ਬੈਟਰੀਆਂ ਵਾਲੀ ਫੈਕਟਰੀ ਤੇ ਫਲਾਇੰਗ ਸਕੁਐਡ ਦੀ ਰੇਡ
ਹਰਿੰਦਰ ਨਿੱਕਾ, ਬਰਨਾਲਾ 6 ਦਸੰਬਰ 2022
ਬੱਸ ਸਟੈਂਡ ਦੇ ਸਾਹਮਣੇ ਵਿਸ਼ਨੂੰ ਕਲੋਨੀ ‘ਚ ਸਾਹਿਬਜਾਦਾ ਅਜੀਤ ਸਿੰਘ ਨਗਰ ਦੀ ਗਲ. ਨੰਬਰ ਇੱਕ ਵਿੱਚ ਚੱਲ ਰਹੀ ਬੈਂਟਰੀਆਂ ਵਾਲੀ ਫੈਕਟਰੀ ਤੇ ਪਾਵਰਕਾਮ ਦੀ ਫਲਾਇੰਗ ਸਕੁਐਡ ਟੀਮ ਨੇ ਛਾਪਾ ਮਾਰ ਲਿਆ। ਖਬਰ ਲਿਖੇ ਜਾਣ ਤੱਕ ਇਨਫੋਰਸਮੈਂਟ ਦੀ ਟੀਮ ਵੱਲੋਂ ਫੈਕਟਰੀ ਦੇ ਕੁਨੈਕਸ਼ਨ ਸਬੰਧੀ ਦਸਤਾਵੇਜਾਂ ਅਤੇ ਬਿਜਲੀ ਵਰਤੋਂ ਦੇ ਲੋਡ ਦੀ ਜਾਂਚ ਜ਼ਾਰੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਵੇਰੇ ਸਵੇਰੇ ਇਨਫੋਰਸਮੈਂਟ ਦੇ ਐਕਸੀਅਨ ਇੰਜੀ: ਬਲਵੀਰ ਸਿੰਘ ਹੈਰੀ ਦੀ ਅਗਵਾਈ ਵਿੱਚ ਪਾਵਰਕਾਮ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਟੀਮ ਨੇ ਜਿਮੀਂਦਾਰਾ ਬੈਟਰੀ ਹਾਊਸ ਫੈਕਟਰੀ ਤੇ ਛਾਪਾ ਮਾਰਿਆ। ਛਾਪਾਮਾਰੀ ਦੀ ਜਾਣਕਾਰੀ ਮਿਲਿਦਿਆਂ ਹੀ, ਇਲਾਕੇ ਦੇ ਲੋਕਾਂ ਵਿੱਚ ਹਫੜਾ ਦਫੜੀ ਮੱਚ ਗਈ। ਸੂਤਰਾਂ ਅਨੁਸਾਰ ਫੈਕਟਰੀ ਦੇ ਮੰਜੂਰ ਲੋਡ ਅਤੇ ਵਰਤੋਂ ਦਰਮਿਆਨ ਵੱਡਾ ਖੱਪਾ ਸੀ। ਇਸ ਮੌਕੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਇਨਫੋਰਸਮੈਂਟ ਦੇ ਐਕਸੀਅਨ ਇੰਜੀ: ਬਲਵੀਰ ਸਿੰਘ ਹੈਰੀ ਨੇ ਦੱਸਿਆ ਕਿ ਕਿਸੇ ਵਿਅਕਤੀ ਨੇ ਮੁੱਖ ਮੰਤਰੀ ਪੋਰਟਲ ਤੇ ਸ਼ਕਾਇਤ ਕੀਤੀ ਸੀ ਕਿ ਉਕਤ ਫੈਕਟਰੀ ਦਾ ਲੋਡ ਘੱਟ ਮੰਜੂਰ ਹੈ ਅਤੇ ਵਰਤੋਂ ਵਧੇਰੇ ਲੋਡ ਦੀ ਕੀਤੀ ਜਾ ਰਹੀ ਹੈ। ਐਕਸੀਅਨ ਹੈਰੀ ਨੇ ਮੀਡੀਆ ਕਰਮੀਆਂ ਨੂੰ ਦੱਸਿਆ ਕਿ ਫੈਕਟਰੀ ਦਾ ਸਿਰਫ 3 ਕਿਲੋਵਾਟ ਸਮਰੱਥਾ ਲੋਡ ਮੰਜੂਰ ਹੈ, ਜਦੋਂ ਕਿ ਬਿਜਲੀ ਵਰਤੋਂ 10 ਕਿਲੋਵਾਟ ਸਮਰੱਥਾ ਦੀ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਜਾਂਚ ਉਪਰੰਤ ਦੋਸ਼ ਸਹੀ ਪਾਇਆ ਗਿਆ ਅਤੇ ਬਿਜਲੀ ਦਾ ਲੋਡ 7 ਕਿਲੋਵਾਟ ਮੰਜੂਰੀ ਤੋਂ ਜਿਆਦਾ ਨਿਕਲਿਆ ਹੈ। ਉਨਾਂ ਕਿਹਾ ਕਿ ਵਿਭਾਗੀ ਨਿਯਮਾਂ ਅਨੁਸਾਰ ਫੈਕਟਰੀ ਮਾਲਿਕਾਂ ਤੇ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।