ਹਰਿੰਦਰ ਨਿੱਕਾ , ਬਰਨਾਲਾ 1 ਨਵੰਬਰ 2022
ਜਿਲ੍ਹੇ ਦੇ ਪਿੰਡ ਪੱਖੋ ਕੈਂਚੀਆਂ ਤੋਂ ਮੱਲੀਆਂ ਲਿੰਕ ਰੋਡ ਵੱਲ ਜਾ ਰਹੇ ਇੱਕ ਰੇਹੜੀ ਵਾਲੇ ਕਬਾੜੀਏ ਨੂੰ ਕਾਰ ਸਵਾਰ ਵਿਅਕਤੀਆਂ ਨੇ ਘੇਰ ਲਿਆ ਤੇ ਉਸ ਕੋਲੋਂ ਹਜ਼ਾਰਾਂ ਰੁਪਏ ਦੀ ਨਗਦੀ ਖੋਹਕੇ ਲੁਟੇਰੇ ਫਰਾਰ ਹੋ ਗਏ। ਕੁੱਝ ਹੀ ਮਿੰਟਾਂ ਵਿੱਚ ਵਾਪਰੀ ਇਸ ਘਟਨਾ ਨੇ ਸਵੱਖਤੇ ਹੀ ਪੁਲਿਸ ਨੂੰ ਭਾਜੜਾਂ ਪਾ ਦਿੱਤੀਆਂ। ਥਾਣਾ ਸਦਰ ਬਰਨਾਲਾ ਦੇ ਐਸ.ਐਚ.ੳ. ਗੁਰਤਾਰ ਸਿੰਘ ਦੀ ਅਗਵਾਈ ਵਿੱਚ ਪੁਲਿਸ ਚੌਂਕੀ ਪੱਖੋ ਕੈਂਚੀਆਂ ਦੇ ਇੰਚਾਰਜ ਤਰਸੇਮ ਸਿੰਘ ਨੇ ਆਪਣੀ ਟੀਮ ਨਾਲ, ਇਲਾਕੇ ਦੀ ਨਾਕਾਬੰਦੀ ਕਰਕੇ, ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਪ੍ਰਾਪਤ ਜਾਣਕਾਰੀ ਅਨੁਸਾਰ ਰਾਮਜੀ ਦਾਸ ਕਬਾੜੀਆ ਵਾਸੀ ਪੱਖੋ ਕੈਂਚੀਆਂ ਸਵੇਰੇ ਕਰੀਬ ਸਵਾ 9 ਕੁ ਵਜੇ ਆਪਣੀ ਰੇਹੜੀ ਲੈ ਕੇ ਆਪਣੇ ਘਰ ਤੋਂ ਕਬਾੜ ਖਰੀਦਣ ਲਈ, ਕੰਮ ਤੇ ਨਿੱਕਲਿਆ, ਜਦੋਂ ਉਹ ਮੱਲੀਆਂ ਰੋਡ ਤੇ ਪਹੁੰਚਿਆ ਤਾਂ ਇੱਕ ਸਵਿਫਟ ਡਿਜਾਈਰ ਕਾਰ ਚੋਂ ਉਤਰੇ 3 ਜਣਿਆਂ ਨੇ ਕਬਾੜੀਏ ਤੋਂ ਕਰੀਬ 19 ਹਜ਼ਾਰ ਰੁਪਏ ਖੋਹ ਕੇ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ਤੇ ਪਹੁੰਚ ਕੇ ਪੜਤਾਲ ਵਿੱਚ ਜੁਟ ਗਈ। ਐਸ.ਐਚ.ੳ. ਗੁਰਤਾਰ ਸਿੰਘ ਨੇ ਦੱਸਿਆ ਕਿ ਪੁਲਿਸ ਮਾਮਲੇ ਦੀ ਤਫਤੀਸ਼ ਤੇ ਦੋਸ਼ੀਆਂ ਦੀ ਤਲਾਸ਼ ਵਿੱਚ ਲੱਗੀ ਹੋਈ ਹੈ, ਜਲਦ ਹੀ ਦੋਸ਼ੀਆਂ ਦੀ ਸ਼ਨਾਖਤ ਕਰਕੇ,ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ।