲ ਦੇ ਬਾਗਬਾਨ ਕਮਲਦੀਪ ਸਿੰਘ, ਜੋ ਕਿ ਥਾਈ ਅਮਰੂਦ ਉਤਪਾਦਕ ਹੈ, ਵੱਲੋਂ ਪੇਸ਼ ਕੀਤੇ ਜਾ ਗਿਆ ਵੱਡ ਆਕਾਰੀ ਅਮਰੂਦ ਦਰਸ਼ਕਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਰਿਹਾ।
ਇਸ ਤੋਂ ਬਿਨਾਂ ਅਮੋਲਕ ਸ਼ਹਿਦ, ਬਿਰੜਵਾਲ ਦੇ ਗੰਡਾ ਸੀਡ ਫਾਰਮ ਤੋਂ ਪ੍ਰਦੀਪ ਸਿੰਘ ਬਿਰੜਵਾਲ, ਹਰਦੀਪ ਸਿੰਘ ਘੱਗਾ ਦੀਆਂ ਸਬਜੀਆਂ ਤੇ ਖਾਸ ਕਰਕੇ ਰੰਗ-ਬਰੰਗੀਆਂ ਸ਼ਿਮਲਾ ਮਿਰਚਾਂ, ਸ਼ੇਰਗਿੱਲ ਐਗਰੀਕਲਚਰ ਫਾਰਮ ਦੇ ਗੁਰਪ੍ਰੀਤ ਸਿੰਘ ਸ਼ੇਰਗਿੱਲ ਤੇ ਜ਼ਸਨਪ੍ਰੀਤ ਸਿੰਘ ਸ਼ੇਰਗਿੱਲ ਵੱਲੋਂ ਪੇਸ਼ ਕੀਤੇ ਗਏ ਗੁਲਾਬ ਦੇ ਫੁੱਲਾਂ ਦੇ ਉਤਪਾਦਾਂ ਤੋਂ ਇਲਾਵਾ ਵਰਮੀ ਕੰਪੋਸਟ ਆਦਿ ਵੀ ਖਿੱਚ ਦਾ ਕੇਂਦਰ ਬਣੇ। ਗੰਡਾ ਸੀਡ ਫਾਰਮ ਬਿਰੜਵਾਲ ਤੋਂ ਸਿਕੰਦਰ ਸਿੰਘ ਨੇ ਖੁੰਭਾਂ, ਖੀਰਾ ਅਤੇ ਪਿਆਜ ਤੇ ਗੋਭੀ ਦੀ ਪਨੀਰੀ ਲਿਆ ਕੇ ਇਸ ਨੂੰ ਉਗਾਉਣ ਬਾਰੇ ਵੀ ਜਾਣਕਾਰੀ ਦਿੱਤੀ।
ਜਦੋਂਕਿ ਪ੍ਰਗਟ ਸਿੰਘ ਮੀਮਸਾ ਤੇ ਨਵਰੀਤ ਕੌਰ ਵੱਲੋਂ ਅਲਸੀ ਦੀਆਂ ਪਿੰਨੀਆਂ ਸਮੇਤ ਹੱਥੀਂ ਤਿਆਰ ਕੀਤੀਆਂ ਖਾਣ-ਪੀਣ ਦੀਆਂ ਸ਼ੁੱਧ ਵਸਤਾਂ ਨੇ ਵਿਸ਼ੇਸ਼ ਤੌਰ ‘ਤੇ ਦਰਸ਼ਕ ਕੀਲੇ, ਇਸੇ ਤਰ੍ਹਾਂ ਹੀ ਸਵੈ ਸਹਾਇਤਾ ਸਮੂਹ ਪਟਿਆਲਾ ਕਿੰਗ ਦੇ ਬਲਵਿੰਦਰ ਸਿੰਘ ਨੇ ਦੱਸਿਆ ਕਿ ਲੋਕ ਬਹੁਤ ਖ਼ੁਸ਼ ਹੋਕੇ ਉਨ੍ਹਾਂ ਦੇ ਅਮਰੂਦ ਤੋਂ ਬਣਾਏ ਪਦਾਰਥ ਖਰੀਦ ਕੇ ਲੈਕੇ ਗਏ ਹਨ। ਵੱਖ-ਵੱਖ ਮੋਟੇ ਅਨਾਜ਼ ਮਿਲੇਟਸ ਤੋਂ ਵੱਖ-ਵੱਖ ਖਾਧ ਪਦਾਰਥ ਤਿਆਰ ਕਰਨ ਵਾਲੇ ਰੋਜ਼ੀ ਫੂਡਜ ਦੇ ਡਾ. ਰੋਜ਼ੀ ਸਿੰਗਲਾ ਨੇ ਕਿਹਾ ਕਿ ਸਾਨੂੰ ਤੰਦਰੁਸਤ ਜੀਵਨ ਲਈ ਮਿਲੇਟਸ ਖਾਣੇ ਚਾਹੀਦੇ ਹਨ।
ਇਸ ਦੌਰਾਨ ਸਹਾਇਕ ਕਮਿਸ਼ਨਰ (ਸਿਖਲਾਈ ਅਧੀਨ) ਡਾ. ਅਕਸ਼ਿਤਾ ਗੁਪਤਾ, ਡੀ.ਡੀ.ਐਫ. ਪ੍ਰਿਆ ਸਿੰਘ, ਡਿਪਟੀ ਡਾਇਰੈਕਟਰ ਡਾ. ਨਰਿੰਦਰਬੀਰ ਸਿੰਘ ਮਾਨ, ਬਾਗਬਾਨੀ ਵਿਕਾਸ ਅਫ਼ਸਰ ਕੁਲਵਿੰਦਰ ਸਿੰਘ, ਦਿਲਪ੍ਰੀਤ ਸਿੰਘ, ਗਗਨ ਕੁਮਾਰ ਤੇ ਸਿਮਰਨਜੀਤ ਕੌਰ, ਰਾਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਹਰਨਾਮ ਸਿੰਘ ਰੇਖੀ, ਤਹਿਸੀਲਦਾਰ ਰਾਮ ਕ੍ਰਿਸ਼ਨ ਤੋਂ ਇਲਾਵਾ ਵੱਡੀ ਕਿਸਾਨਾਂ, ਬਾਗਬਾਨਾਂ, ਸਵੈ ਸਹਾਇਤਾ ਸਮੂਹਾਂ ਮੈਂਬਰ ਇਸਤਰੀਆਂ, ਗਿਣਤੀ ਸਕੂਲਾਂ ਕਾਲਜਾਂ ਦੇ ਵਿਦਿਆਰਥੀ ਅਤੇ ਪਟਿਆਲਵੀਆਂ ਨੇ ਸ਼ਮੂਲੀਅਤ ਕੀਤੀ।