ਜ਼ਿਲ੍ਹੇ ਵਿੱਚ ਵੱਡੇ ਪੱਧਰ ‘ਤੇ ਲਗਾਏ ਜਾ ਰਹੇ ਪੌਦਿਆਂ ਦੀ ਕੀਤੀ ਸ਼ਲਾਘਾ ,ਅਧਿਕਾਰੀਆਂ ਨੂੰ ਕਿਹਾ ਲੋਕ ਪੱਖੀ ਕੰਮ ਪਹਿਲ ਦੇ ਆਧਾਰ ‘ਤੇ ਕਰੋ
ਰਘਵੀਰ ਹੈਪੀ , ਬਰਨਾਲਾ, 29, ਅਕਤੂਬਰ 2022
ਸਪੈਸ਼ਲ ਮੁੱਖ ਸਕੱਤਰ (ਐਨ.ਆਰ.ਆਈ ਮਾਮਲੇ ਅਤੇ ਰੱਖਿਆ ਭਲਾਈ) ਕ੍ਰਿਪਾਸ਼ੰਕਰ ਸਰੋਜ ਨੇ ਅੱਜ ਜ਼ਿਲ੍ਹਾ ਬਰਨਾਲਾ ਵਿੱਚ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੀਆਂ ਵੱਖ ਵੱਖ ਸਕੀਮਾਂ ਤਹਿਤ ਚੱਲ ਰਹੇ ਵਿਕਾਸ ਕੰਮਾਂ ਦਾ ਜਾਇਜ਼ਾ ਲਿਆ।
ਉਹਨੂੰ ਨੂੰ ਜੀ ਆਇਆਂ ਆਖਦਿਆਂ ਡਿਪਟੀ ਕਮਿਸ਼ਨਰ ਬਰਨਾਲਾ ਡਾ. ਹਰੀਸ਼ ਨਈਅਰ ਨੇ ਕਿਹਾ ਕਿ ਬਰਨਾਲਾ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਵਿੱਚ ਹਰਿਆਵਲ ਵਧਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਨ੍ਹਾਂ ਉਪਰਲੀਆਂ ਤਹਿਤ ਕੁੱਲ 117 ਏਕੜ ਰਕਬੇ ਵਿਚ ਪੌਦੇ ਲਗਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਇਨ੍ਹਾਂ ਵਿਚੋਂ 49 ਏਕੜ ਰਕਬੇ ਵਿਚ ਪੌਦੇ ਲਗਾਉਣ ਦਾ ਕੰਮ ਮੁਕੰਮਲ ਕਰ ਦਿੱਤਾ ਗਿਆ ਹੈ। 

ਉਨ੍ਹਾਂ ਦੱਸਿਆ ਕਿ 33 ਏਕੜ ਇੱਕਮੁਸ਼ਤ ਰਕਬਾ ਹੰਡਿਆਇਆ ਵਿਖੇ ਹੈ, ਜਿਥੇ ਪੌਦੇ ਲਗਾਉਣ ਦੇ ਨਾਲ ਨਾਲ ਸੀਵਰ ਟ੍ਰੀਟਮੈਂਟ ਪਲਾਂਟ ਲਗਾਉਣ ਉੱਤੇ ਵੀ ਕੰਮ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਪਿੰਡ ਬਡਬਰ ਵਿਖੇ ਪੈਂਦੇ 100 ਏਕੜ ਕਰੀਬ ਰਕਬੇ ‘ਚ ਫੈਲੇ ਜੰਗਲ ਨੂੰ ਹੋਰ ਵੱਧ ਹਰਿਆ ਭਰਿਆ ਕਰਨ ਲਈ ਓਥੇ ਜਲਗਾਹ ਬਣਾਈ ਜਾ ਰਹੀ ਹੈ। ਇਸ ਵੈੱਟਲੈਂਡ ਲਈ 4-5 ਏਕੜ ਰਕਬੇ ‘ਚ ਛੱਪੜ ਬਣਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ 147 ਸਰਕਾਰੀ ਸਕੂਲਾਂ ਵਿੱਚ ਮਿਨੀ ਨਰਸਰੀਆਂ ਸਥਾਪਿਤ ਕੀਤੀਆਂ ਜਾ ਰਹੀਆਂ ਹਨ, ਜਿੱਥੇ ਪੌਦੇ ਤਿਆਰ ਕਰਕੇ ਅੱਗੇ ਦਿੱਤੇ ਜਾਣਗੇ।
ਬਰਨਾਲਾ ਦੇ ਵੱਖ ਵੱਖ ਸ਼ਹਿਰਾਂ ‘ਚ ਕਰਵਾਈ ਜਾ ਰਹੀਆਂ ਉਸਾਰੀਆਂ, ਸੜਕਾਂ ਦੇ ਕੰਮ ਆਦਿ ਸਬੰਧੀ ਵੀ ਸਮੀਖਿਆ ਕੀਤੀ ਗਈ। ਸੇਵਾ ਕੇਂਦਰਾਂ ਦੇ ਕੰਮ, ਸਿਹਤ ਵਿਭਾਗ ਵੱਲੋਂ ਚਲਾਏ ਜਾ ਰਹੇ ਆਮ ਆਦਮੀ ਕਲੀਨਿਕ, ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਸਰਕਾਰ ਵੱਲੋਂ ਕਿਸਾਨਾਂ ਨੂੰ ਦਿੱਤੀ ਜਾ ਰਹੀ ਮਸ਼ੀਨਰੀ ਸਬੰਧੀ ਅਤੇ ਹੋਰ ਮੁੱਦਿਆਂ ਉੱਤੇ ਵੀ ਵਿਚਾਰ ਕੀਤੇ ਗਏ।
ਇਸ ਮੌਕੇ ਬੋਲਦਿਆਂ ਸ੍ਰੀ ਕਿਰਪਾ ਸ਼ੰਕਰ ਸਰੋਜ ਨੇ ਬਰਨਾਲਾ ਪ੍ਰਸ਼ਾਸਨ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਸ਼ੁਰੂ ਕੀਤੀ ਗਈ ਹਰਿਆਵਲ ਮੁਹਿੰਮ ਆਉਣ ਵਾਲੀਆਂ ਪੀੜ੍ਹੀਆਂ ਲਈ ਲਾਹੇਵੰਦ ਸਿੱਧ ਹੋਵੇਗੀ। ਉਨ੍ਹਾਂ ਸਾਰੇ ਸਰਕਾਰੀ ਅਫਸਰ ਅਤੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਲੋਕ ਪੱਖੀ ਕੰਮਾਂ ਨੂੰ ਪਹਿਲ ਦੇ ਆਧਾਰ ‘ਤੇ ਕਰਨ।
ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਪਰਮਵੀਰ ਸਿੰਘ, ਉੱਪ ਮੰਡਲ ਮੈਜਿਸਟਰੇਟ ਬਰਨਾਲਾ ਗੋਪਾਲ ਸਿੰਘ, ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ, ਐੱਸ ਪੀ ਮੇਜਰ ਸਿੰਘ, ਜ਼ਿਲ੍ਹਾ ਮਾਲ ਅਫਸਰ ਬਲਕਰਨ ਸਿੰਘ, ਜ਼ਿਲ੍ਹਾ ਖੁਰਾਕ ਅਤੇ ਸਿਵਲ ਸਪਲਾਈ ਅਫਸਰ ਹਰਪ੍ਰੀਤ ਸਿੰਘ ਤੇ ਹੋਰ ਵਿਭਾਗਾਂ ਦੇ ਮੁਖੀ ਹਾਜ਼ਰ ਸਨ।
133.56 ਫੀਸਦੀ ਝੋਨਾ ਮੰਡੀਆਂ ‘ਚੋਂ ਚੁੱਕਿਆ ਗਿਆ ,ਕਿਸਾਨਾਂ ਨੂੰ ਕੀਤੀ 376.27 ਕਰੋੜ ਦੀ ਅਦਾਇਗੀ
ਬਰਨਾਲਾ: ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਕਿਰਪਾ ਸ਼ੰਕਰ ਸਰੋਜ ਨੇ ਅੱਜ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਬਰਨਾਲਾ ਦਾਣਾ ਮੰਡੀ ਦਾ ਦੌਰਾ ਕੀਤਾ ਜਿੱਥੇ ਝੋਨੇ ਦੀ ਆਮਦ, ਖ਼ਰੀਦ ਅਤੇ ਕਿਸਾਨਾਂ ਨੂੰ ਕੀਤੀਆਂ ਗਈਆਂ ਅਦਾਇਗੀਆਂ ਸਬੰਧੀ ਜਾਇਜ਼ਾ ਲਿਆ।
ਇਸ ਮੌਕੇ ਸਬੰਧਤ ਅਧਿਕਾਰੀਆਂ ਨੇ ਦੱਸਿਆ ਕਿ 28 ਅਕਤੂਬਰ 2022 ਸ਼ਾਮ ਤੱਕ ਜ਼ਿਲ੍ਹਾ ਬਰਨਾਲਾ ‘ਚ ਝੋਨੇ ਦੀ ਆਮਦ ਕੁੱਲ 2.77 ਲੱਖ ਮੀਟ੍ਰਿਕ ਟਨ ਰਹੀ, ਜਿਸ ਵਿਚੋਂ 2.43 ਲੱਖ ਮੀਟ੍ਰਿਕ ਟਨ ਝੋਨਾ ਖਰੀਦਿਆ ਜਾ ਚੁੱਕਾ ਹੈ।
ਇਸ ਵਿਚੋਂ ਪਿਛਲੇ 72 ਘੰਟਿਆਂ ‘ਚ 133. 56 ਫੀਸਦੀ ਝੋਨਾ (160050 ਮੀਟ੍ਰਿਕ ਟਨ) ਮੰਡੀਆਂ ‘ਚੋਂ ਚੁੱਕਿਆ ਜਾ ਚੁੱਕਾ ਹੈ। ਇਸੇ ਤਰ੍ਹਾਂ ਪੰਜਾਬ ਸਰਕਾਰ ਵੱਲੋਂ ਖਰੀਦੇ ਗਏ ਝੋਨੇ ਦੀ ਅਦਾਇਗੀ ਸਿੱਧੇ ਤੌਰ ਉੱਤੇ ਕਿਸਾਨਾਂ ਦੇ ਖਾਤਿਆਂ ‘ਚ ਤਬਦੀਲ ਕੀਤੀ ਜਾ ਰਹੀ ਹੈ। ਪਿਛਲੇ 48 ਘੰਟਿਆਂ ‘ਚ ਸਰਕਾਰ ਵੱਲੋਂ 115 ਫੀਸਦੀ ਅਦਾਇਗੀਆਂ ਕਰ ਦਿੱਤੀਆਂ ਗਈਆਂ ਹਨ, ਜਿਨ੍ਹਾਂ ਦੀ ਕੁੱਲ ਰਕਮ 376.27 ਕਰੋੜ ਬਣਦੀ ਹੈ।
