ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਅਫ਼ਸੋਸ ਦਾ ਪ੍ਰਗਟਾਵਾ
ਦਵਿੰਦਰ ਡੀ.ਕੇ. ਲੁਧਿਆਣਾਃ 11ਦਸੰਬਰ 2022
ਮੌੜ ਮੰਡੀ(ਬਠਿੰਡਾ) ਦੇ ਜੰਮਪਲ ਤੇ ਕਿਰਤੀ ਕਿਸਾਨ ਨਾਵਲਕਾਰ ਸੁਖਦੇਵ ਸਿੰਘ ਮਾਨ ਦਾ ਅੱਜ ਤੜਕਸਾਰ ਦੇਹਾਂਤ ਹੋ ਗਿਆ ਹੈ। ਉਹ ਸਿਰਫ਼ 62 ਸਾਲਾਂ ਦੇ ਸਨ। ਸਃ ਮਾਨ ਪਿਛਲੇ ਕੁਝ ਸਮੇਂ ਤੋਂ ਸਿਹਤਯਾਬ ਨਹੀਂ ਸਨ। ਸਾਹਿੱਤਕ ਹਲਕਿਆਂ ਚ ਬਹੁਤ ਹੀ ਘੱਟ ਵਿਚਰਨ ਵਾਲੇ ਇਸ ਨਾਵਲਕਾਰ ਦੇ ਨਜ਼ਦੀਕੀ ਮਿੱਤਰ ਸਃ ਬੂਟਾ ਸਿੰਘ ਚੌਹਾਨ ਨੇ ਅੱਜ ਸਵੇਰੇ ਬਰਨਾਲਾ ਤੋਂ ਦੱਸਿਆ ਕਿ ਉਹ ਸਿਰਜਣਾ ਦੇ ਮਾਰਗ ਤੇ ਤੁਰਨ ਵਾਲੇ ਸਹਿਜ ਭਾਵੀ ਨਾਵਲਕਾਰ ਸਨ ਜਿੰਨ੍ਹਾਂ ਨੇ ਪੰਜ ਨਾਵਲ ਸਾਹਿਤ ਦੀ ਝੋਲੀ ਪਾਏ ਹਨ ਜਿਨ੍ਹਾਂ ਵਿਚੋਂ ਟਿਕੀ ਰਾਤ, ਵਹਿਸ਼ੀ ਰੁੱਤ ਦੇ ਪਰਿੰਦੇ ਅਤੇ ਜੰਡ ਜੰਡੋਰੇ ਮਹੱਤਵਪੂਰਨ ਹਨ। ਸਃ ਸੁਖਦੇਵ ਸਿੰਘ ਮਾਨ ਨੂੰ ਸੰਤ ਅਤਰ ਸਿੰਘ ਘੁੰਨਸ ਯਾਦਗਾਰੀ ਪੁਰਸਕਾਰ ਤੇ ਅਕਲੀਆ (ਬਠਿੰਡਾ)ਸਥਿਤ ਸਃ ਨਿਰੰਜਨ ਸਿੰਘ ਭੁੱਲਰ ਟਰਸਟ ਵੱਲੋਂ ਵੀ ਕੁਝ ਸਮਾਂ ਪਹਿਲਾਂ ਸਨਮਾਨਿਤ ਕੀਤਾ ਗਿਆ ਸੀ। ਸਃ ਬੂਟਾ ਸਿੰਘ ਚੌਹਾਨ ਨੇ ਕਿਹਾ ਹੈ ਕਿ ਪੰਜਾਬੀ ਸਾਹਿਤ ਵਿੱਚ ਇਹੋ ਜਹੇ ਕਰਮਯੋਗੀ ਵਿਰਲੇ ਹਨ ਜੋ ਧਰਤੀ ਹੇਠਲੇ ਬੌਲਦਾਂ ਵਾਂਗ ਧਰਤੀ ਦੇ ਦੁਖ ਸੁਖ ਨੂੰ ਆਪਣੇ ਸਾਹੀੰ ਸਮੇਟ ਕੇ ਕਲਮ ਰਾਹੀੰ ਪ੍ਰਗਟਾਉਂਦੇ ਹਨ।
ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਨਾਵਲਕਾਰ ਸਃ ਸੁਖਦੇਵ ਸਿੰਘ ਮਾਨ ਦੇ ਦੇਹਾਂਤ ਤੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਕਿਰਤ ਨੂੰ ਪਰਣਾਏ ਇਸ ਨਾਨਲਕਾਰ ਨੇ ਗੂੜ੍ਹ ਮਾਲਵੇ ਦੀ ਮਹਿਕ ਤੇ ਇਸ ਦੇ ਰੇਤਲੇ ਟਿਬਿਆਂ ਦੀ ਧਰਤੀ ਦੇ ਦਰਦ ਨੂੰ ਆਪਣੇ ਨਾਵਲਾਂ ਵਿੱਚ ਪਰੋ ਕੇ ਇਤਿਹਾਸਕ ਕਾਰਜ ਕੀਤਾ ਹੈ। ਉਸ ਦੇ ਨਾਵਲਾਂ ਵਿੱਚ ਮਾਲਵੇ ਦੀ ਹੂਕ ਸ਼ਾਮਿਲ ਹੋਣ ਨਾਲ ਉਹ ਸਃ ਜਸਵੰਤ ਸਿੰਘ ਕੰਵਲ, ਗਿਆਨੀ ਹਰੀ ਸਿੰਘ ਦਿਲਬਰ ਤੇ ਕੱਲਰ ਦੇ ਕੰਵਲ ਲਿਖਣ ਵਾਲੇ ਸਃ ਮਹਿੰਦਰ ਸਿੰਘ ਚਕਰ ਦੀ ਸੂਚੀ ਵਿੱਚ ਗਿਣਿਆ ਜਾਵੇਗਾ।