ਮੁਕਾਮੀ ਪੁਲਿਸ ਨੇ ਵੱਟ ਲਈ ਚੁੱਪ ,ਵਾਈ.ਐਸ.ਸਕੂਲ ‘ਚ ਹੋਈ ਗੁੰਡਾਗਰਦੀ ਦਾ ਮਾਮਲਾ
ਹਰਿੰਦਰ ਨਿੱਕਾ, ਬਰਨਾਲਾ 6 ਦਸੰਬਰ 2022
ਲੋਕਾਂ ਦੀਆਂ ਸ਼ਕਾਇਤਾਂ ਸੁਣਨ ਲਈ ਬੇਸ਼ੱਕ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ, CM PORTAL ਸ਼ੁਰੂ ਕੀਤਾ ਹੋਇਆ ਹੈ। ਪਰੰਤੂ ਬਰਨਾਲਾ ਪੁਲਿਸ ਮੁੱਖ ਮੰਤਰੀ ਪੋਰਟਲ ਤੇ ਭੇਜੀ ਹੋਈ ਸ਼ਕਾਇਤ ਨੂੰ ਗੰਭੀਰਤਾ ਨਾਲ ਲੈਣਾ ਤਾਂ ਦੂਰ ਉਸ ਨੂੰ ਸ਼ਕਾਇਤ ਹੀ ਮੰਣਨ ਲਈ ਤਿਆਰ ਨਹੀਂ ਹੈ। ਉਲਟਾ ਮੁਕਾਮੀ ਪੁਲਿਸ ਇਸ ਗੱਲ ਤੋਂ ਖਫਾ ਹੋ ਕੇ, ਸ਼ਕਾਇਤਕਰਤਾ ਤੇ ਹੀ ਗੁੱਸਾ ਕੱਢੀ ਜਾਂਦੀ ਹੈ ਕਿ ਉਸ ਨੇ ਮੁਕਾਮੀ ਪੁਲਿਸ ਨੂੰ ਸ਼ਕਾਇਤ ਕਿਉਂ ਨਹੀਂ ਦਿੱਤੀ। ਜੀ ਹਾਂ, ਅਜਿਹਾ ਹੀ ਇੱਕ ਵਰਤਾਰਾ ਵਾਈ ਐਸ ਸਕੂਲ ਹੰਡਿਆਇਆ ਵਿੱਚ ਕੁੱਝ ਸਮਾਂ ਪਹਿਲਾਂ ਵਾਪਰੀ ਗੁੰਡਾਗਰਦੀ ਦੀ ਘਟਨਾ ਬਾਰੇ ਪੁਲਿਸ ਵੱਲੋਂ ਅਪਣਾਏ ਜਾ ਰਹੇ ਰਵੱਈਏ ਅਤੇ ਪੁਲਿਸ ਦੀ ਕਾਰਗੁਜਾਰੀ ਤੋਂ ਦੇਖਣ ਨੂੰ ਮਿਲ ਰਿਹਾ ਹੈ।
ਵਰਨਣਯੋਗ ਹੈ ਕਿ ਕਰੀਬ ਇੱਕ ਹਫਤਾ ਪਹਿਲਾਂ ਵਾਈ ਐਸ ਸਕੂਲ ਹੰਡਿਆਇਆ ਅੰਦਰ ਕੁੱਝ ਵਿਦਿਆਰਥੀਆਂ ਦੁਆਰਾ ਇੱਕ ਵਿਦਿਆਰਥੀ ਦੀ ਬੇਰਹਿਮੀ ਨਾਲ ਕੀਤੀ ਜਾ ਰਹੀ, ਕੁੱਟਮਾਰ ਸਬੰਧੀ ਇੱਕ ਵੀਡੀੳ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ। ਵੀਡੀੳ ਵਾਇਰਲ ਹੋਣ ਤੋਂ ਬਾਅਦ, ਕੁੱਟਮਾਰ ਦਾ ਸ਼ਿਕਾਰ ਬਣੇ ਸੁਸ਼ਾਂਤ ਕੁਮਾਰ ਦੇ ਪਿਤਾ ਰਾਕੇਸ਼ ਕੁਮਾਰ ਨੇ 1 ਦਸੰਬਰ 2022 ਨੂੰ ਇੱਕ ਲਿਖਤੀ ਸ਼ਕਾਇਤ , ਕੁੱਟਮਾਰ ਦੀ ਵੀਡੀੳ ਸਣੇ ਮੁੱਖ ਮੰਤਰੀ ਪੋਰਟਲ ਤੇ ਕੀਤੀ ਸੀ। ਰਾਕੇਸ਼ ਕੁਮਾਰ ਨੇ ਇੱਕ ਸ਼ਕਾਇਤ ਐਸ.ਐਚ.ੳ. ਥਾਣਾ ਸਦਰ ਬਰਨਾਲਾ ਨੂੰ ਵੀ ਦਿੱਤੀ ਸੀ। ਜਿਸ ਸਬੰਧੀ ਪੁਲਿਸ ਨੇ ਹਾਲੇ ਤੱਕ , ਦੋਸ਼ੀਆਂ ਖਿਲਾਫ ਕੋਈ ਕਾਨੂੰਨੀ ਕਾਰਵਾਈ ਕਰਨ ਤੋਂ ਟਾਲ ਵੱਟੀ ਹੋਈ ਹੈ। ਵਾਇਰਲ ਵੀਡੀੳ ਅਤੇ ਬਰਨਾਲਾ ਟੂਡੇ / ਟੂਡੇ ਨਿਊਜ਼ ਵੱਲੋਂ ਨਸ਼ਰ ਖਬਰ ਦੇ ਅਧਾਰ ਤੇ ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਦੇ ਵਾਈਸ ਚੇਅਰਮੈਨ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਵਾਈ ਐਸ ਸਕੂਲ ਹੰਡਿਆਇਆ ਦੀ ਪ੍ਰਿੰਸੀਪਲ ਨੂੰ 5 ਦਸੰਬਰ ਨੂੰ ਆਪਣੇ ਦਫਤਰ ਵਿਖੇ ਜੁਆਬ ਦੇਣ ਤੇ ਸਕੂਲ ਵੱਲੋਂ ਅਮਲ ਵਿੱਚ ਲਿਆਂਦੀ ਕਾਰਵਾਈ ਸੌਂਪਣ ਲਈ, ਤਲਬ ਵੀ ਕੀਤਾ ਗਿਆ ਸੀ। ਮੁੱਖ ਮੰਤਰੀ ਪੋਰਟਲ ਤੇ ਸ਼ਕਾਇਤ ਦਾ ਸਟੇਟਸ ਸ਼ੋਅ ਕਰ ਰਿਹਾ ਹੈ ਕਿ ਸ਼ਕਾਇਤ ਐਸ.ਐਸ.ਪੀ. ਬਰਨਾਲਾ ਨੂੰ ਭੇਜੀ ਗਈ ਹੈ, ਜੋ ਅੱਜ ਖਬਰ ਲਿਖੇ ਜਾਣ ਤੱਕ ਐਸ.ਐਸ.ਪੀ. ਵੱਲੋਂ ਰਿਸੀਵ ਹੀ ਨਹੀਂ ਕੀਤੀ ਗਈ। ਇਸ ਤਰਾਂ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ, ਕਿ ਜਦੋਂ 6 ਦਿਨਾਂ ਵਿੱਚ ਐਸ.ਐਸ.ਪੀ. ਨੇ ਸ਼ਕਾਇਤ ਰਿਸੀਵ ਹੀ ਨਹੀਂ ਕੀਤੀ ਤਾਂ ਫਿਰ ਉਚਿਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਉਣ ਲਈ ਕਿੰਨ੍ਹਾਂ ਸਮਾਂ ਹੋਰ ਲੱਗੇਗਾ ? ਉੱਧਰ ਥਾਣਾ ਸਦਰ ਬਰਨਾਲਾ ਦੇ ਐਸ.ਐਚ.ੳ. ਗੁਰਤਾਰ ਸਿੰਘ ਨੇ ਕਿਹਾ ਕਿ ਸ਼ਕਾਇਤ ਦੀ ਪੜਤਾਲ ਜ਼ਾਰੀ ਹੈ, ਜਲਦ ਹੀ ਉਚਿਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।