ਹਰਪ੍ਰੀਤ ਕੌਰ ਬਬਲੀ/ ਸਂਗਰੂਰ, 19 ਅਕਤੂਬਰ 2022
ਸੰਗਰੂਰ ਜ਼ਿਲੇ ’ਚ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਸਾੜਨ ਤੋਂ ਹੋਣ ਵਾਲੇ ਨੁਕਸਾਨਾਂ ਬਾਰੇ ਜਾਗਰੂਕ ਕਰਨ ਦੇ ਨਾਲ-ਨਾਲ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਪਰਾਲੀ ਦੇ ਯੋਗ ਪ੍ਰਬੰਧਨ ਲਈ ਲੋੜੀਂਦੀ ਮਦਦ ਲਗਾਤਾਰ ਮੁਹੱਈਆ ਕਰਵਾਈ ਜਾ ਰਹੀ ਹੈ। ਇਸੇ ਲੜੀ ਤਹਿਤ ਅੱਜ ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਵਾਲ ਵੱਲੋਂ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ (ਆਈ.ਓ.ਸੀ.ਐਲ.) ਵੱਲੋਂ ਸੀ.ਆਈ.ਆਈ. ਦੇ ਸਹਿਯੋਗ ਨਾਲ ਚਲਾਏ ਜਾਣ ਵਾਲੇ ਪ੍ਰੋਜੈਕਟ ‘ਵਾਯੂ-ਅੰਮਿ੍ਰਤ’ ਦੀ ਸ਼ੁਰੂਆਤ ਪਿੰਡ ਨਾਗਰੀ ਤੋਂ ਕਰਵਾਈ ਗਈ। ਇਸ ਪੋ੍ਰਜੈਕਟ ਤਹਿਤ ਜ਼ਿਲੇ ਦੇ 9 ਪਿੰਡਾਂ ਦੇ ਕਿਸਾਨਾਂ ਨੂੰ ਜਾਣਕਾਰੀ ਦੇ ਨਾਲ-ਨਾਲ ਪਰਾਲੀ ਦੇ ਯੋਗ ਪ੍ਰਬੰਧਨ ਲਈ ਲੋੜੀਂਦੀਆਂ ਮਸ਼ੀਨਾਂ ਉਪਲਬਧ ਕਰਵਾਈਆਂ ਜਾਣਗੀਆਂ ਤਾਂ ਜੋ ਉਨਾਂ ਨੂੰ ਫ਼ਸਲਾਂ ਦੀ ਰਹਿੰਦ-ਖੂਹੰਦ ਨੂੰ ਅੱਗ ਲਾਉਣ ਦੀ ਲੋੜ ਹੀ ਮਹਿਸੂਸ ਨਾ ਹੋਵੇ। ਇਨਾਂ 9 ਪਿੰਡਾਂ ’ਚ ਨਾਗਰੀ, ਨਾਗਰਾ, ਮਹਿਲਾਂ, ਖਨਾਲ ਕਲਾਂ, ਸਮੂਰਾਂ, ਖੇੜੀ, ਗੁੱਜਰਾਂ, ਕਮਾਲਪੁਰ ਅਤੇ ਸਿਹਾਲ ਸ਼ਾਮਲ ਹਨ।
ਇਸ ਮੌਕੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਅੱਜ ਪ੍ਰੋਜੈਕਟ ਵਾਯੂ-ਅੰਮਿ੍ਰਤ ਤਹਿਤ ਪਿੰਡ ਨਾਗਰੀ ਦੇ ਸਰਪੰਚ ਨੂੰ ਸੁਪਰਸੀਡਰ ਅਤੇ ਮਲਚਰ ਮਸ਼ੀਨਾਂ ਦਿੱਤੀਆਂ ਗਈਆਂ ਹਨ ਜਿਨਾਂ ਨੂੰ ਵਰਤ ਕੇ ਕਿਸਾਨ ਆਪਣੇ ਖੇਤਾਂ ਨੂੰ ਅੱਗ ਲਗਾਏ ਬਿਨਾਂ ਹੀ ਅਗਲੀ ਫ਼ਸਲ ਲਈ ਤਿਆਰ ਕਰ ਸਕਦੇ ਹਨ। ਉਨਾਂ ਕਿਹਾ ਕਿ ਇਸਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਵੀ ਹਰ ਸਾਲ ਕਿਸਾਨਾਂ ਨੂੰ ਸਬਸਿਡੀ ’ਤੇ ਖੇਤੀਬਾੜੀ ਦੇ ਸੰਦ ਮੁਹੱਈਆ ਕਰਵਾਏ ਜਾਂਦੇ ਹਨ ਜਿਨਾਂ ’ਚ ਸੁਪਰਸੀਡਰ, ਮਲਚਰ ਅਤੇ ਬੇਲਰ ਵੀ ਸ਼ਾਮਲ ਹਨ। ਉਨਾਂ ਕਿਹਾ ਕਿ ਜ਼ਿਲੇ ਦੇ ਹਰ ਪਿੰਡ ਦੇ ਹਰ ਕਿਸਾਨ ਨੂੰ ਜ਼ਰੂਰਤ ਮੁਤਾਬਕ ਲੋੜੀਂਦੇ ਸੰਦ ਮੁਹੱਈਆ ਕਰਵਾਉਣ ਲਈ ਖੇਤੀਬਾੜੀ ਵਿਭਾਗ ਦੇ ਨਾਲ-ਨਾਲ ਸਹਿਕਾਰੀ ਸੁਸਾਇਟੀਆਂ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਅਤੇ ਸਬੰਧਤ ਸਬਡਵੀਜ਼ਨਲ ਮੈਜਿਸਟ੍ਰੇਟ ਨੂੰ ਹਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ। ਉਨਾਂ ਕਿਹਾ ਕਿ ਜੇਕਰ ਕਿਸੇ ਵੀ ਕਿਸਾਨ ਨੂੰ ਪਰਾਲੀ ਦੇ ਯੋਗ ਪ੍ਰਬੰਧਨ ਲਈ ਕੋਈ ਮਸ਼ੀਨ ਲੋੜੀਂਦੀ ਹੋਵੇ ਤਾਂ ਇਨਾਂ ’ਚੋਂ ਵਿਭਾਗਾਂ ਦੇ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਨਾਲ ਰਾਬਤਾ ਕਰ ਸਕਦਾ ਹੈ ਜੋ ਲੋੜੀਂਦੀ ਮਸ਼ੀਨਰੀ ਉਪਲਬਧ ਕਰਵਾਉਣ ਲਈ ਪਾਬੰਦ ਹੋਣਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਫ਼ਸਲਾਂ ਦੀ ਰਹਿੰਦ-ਖੂਹੰਦ ਨੂੰ ਅੱਗ ਲਾਉਣ ਨਾਲ ਜਿੱਥੇ ਵਾਤਾਵਰਨ ਤੇ ਮਨੁੱਖੀ ਸਿਹਤ ਨੂੰ ਨੁਕਸਾਨ ਪੁੱਜਦਾ ਹੈ ਉੱਥੇ ਹੀ ਕਿਸਾਨਾਂ ਦੇ ਖੇਤਾਂ ਦੀ ਮਿੱਟੀ ਦੀ ਸਿਹਤ ਨੂੰ ਵੱਡੇ ਪੱਧਰ ’ਤੇ ਨੁਕਸਾਨ ਪਹੁੰਚਦਾ ਹੈ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਮਨੁੱਖੀ ਸਿਹਤ ਅਤੇ ਆਪਣੇ ਖੇਤਾਂ ਦੀ ਉਪਜਾਊ ਸ਼ਕਤੀ ਬਚਾਉਣ ਲਈ ਪਰਾਲੀ ਨੂੰ ਅੱਗ ਨਾ ਲਾਈ ਜਾਵੇ ਸਗੋਂ ਇਸਨੂੰ ਖੇਤਾਂ ’ਚ ਹੀ ਰਲਾ ਕੇ ਇਸ ’ਚ ਮੌਜੂਦ ਖੁਰਾਕੀ ਤੱਤਾਂ ਨੂੰ ਅਗਲੀ ਫ਼ਸਲ ਲਈ ਖਾਦ ਵਜੋਂ ਵਰਤ ਕੇ ਲਾਗਤ ਖਰਚੇ ਨੂੰ ਘਟਾਇਆ ਜਾਵੇ।
ਇਸ ਮੌਕੇ ਐਨ.ਆਰ.ਪੀ.ਐਲ. ਦੇ ਈ.ਡੀ. ਐਨ. ਸੇਂਥਿਲ ਕੁਮਾਰ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਰਜੀਤ ਵਾਲੀਆ ਤੇ ਇੰਡੀਅਨ ਆਇਲ ਦੇ ਅਧਿਕਾਰੀ ਤੇ ਕਰਮਚਾਰੀ ਅਤੇ ਵੱਡੀ ਗਿਣਤੀ ’ਚ ਕਿਸਾਨ ਹਾਜ਼ਰ ਸਨ।