ਲੁਟੇਰਿਆਂ ਦੀ ਹੋਈ ਸ਼ਨਾਖਤ, ਹੁਣ ਤਲਾਸ਼ ਵਿੱਚ ਜੁਟੀ ਪੁਲਿਸ
ਹਰਿੰਦਰ ਨਿੱਕਾ , ਬਰਨਾਲਾ 26 ਨਵੰਬਰ 2022
ਪੁਲਿਸ ਮੁਸਤੈਦੀ ਨਾਲ ਦੋਸ਼ੀਆਂ ਦੀ ਭਾਲ ਕਰ ਰਹੀ ਹੈ, ਛੇਤੀ ਹੀ ਉਨ੍ਹਾਂ ਨੂੰ ਕਾਬੂ ਵੀ ਕਰ ਲਿਆ ਜਾਵੇਗਾ। ਜੀ ਹਾਂ ! ਅਕਸਰ ਹੀ ਹਰ ਵਾਰਦਾਤ ਤੋਂ ਬਾਅਦ ਪੁਲਿਸ ਅਧਿਕਾਰੀਆਂ ਦਾ ਇਹੋ ਘੜਿਆ-ਘੜਾਇਆ ਜੁਆਬ ਸੁਣਨ ਨੂੰ ਮਿਲਦਾ ਹੈ। ਪਰੰਤੂ ਹਕੀਕਤ ਇਸ ਤੋਂ ਬਿਲਕੁਲ ਉਲਟ ਨਜ਼ਰ ਆਉਂਦੀ ਹੈ, ਯਾਨੀ ਬਹੁਤੇ ਪੁਲਿਸ ਅਧਿਕਾਰੀ, ਵਾਰਦਾਤ ਤੋਂ ਬਾਅਦ ਦੋਸ਼ੀਆਂ ਨੂੰ ਫੜ੍ਹਨਾ ਤਾਂ ਦੂਰ, ਕੇਸ ਦਰਜ਼ ਕਰਨ ਤੋਂ ਵੀ ਕੰਨੀਂ ਕਤਰਾਉਂਦੇ ਹਨ। ਜਿਸ ਦਾ ਤਾਜ਼ਾ ਉਦਾਹਰਣ ਥਾਣਾ ਸਿਟੀ 2 ਬਰਨਾਲਾ ਦੇ ਖੇਤਰ ‘ਚ ਕਰੀਬ ਮਹੀਨਾ ਪਹਿਲਾਂ, ਮੋਬਾਈਲ ਖੋਹਣ ਦੀ ਵਾਰਦਾਤ ਤੋਂ 37 ਦਿਨ ਬਾਅਦ, ਪੁਲਿਸ ਨੇ ਕੇਸ ਦਰਜ਼ ਕਰਕੇ, ਪੇਸ਼ ਕੀਤੀ ਹੈ। ਇਹ ਕੇਵਲ ਵੰਨਗੀ ਮਾਤਰ ਹੀ ਹੈ, ਅਜਿਹੀਆਂ ਹੋਰ ਕਿੰਨ੍ਹੀਆਂ ਹੀ ਵਾਰਦਾਤਾਂ ਹੋਣਗੀਆਂ, ਜਿੰਨ੍ਹਾਂ ਦੇ ਪੀੜਤ, ਮਕੁੱਦਮੇ ਦਰਜ਼ ਹੋਣ ਦੀ ਉਡੀਕ ਵਿੱਚ ਹੀ, ਆਪਣੇ ਘਰੋ-ਘਰੀਂ ਚੁੱਪ ਬੈਠੇ ਹੋਣਗੇ।
ਮੁਦਈ ਮੁਕੱਦਮਾ ਸੁਖਪ੍ਰੀਤ ਕੌਰ ਪੁੱਤਰੀ ਸ਼ਿੰਦਾ ਸਿੰਘ ਵਾਸੀ ਗਲੀ ਨੰਬਰ 4, ਬਾਲਾ ਪੱਤੀ ਸੰਘੇੜਾ ਹਾਲ ਆਬਾਦ ਰਾਏਕੋਟ ਰੋਡ ਖਾਰਾ ਪੱਤੀ ਸੰਘੇੜਾ, ਜਿਲ੍ਹਾ ਬਰਨਾਲਾ ਨੇ ਬਿਆਨ ਲਿਖਾਇਆ ਕਿ ਉਹ 20-10-2022 ਨੂੰ ਕਚਿਹਰੀ ਚੌਕ ਬਰਨਾਲਾ ਤੋਂ ਪੁਲ ਦੇ ਨਾਲ-ਨਾਲ ਦੀ ਨਾਨਕਸਰ ਰੋਡ ਬਰਨਾਲਾ ਵੱਲ ਨੂੰ ਪੈਦਲ ਜਾ ਰਹੀ ਸੀ। ਤਾਂ ਉਸਦੇ ਪਿੱਛਿਉਂ ਇੱਕ ਮੋਟਰਸਾਈਕਲ ਮਾਰਕਾ ਸਪੈਡਰ ਰੰਗ ਸਿਲਵਰ ਪਰ ਸਵਾਰ ਹੋ ਕੇ ਦੋ ਮੋਨੇ ਨੌਜਵਾਨ ਲੜਕੇ ਆਏ ਅਤੇ ਮੁਦਈ ਦੇ ਕੰਨ ਪਰ ਲੱਗਾ ਮੋਬਾਇਲ ਫੋਨ ਮਾਰਕਾ ਵੀਵੋ 22 ਇੱਕਦਮ ਝੱਪਟ ਮਾਰ ਕੇ ਖੋਹ ਕੇ ਮੌਕਾ ਵਾਰਦਾਤ ਤੋਂ ਭੱਜ ਗਏ । ਮੋਬਾਇਲ ਦੀ ਬਾਜ਼ਾਰੀ ਕੀਮਤ ਕਰੀਬ 10 ਹਜਾਰ ਰੁਪਏ ਹੈ। ਪੁਲਿਸ ਨੇ ਸ਼ਕਾਇਤ ਦੇ ਅਧਾਰ ਤੇ 25 ਨਵੰਬਰ ਨੂੰ ਅਜੇ ਸਿੰਘ ਉਰਫ ਗੱਗੀ ਪੁੱਤਰ ਮੱਖਣ ਸਿੰਘ ਵਾਸੀ ਰਾਏਕੋਟ ਰੋਡ ਫਤਿਹ ਨਗਰ ਬਰਨਾਲਾ ਅਤੇ ਸੂਰਜ ਸਿੰਘ ਪੁੱਤਰ ਵਜੀਰ ਸਿੰਘ ਵਾਸੀ ਨੇੜੇ ਮੀਟ ਮਾਰਕੀਟ, ਗੁਰੂ ਨਾਨਕਪੁਰਾ ਮੁਹੱਲਾ ਬਰਨਾਲਾ ਦੇ ਖਿਲਾਫ ਕੇਸ ਦਰਜ਼ ਕਰ ਲਿਆ ਹੈ। ਮੁਦਈ ਸੁਖਪ੍ਰੀਤ ਕੌਰ ਨੇ ਘਟਨਾ ਦੇ ਸਬੰਧ ਵਿੱਚ ਦੇਰੀ ਨਾਲ ਕੇਸ ਦਰਜ਼ ਕਰਨ ਬਾਰੇ ਪੁੱਛਣ ਤੇ ਦੱਸਿਆ ਕਿ ਉਸ ਨੇ ਤਾਂ ਘਟਨਾ ਵਾਲੇ ਦਿਨ ਹੀ ਪੁਲਿਸ ਨੂੰ ਸ਼ਕਾਇਤ ਦੇ ਦਿੱਤੀ ਸੀ, ਫਿਰ ਦੇਰ ਨਾਲ ਕਿਉਂ ਕੇਸ ਦਰਜ਼ ਕੀਤਾ ਤਾਂ ਇਸ ਬਾਰੇ ਪੁਲਿਸ ਹੀ ਕੁੱਝ ਦੱਸ ਸਕਦੀ ਹੈ। ਉੱਧਰ ਮਾਮਲੇ ਦੇ ਤਫਤੀਸ਼ ਅਧਿਕਾਰੀ ਏ.ਐਸ.ਆਈ. ਦੇਸ ਰਾਜ ਨੇ ਕਿਹਾ ਕਿ ਪੁਲਿਸ ਨੇ ਕਾਫੀ ਪੜਤਾਲ ਤੋਂ ਬਾਅਦ ਦੋਸ਼ੀਆਂ ਦੀ ਸ਼ਨਾਖਤ ਕਰਕੇ ਕੇਸ ਦਰਜ਼ ਕੀਤਾ ਹੈ, ਹੁਣ ਜਲਦ ਹੀ ਪੁਲਿਸ ਦੋਵਾਂ ਨਾਮਜ਼ਦ ਦੋਸ਼ੀਆਂ ਨੂੰ ਗਿਰਫਤਾਰ ਵੀ ਕਰ ਲਵੇਗੀ।