ਇੱਕ email ਨੇ ਵਾਹਨੀਂ ਪਾਏ ਅਧਿਕਾਰੀ ,ਇੱਟਾਂ ਦੇ ਭੱਠੇ ਤੇ ਮਾਈਨਿੰਗ ਵਿਭਾਗ ਦੀ ਵੱਡੀ ਰੇਡ

Advertisement
Spread information

ਗੈਰ ਕਾਨੂੰਨੀ ਮਾਈਨਿੰਗ ਕਰਵਾਉਣ ਵਿੱਚ ਬੋਲਦੈ, ਇੱਕ ਅਧਿਕਾਰੀ ਦਾ ਵੀ ਨਾਂ


ਹਰਿੰਦਰ ਨਿੱਕਾ ,ਬਰਨਾਲਾ 18 ਅਕਤੂਬਰ 2022

   ਗਹਿਰੀ ਨੀਂਦ ,ਘੂਕ ਸੁੱਤੇ ਪਏ ਜਿਲ੍ਹੇ ਦੇ ਮਾਈਨਿੰਗ ਅਧਿਕਾਰੀਆਂ ਨੂੰ ਇੱਕ ਚਿੱਠੀ ਨੇ ਅਜਿਹਾ ਹਲੂਣਿਆਂ ਕਿ ਅੱਜ ਸਵੇਰ ਦਫਤਰ ਪਹੁੰਚਦਿਆਂ ਹੀ, ਉਹ ਇੱਕ ਇੱਟਾਂ ਦੇ ਭੱਠੇ ਤੇ ਛਾਪਾਮਾਰੀ ਕਰਨ ਪਹੁੰਚ ਗਏ। ਛਾਪਾਮਾਰੀ ਦੌਰਾਨ, ਭੱਠਾ ਮਾਲਿਕਾਂ ਦੀਆਂ ਬੇਨਿਯਮੀਆਂ ਦੀ ਪੋਲ ਖੁੱਲ੍ਹ ਗਈ। ਅਧਿਕਾਰੀਆਂ ਨੇ ਗੈਰਕਾਨੂੰਨੀ ਢੰਗ ਨਾਲ ਹੋ ਰਹੀ, ਮਾਈਨਿੰਗ ਨੂੰ ਗੰਭੀਰਤਾ ਨਾਲ ਲੈਂਦਿਆਂ, ਮੌਕੇ ਤੇ ਹੀ ਰਿਪੋਰਟ ਕਰਕੇ, ਭੱਠਾ ਮਾਲਿਕਾਂ ਦੇ ਖਿਲਾਫ ਅਪਰਾਧਿਕ ਕੇਸ ਦਰਜ਼ ਕਰਨ ਲਈ, ਪੁਲਿਸ ਨੂੰ ਲਿਖਤੀ ਪੱਤਰ ਭੇਜ ਦਿੱਤਾ। ਭਰੋਸੇਯੋਗ ਸੂਤਰਾਂ ਅਨੁਸਾਰ, ਗੈਰਕਾਨੂੰਨੀ ਮਾਈਨਿੰਗ ਦੇ ਗੋਰਖਧੰਦੇ ਨੂੰ ਚੱਲਦਾ ਰੱਖਣ ਵਿੱਚ ਮਾਈਨਿੰਗ ਵਿਭਾਗ ਦੇ ਇੱਕ ਅਧਿਕਾਰੀ ਦੀ ਮਿਲੀਭੁਗਤ ਦਾ ਵੀ ਨਾਂ ਬੋਲਦਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿਲੇ ਦੇ ਇੱਕ ਭੱਠਾ ਮਾਲਿਕ ਵੱਲੋਂ ਮਾਈਨਿੰਗ ਪਾਲਿਸੀ ਦੀਆਂ ਧੱਜੀਆਂ ਉਡਾ ਕੇ ਕੀਤੀ ਜਾ ਰਹੀ, ਮਾਈਨਿੰਗ ਦੇ ਸਬੰਧ ਵਿੱਚ ਲੰਘੀ ਕੱਲ੍ਹ,  ਨੈਸ਼ਨਲ ਐਂਟੀ ਕੁਰੱਪਸ਼ਨ ਕੌਂਸਲ ਦੇ ਜਿਲ੍ਹਾ ਪ੍ਰਧਾਨ ਬੇਅੰਤ ਸਿੰਘ ਬਾਜਵਾ ਨੇ ਮਾਈਨਿੰਗ ਐਂਡ ਭੂੰ ਵਿਗਿਆਨ ਵਿਭਾਗ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਈਮੇਲ ਰਾਹੀਂ ਇੱਕ ਸ਼ਕਾਇਤ ਦਰਜ਼ ਕਰਵਾਈ । ਇਸ ਸ਼ਕਾਇਤ ਦੇ ਅਧਾਰ ਤੇ ਹੀ ਅੱਜ ਮਾੲਨਿੰਗ ਐਂਡ ਡਰੇਨਜ ਵਿਭਾਗ ਦੇ ਐਸ.ਡੀ.ੳ. ਬਲਜੀਤ ਸਿੰਘ ਦੀ ਅਗਵਾਈ ਵਿੱਚ ਵਿਭਾਗ ਦੀ ਟੀਮ ਨੇ ਸ਼ਕਾਇਤਕਰਤਾ ਨੂੰ ਨਾਲ ਲੈ ਕੇ ਸਬੰਧਿਤ ਭੱਠੇ ਤੇ ਛਾਪਾ ਮਾਰਿਆ। ਛਾਪਾਮਾਰੀ ਦੌਰਾਨ, ਸ਼ਕਾਇਤ ਕਰਤਾ ਦੇ ਲਿਖਤੀ ਤੌਰ ਤੇ ਲਗਾਏ ਦੋਸ਼ ਸਹੀ ਪਾਏ ਗਏ। ਅਧਿਕਾਰੀਆਂ ਦੀ ਟੀਮ ਨੇ ਮੌਕੇ ਤੇ ਡੰਪ ਕੀਤੀ ਹੋਈ, ਮਿੱਟੀ ਦੀ ਮਿਣਤੀ ਸ਼ੁਰੂ ਕਰ ਦਿੱਤੀ ਅਤੇ ਉਸ ਜਮੀਨ ਦਾ ਵੀ ਮੌਕਾ ਮੁਆਇਨਾ ਕੀਤਾ, ਜਿੱਥੋਂ ਗੈਰਕਾਨੂੰਨੀ ਢੰਗ ਨਾਲ, ਬਿਨਾਂ ਫੀਸ ਭਰੇ ਅਤੇ ਬਿਨਾਂ ਮੰਜੂਰੀ ਤੋਂ ਮਾਈਨਿੰਗ ਕੀਤੀ ਜਾ ਰਹੀ ਸੀ।                                 

Advertisement

      ਮਾੲਨਿੰਗ ਐਂਡ ਡਰੇਨਜ ਵਿਭਾਗ ਦੇ ਐਸ.ਡੀ.ੳ. ਬਲਜੀਤ ਸਿੰਘ ਨੇ ਮੌਕੇ ਤੇ ਤਿਆਰ ਕੀਤੀ ਰਿਪੋਰਟ ਵਿੱਚ ਲਿਖਿਆ ਕਿ ਵਿਭਾਗ ਨੂੰ ਇਲ-ਲੀਗਲ ਮਾਈਨਿੰਗ ਸੰਬੰਧੀ ਇੱਕ ਸ਼ਿਕਾਇਤ ਪ੍ਰਾਪਤ ਹੋਈ ਸੀ। ਜਿਸ ਦੇ ਸੰਬੰਧ ਵਿਚ ਮੌਕਾ ਦੇਖਿਆ ਗਿਆ। ਮੌਕਾ ਦੇਖਣ ਪਹੁੰਚੀ ਟੀਮ ਵਿੱਚ ਬਲਜੀਤ ਸਿੰਘ ਉੱਪ ਮੰਡਲ ਅਫਸਰ , ਬੇਲਦਾਰ ਚੂਹੜ ਸਿੰਘ ,ਬੇਲਦਾਰ ਗੁਰਮੇਲ ਸਿੰਘ, ਬੇਲਦਾਰ ਅਜੇ ਕੁਮਾਰ , ਬੇਅੰਤ ਸਿੰਘ ਬਾਜਵਾ ਸ਼ਿਕਾਇਤਕਰਤਾ ਆਪਣੇ ਸਾਥੀਆਂ ਨਵਦੀਪ ਗਰਗ ਪੁੱਤਰ ਸ਼੍ਰੀ ਵਿਜੇ ਕੁਮਾਰ, ਅਜੇ ਟੱਲੇਵਾਲ ਪੁੱਤਰ ਸ੍ਰੀ ਮੇਜਰ ਸਿੰਘ ਵੀ ਮੌਕੇ ਤੇ ਹਾਜ਼ਿਰ ਰਹੇ।                                           

    ਐਸ.ਡੀ.ੳ. ਅਨੁਸਾਰ ਮੌਕੇ ਉੱਪਰ ਭੱਠਾ ਮਾਲਿਕਾਂ ਵੱਲੋਂ ਬਿਨਾਂ ਕਿਸੇ ਅਧਿਕਾਰਤ ਸੋਰਸ ਤੋਂ ਅਤੇ ਬਿਨਾਂ ਕਿਸੇ ਮਨਜੂਰੀ ਤੋਂ 76 ਹਜ਼ਾਰ 354 ਮੈਟ੍ਰਿਕ ਟਨ ਮਿੱਟੀ ਦੀ ਮਿਕਦਾਰ , ਡੰਪ ਕੀਤੀ ਹੋਈ ਪਾਈ ਗਈ । ਇਸ ਤੋਂ ਇਲਾਵਾ ਇਨ੍ਹਾਂ ਵੱਲੋਂ ਰੂਲਾ ਮੁਤਾਬਕ A1 ਫਾਰਮ ਪਿੰਡ ਰੂੜੇਕੇ ਕਲਾਂ ਬੀ ਵਿਚੋਂ ਖੇਤ ਵਿੱਚੋਂ ਮਿੱਟੀ ਪੁੱਟਣ ਲਈ ਜਮ੍ਹਾਂ ਕਰਵਾਇਆ ਗਿਆ ਸੀ। ਪਰ ਬਕਾਇਆ ਫੀਸਾਂ ਨਾ ਭਰਨ ਕਰਕੇ ਇਨ੍ਹਾਂ ਨੂੰ B1 ਫਾਰਮ ਜਾਰੀ ਨਹੀ ਕੀਤਾ ਗਿਆ । ਜਿਸ ਕਰਕੇ ਇਨ੍ਹਾਂ ਵੱਲੋਂ ਇਸ ਖੇਤ ਵਿੱਚ ਪੁੱਟੀ ਗਈ ਮਿੱਟੀ ਵੀ ਗੈਰਕਾਨੂੰਨੀ ਹੈ,ਜਿਸ ਦੀ ਮਿਕਦਾਰ ਲਗਪਗ 13 ਹਜ਼ਾਰ 578 ਮੈਟ੍ਰਿਕ ਟਨ ਬਣਦੀ ਹੈ । ਜਿਸ ਉਪਰ ਕਾਰਵਾਈ ਕਰਦੇ ਹੋਏ ਮੁੱਖ ਥਾਣਾ ਅਫਸਰ ਰੁੜਕੇ ਕਲਾਂ ਅਤੇ ਉੱਚ ਅਧਿਕਾਰੀਆਂ ਨੂੰ ਲਿਖਿਆ ਗਿਆ ਹੈ । ਉੱਧਰ ਥਾਣਾ ਰੂੜੇਕੇ ਕਲਾਂ ਦੇ ਐਸ.ਐਚ.ੳ. ਨੇ ਦੱਸਿਆ ਕਿ ਦੋਸ਼ੀਆਂ ਖਿਲਾਫ ਕੇਸ ਦਰਜ਼ ਕਰਨ ਲਈ, ਉਨ੍ਹਾਂ ਕੋਲ, ਮਾਈਨਿੰਗ ਅਧਿਕਾਰੀ ਨੇ ਲਿਖਤੀ ਪੱਤਰ ਭੇਜਿਆ ਸੀ। ਪਰੰਤੂ, ਕੇਸ ਦਰਜ਼ ਕਰਵਾਉਣ ਲਈ, ਉਨ੍ਹਾਂ ਇਹ ਪੱਤਰ ਮਾਨਯੋਗ ਐਸ.ਐਸ.ਪੀ. ਦਫਤਰ ਰਾਹੀਂ ਨਹੀਂ ਭੇਜਿਆ ਸੀ, ਉਨ੍ਹਾਂ ਕਾਨੂੰਨੀ ਕਾਰਵਾਈ ਕਰਵਾਉਣ ਲਈ, ਪੱਤਰ, ਐਸ.ਐਸ.ਪੀ. ਸਾਹਿਬ ਰਾਹੀਂ ਭੇਜਣ ਲਈ, ਮਾਈਨਿੰਗ ਅਧਿਕਾਰੀ ਨੂੰ ਤਾਕੀਦ ਕੀਤੀ ਗਈ ਹੈ। ਐਸ.ਐਸ.ਪੀ. ਸਾਹਿਬ ਦੇ ਹੁਕਮਾਂ ਅਨੁਸਾਰ, ਦੋਸ਼ੀਆਂ ਖਿਲਾਫ ਉਚਿਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਇੱਕ ਅਧਿਕਾਰੀ ਲੈਂਦਾ ਰਿਹੈ 7 ਹਜ਼ਾਰ ਰੁਪਏ ਮਹੀਨਾ !

  ਸ਼ਕਾਇਤਕਰਤਾ ਬੇਅੰਤ ਸਿੰਘ ਬਾਜਵਾ ਨੇ ਦੱਸਿਆ ਕਿ ਗੈਰਕਾਨੂੰਨੀ ਮਾਈਨਿੰਗ ਦੇ ਇਸ ਗੋਰਖਧੰਦੇ ਨੂੰ ਬੇਰੋਕ-ਟੋਕ ਚਲਦਾ ਰੱਖਣ ਵਿੱਚ ਮਾਈਨਿੰਗ ਵਿਭਾਗ ਦੇ ਇੱਕ ਅਧਿਕਾਰੀ ਦੀ ਮਿਲੀਭੁਗਤ ਦੇ ਠੋਸ ਸਬੂਤ ਉਨ੍ਹਾਂ ਕੋਲ ਮੌਜੂਦ ਹਨ। ਜਿਹੜਾ ਭੱਠਾ ਮਾਲਿਕਾਂ ਤੋਂ 7 ਹਜ਼ਾਰ ਰੁਪਏ ਮਹੀਨਾ ਵਸੂਲਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਅੱਜ ਸ਼ਕਾਇਤ ਤੋਂ ਬਾਅਦ ਮਾਈਨਿੰਗ ਅਧਿਕਾਰੀਆਂ ਨੇ ਛਾਪਾਮਾਰੀ ਕਰਕੇ, ਕੇਸ ਦਰਜ਼ ਕਰਵਾਉਣ ਵੱਲ ਇੱਕ ਕਦਮ ਵਧਾਇਆ ਹੈ। ਪਰੰਤੂ ਇੱਨ੍ਹਾਂ ਹੀ ਕਾਫੀ ਨਹੀਂ ਹੈ, ਉਨ੍ਹਾਂ ਕਿਹਾ ਕਿ ਮਾਈਨਿੰਗ ਵਿਭਾਗ ਦੇ ਮਿਲੀਭੁਗਤ ਰੱਖਣ ਵਾਲੇ ਅਧਿਕਾਰੀਆਂ ਦੀ ਭੂਮਿਕਾ ਦੀ ਜਾਂਚ ਕਰਵਾਉਣ ਲਈ, ਵਿਜੀਲੈਂਸ ਵਿਭਾਗ ਨੂੰ ਵੱਖਰੇ ਤੌਰ ਤੇ ਸ਼ਕਾਇਤ ਭੇਜ਼ ਰਿਹਾ ਹਾਂ ਤਾਂਕਿ ਗੈਰਕਾਨੂੰਨੀ ਮਾਈਨਿੰਗ ਦੇ ਧੰਦੇ ਵਿੱਚ ਸ਼ਾਮਿਲ ਅਧਿਕਾਰੀਆਂ ਤੇ ਕਰਮਚਾਰੀਆਂ ਖਿਲਾਫ ਵੀ ਕਾਨੂੰਨੀ ਕਾਰਵਾਈ ਹੋ ਸਕੇ।

Advertisement
Advertisement
Advertisement
Advertisement
Advertisement
error: Content is protected !!