ਹਰਿੰਦਰ ਨਿੱਕਾ , ਬਰਨਾਲਾ 11 ਦਸੰਬਰ 2022
ਠੱਗਾਂ ਦੇ ਕਿਹੜੇ ਹਲ ਚੱਲਦੇ, ਠੱਗੀ ਮਾਰ ਕੇ , ਗੁਜ਼ਾਰਾ ਕਰਦੇ, ਇਹ ਕਹਾਵਤ ਮੌਜੂਦਾ ਦੌਰ ਦੌਰਾਨ ਅਕਸਰ ਹੀ ਦੇਖਣ ਨੂੰ ਮਿਲਦੀ ਹੈ, ਠੱਗੀਆਂ ਮਾਰਟ ਵਾਲੇ, ਹਰ ਦਿਨ ਠੱਗੀ ਮਾਰਨ ਦਾ ਨਵਾਂ ਢੰਗ ਲੱਭ ਹੀ ਲੈਂਦੇ ਹਨ। ਅਜਿਹਾ ਹੀ ਇੱਕ ਦਿਲਚਸਪ ਮਾਮਲਾ, ਥਾਣਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਛੀਨੀਵਾਲ ਕਲਾਂ ਉਦੋਂ ਸਾਹਮਣੇ ਆਇਆ , ਜਦੋਂ ਇੱਕ ਵਿਅਕਤੀ, ਘਰ ਸੋਲਰ ਸਿਸਟਮ ਲਾਉਣ ਦੀ ਬਜ਼ਾਏ ਲੱਖਾਂ ਰੁਪਏ ਦੀ ਠੱਗੀ ਹੀ ਲਾ ਗਿਆ। ਪੁਲਿਸ ਨੇ ਸ਼ਕਾਇਤ ਦੇ ਅਧਾਰ ਤੇ ਕੇਸ ਦਰਜ਼ ਕਰਕੇ, ਨਾਮਜ਼ਦ ਦੋਸ਼ੀ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੀ ਸ਼ਕਾਇਤ ਵਿੱਚ ਜਸਵੀਰ ਸਿੰਘ ਪੁੱਤਰ ਕਰਮ ਸਿੰਘ ਵਾਸੀ ਛੀਨੀਵਾਲ ਕਲਾ ਨੇ ਕਿਹਾ ਹੈ ਕਿ ਮੇਰੇ ਦੋਸਤ ਕਰਮਜੀਤ ਸਿੰਘ ਪੁੱਤਰ ਤਿਰਲੋਚਨ ਸਿੰਘ ਵਾਸੀ ਬੀਹਲਾ ਖੁਰਦ ਨੇ ਆਪਣੇ ਘਰ ਸੋਲਰ ਸਿਸਟਮ ਲਵਾਇਆ ਸੀ। ਉਸ ਨੇ ਮੁਦਈ ਨੂੰ ਦੱਸਿਆ ਕਿ ਇਸ ਨਾਲ ਬਿਜਲੀ ਦਾ ਬਿੱਲ ਨਾ ਮਾਤਰ ਹੀ ਆਉਦਾ ਹੈ। ਮੁਦਈ ਨੇ ਵੀ ਆਪਣੇ ਘਰ ਸੋਲਰ ਲਵਾਉਣਾ ਸੀ। ਮੁਦਈ ਨੇ ਕਰਮਜੀਤ ਸਿੰਘ ਦੇ ਕਹਿਣ ਮੁਤਾਬਕ ਉਸ ਦੇ ਮਿਸਤਰੀ ਤੇ ਨਾਮਜ਼ਦ ਦੋਸ਼ੀ ਨਵਦੀਪ ਸਿੰਘ ਨੂੰ ਸੋਲਰ ਲਵਾਉਣ ਲਈ ਕੁੱਲ 2,50,000 ਰੁਪਏ ਕਰਮਜੀਤ ਸਿੰਘ ਦੀ ਹਾਜਰੀ ਵਿੱਚ ਦਿੱਤੇ ਸੀ। ਪਰੰਤੂ ਨਵਦੀਪ ਸਿੰਘ ਨੇ ਨਾ ਪੈਸੇ ਵਾਪਸ ਕੀਤੇ ਤੇ ਨਾ ਹੀ ਉਸ ਦੇ ਘਰ ਸੋਲਰ ਸਿਸਟਮ ਲਾਇਆ। ਅਜਿਹਾ ਕਰਕੇ, ਦੋਸ਼ੀ ਨਵਦੀਪ ਸਿੰਘ ਨੇ ਸੋਲਰ ਸਿਸਟਮ ਲਗਾਉਣ ਦਾ ਝਾਂਸਾ ਦੇ ਕਰ ਢਾਈ ਲੱਖ ਰੁਪਏ ਦੀ ਠੱਗੀ ਮਾਰੀ ਹੈ। ਮਾਮਲੇ ਦੇ ਤਫਤੀਸ਼ ਅਧਿਕਾਰੀ ਏ.ਐਸ.ਆਈ. ਗੁਰਮੇਲ ਸਿੰਘ ਨੇ ਦੱਸਿਆ ਕਿ ਜਸਵੀਰ ਸਿੰਘ ਦੀ ਸ਼ਕਾਇਤ ਪਰ, ਦੋਸੀ ਨਵਦੀਪ ਸਿੰਘ ਦੇ ਖਿਲਾਫ ਧੋਖਾਧੜੀ ਦੇ ਜੁਰਮ ਵਿੱਚ ਕੇਸ ਦਰਜ਼ ਕਰਕੇ,ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਜਲਦ ਹੀ,ਉਸ ਨੂੰ ਕਾਬੂ ਕਰ ਲਿਆ ਜਾਵੇਗਾ।