ਸੋਨੀ/ ਬਰਨਾਲਾ, 23 ਅਕਤੂਬਰ 2022
ਜ਼ਿਲ੍ਹਾ ਬਰਨਾਲਾ ਚ ਹੁਣ ਤੱਕ 70775 ਟਨ ਝੋਨਾ ਮੰਡੀਆਂ ਵਿੱਚ ਪੁੱਜਿਆ ਹੈ ਅਤੇ ਇਸ ਵਿੱਚੋਂ 85 ਫੀਸਦੀ ਝੋਨੇ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ 48 ਘੰਟਿਆਂ ’ਚ ਅਦਾਇਗੀ ਯਕੀਨੀ ਬਣਾਉਣ ਦੀਆਂ ਹਦਾਇਤਾਂ ਦੇ ਚਲਦਿਆਂ ਹੁਣ ਤੱਕ 75.10 ਕਰੋੜ ਰੁਪਏ ਦੀ ਅਦਾਇਗੀ ਕਿਸਾਨਾਂ ਦੇ ਖਾਤਿਆਂ ’ਚ ਪਾਈ ਜਾ ਚੁੱਕੀ ਹੈ
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਬਰਨਾਲਾ ਡਾ ਹਰੀਸ਼ ਨਈਅਰ ਨੇ ਦੱਸਿਆ ਕਿ 22 ਅਕਤੂਬਰ ਦੀ ਸ਼ਾਮ ਤੱਕ ਬਰਨਾਲਾ ਵਿਖੇ 27514 ਟਨ, ਭਦੌੜ ਵਿਖੇ 9168 ਟਨ, ਧਨੌਲਾ ਵਿਖੇ 4692 ਟਨ, ਮਹਿਲ ਕਲਾਂ ਵਿਖੇ 19132 ਟਨ ਅਤੇ ਤਪਾ ਵਿਖੇ 10269 ਟਨ ਝੋਨਾ ਮੰਡੀਆਂ ਚ ਪੁੱਜਿਆ। ਵਧੇਰੀ ਜਾਣਕਾਰੀ ਦਿੰਦਿਆਂ ਉਹਨਾਂ ਕਿਹਾ ਕਿ ਹੁਣ ਤੱਕ ਕੁਲ 60075 ਟਨ ਝੋਨਾ ਖਰੀਦਿਆ ਜਾ ਚੁੱਕਾ ਹੈ ਜਿਹੜਾ ਕਿ ਮੰਡੀਆਂ ਚ ਪੁੱਜੇ ਕੁੱਲ ਝੋਨੇ ਦਾ 85 ਫੀਸਦੀ ਹਿੱਸਾ ਹੈ। ਬਰਨਾਲਾ ਚ ਹੁਣ ਤੱਕ 23842 ਟਨ, ਭਦੌੜ ਚ 7820 ਟਨ, ਧਨੌਲਾ ਚ 4613 ਟਨ, ਮਹਿਲ ਕਲਾਂ ਚ 14241 ਟਨ ਅਤੇ ਤਪਾ ਚ 9559 ਟਨ ਝੋਨਾ ਖਰੀਦਿਆ ਜਾ ਚੁੱਕਾ ਹੈ।
ਜ਼ਿਲ੍ਹਾ ਬਰਨਾਲਾ ਚ ਹੁਣ ਤੱਕ ਸਰਕਾਰੀ ਏਜੰਸੀਆਂ ਵੱਲੋਂ ਹੀ ਖ਼ਰੀਦ ਕੀਤੀ ਜਾ ਰਹੀ ਹੈ। ਪਨਗਰੇਨ ਨੇ ਹੁਣ ਤੱਕ 23161 ਟਨ, ਮਾਰਕਫੈੱਡ ਨੇ ਹੁਣ ਤੱਕ 18172 ਟਨ ਅਤੇ ਪੰਜਾਬ ਵੇਅਰ ਹਾਊਸ ਨੇ ਹੁਣ ਤੱਕ 5738 ਟਨ ਝੋਨੇ ਦੀ ਖ਼ਰੀਦ ਕੀਤੀ ਹੈ। ਉਹਨਾਂ ਦੱਸਿਆ ਕਿ ਮੰਡੀਆਂ ਚ ਖਰੀਦੇ ਗਏ ਝੋਨੇ ਦੀ ਚੁਕਵਾਈ ਦਾ ਕੰਮ ਵੀ ਜ਼ੋਰਾਂ ਉੱਤੇ ਚੱਲ ਰਿਹਾ ਹੈ ਅਤੇ ਹੁਣ ਤੱਕ 114.58 ਫੀਸਦੀ ਝੋਨਾ ਮੰਡੀਆਂ ਚੋਂ ਚੁੱਕਿਆ ਜਾ ਚੁੱਕਾ ਹੈ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੰਡਿਆਂ ਚ ਆਪਣੀ ਜਿਨਸ ਸੁਕਾ ਕੇ ਲਿਆਉਣ ਤਾਂ ਜੋ ਉਹਨਾਂ ਨੂੰ ਕਿਸੇ ਵੀ ਖੱਜਲ ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਮੰਡੀ ’ਚ ਆਉਂਦੀ ਸੁੱਕੀ ਫ਼ਸਲ ਦਾ ਭਾਅ ਉਸੇ ਦਿਨ ਲਾਇਆ ਜਾ ਰਿਹਾ ਹੈ ਤਾਂ ਜੋ ਕਿਸਾਨਾਂ ਨੂੰ ਮੰਡੀਆਂ ’ਚ ਜ਼ਿਆਦਾ ਸਮਾਂ ਨਾ ਬੈਠਣਾ ਪਵੇ। ਉਨ੍ਹਾਂ ਕਿਹਾ ਕਿ ਮੰਡੀਆਂ ’ਚ ਫ਼ਸਲ ਦੇ ਤੁਰੰਤ ਭਾਅ ਲਈ ਸੁੱਕਾ ਝੋਨਾ ਲਿਆਉਣ ਨੂੰ ਹੀ ਤਰਜੀਹ ਦਿੱਤੀ ਜਾਵੇ ਅਤੇ ਨਮੀ ਦੀ ਮਾਤਰਾ ਘਟਾਉਣ ਲਈ ਸ਼ਾਮ 7 ਵਜੇ ਤੋਂ ਸਵੇਰੇ 10 ਵਜੇ ਦਰਮਿਆਨ ਕੰਬਾਈਨ ਨਾਲ ਝੋਨਾ ਨਾ ਵੱਢਿਆ ਜਾਵੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ’ਚ ਖਰੀਦ ਕਾਰਜ ਨਿਰਵਿਘਨ ਅਤੇ ਸਮੇਂ ਸਿਰ ਚੱਲ ਰਹੇ ਹਨ ਅਤੇ ਕਿਸੇ ਵੀ ਕਿਸਾਨ ਅਤੇ ਆੜ੍ਹਤੀ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾ ਰਹੀ।