ਦੀਵਾਲੀ ਤੇ ਹੋਰ ਤਿਉਹਾਰਾਂ ਦੇ ਮੱਦੇਨਜ਼ਰ ਬਾਜ਼ਾਰਾਂ ‘ਚ ਆਵਾਜਾਈ ਸੁਖਾਲੀ ਬਣਾਉਣ ਦੇ ਵੀ ਆਦੇਸ਼
-ਆਵਾਜਾਈ ਨਿਯਮਾਂ ਦੀ ਉਲੰਘਣਾ ਬਰਦਾਸ਼ਤ ਨਹੀਂ, ਕੱਟੇ ਜਾਣ ਚਲਾਨ-ਸਾਕਸ਼ੀ ਸਾਹਨੀ
ਰਿਚਾ ਨਾਗਪਾਲ/ ਪਟਿਆਲਾ, 17 ਅਕਤੂਬਰ 2022
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਟ੍ਰੈਫਿਕ ਪੁਲਿਸ ਨੂੰ ਹਦਾਇਤ ਕੀਤੀ ਕਿ ਆਵਾਜਾਈ ਨੇਮਾਂ ਦੀ ਸਖ਼ਤੀ ਨਾਲ ਪਾਲਣਾ ਕਰਵਾਉਣ ਲਈ ਪਟਿਆਲਾ ਸ਼ਹਿਰ ਅੰਦਰਲੀਆਂ ਵੱਖ-ਵੱਖ ਸੜ੍ਹਕਾਂ ‘ਤੇ ਬਣਾਏ ਜਾ ਰਹੇ ਜ਼ੀਰੋ ਟਾਲਰੈਂਸ ਜ਼ੋਨਜ਼ ਨੂੰ ਸਫ਼ਲ ਬਣਾਇਆ ਜਾਵੇ। ਉਨ੍ਹਾਂ ਇਹ ਵੀ ਆਦੇਸ਼ ਦਿੱਤੇ ਕਿ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਸਖ਼ਤੀ ਨਾਲ ਕੱਟੇ ਜਾਣ ਦੇ ਨਾਲ-ਨਾਲ ਲੋਕਾਂ ਨੂੰ ਆਵਾਜਾਈ ਨਿਯਮਾਂ ਦੇ ਪਾਲਣ ਲਈ ਨਿਯਮਤ ਤੌਰ ‘ਤੇ ਜਾਗਰੂਕ ਵੀ ਕੀਤਾ ਜਾਵੇ।
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸੜ੍ਹਕ ਸੁਰੱਖਿਆ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਾਕਸ਼ੀ ਸਾਹਨੀ ਨੇ ਨਗਰ ਨਿਗਮ ਅਤੇ ਟ੍ਰੈਫਿਕ ਪੁਲਿਸ ਨੂੰ ਆਦੇਸ਼ ਦਿੱਤੇ ਕਿ ਦੀਵਾਲੀ ਤੇ ਹੋਰ ਤਿਉਹਾਰਾਂ ਦੇ ਮੱਦੇਨਜ਼ਰ ਬਾਜ਼ਾਰਾਂ ਵਿੱਚ ਆਵਾਜਾਈ ਸੁਖਾਲੀ ਬਣਾਉਣ ਲਈ ਅਗੇਤੇ ਬੰਦੋਬਸਤ ਕੀਤੇ ਜਾਣ ਅਤੇ ਪਾਰਕਿੰਗ ਵਾਲੀਆਂ ਥਾਵਾਂ ਦੀ ਪਛਾਣ ਕਰ ਲਈ ਜਾਵੇ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਨਿਵਾਸੀਆਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਸੁਰੱਖਿਅਤ ਆਵਾਜਾਈ ਲਈ ਟ੍ਰੈਫਿਕ ਪੁਲਿਸ ਅਤੇ ਪ੍ਰਸ਼ਾਸਨ ਨੂੰ ਸਹਿਯੋਗ ਕੀਤਾ ਜਾਵੇ। ਉਨ੍ਹਾਂ ਨੇ ਜ਼ਿਲ੍ਹੇ ਦੀਆਂ ਸੜ੍ਹਕਾਂ ਉਪਰ ਵਧੇਰੇ ਹਾਦਸਿਆਂ ਵਾਲੇ ਪਛਾਣ ਕੀਤੇ 55 ਬਲੈਕ ਸਪਾਟ, ਵਿਖੇ ਹਾਦਸੇ ਘਟਾਉਣ ਲਈ ਮੀਟਿੰਗ ਵਿੱਚ ਮੌਜੂਦ, ਏ.ਡੀ.ਸੀ. (ਜੀ) ਗੁਰਪ੍ਰੀਤ ਸਿੰਘ ਥਿੰਦ ਤੇ ਐਸ.ਪੀ. (ਪੀ.ਬੀ.ਆਈ. ਤੇ ਟ੍ਰੈਫਿਕ) ਰਾਕੇਸ਼ ਕੁਮਾਰ ਨੂੰ ਕਿਹਾ ਕਿ ਉਹ ਸਬੰਧਤ ਵਿਭਾਗਾਂ ਨਾਲ ਤਾਲਮੇਲ ਕਰਕੇ ਕਾਰਵਾਈ ਕਰਨੀ ਯਕੀਨੀ ਬਣਾਉਣ, ਤਾਂ ਕਿ ਕੀਮਤੀ ਜਾਨਾਂ ਅਜਾਂਈ ਨਾ ਜਾਣ।
ਸਾਕਸ਼ੀ ਸਾਹਨੀ ਨੇ ਸੜਕਾਂ ਨੂੰ ਹਾਦਸਾ ਰਹਿਤ ਬਣਾਉਣ ਅਤੇ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਸ਼ਹਿਰ ‘ਚ ਟ੍ਰੈਫਿਕ ਮਾਰਸ਼ਲਾਂ ਦੀਆਂ ਸੇਵਾਵਾਂ ਲੈਣ ‘ਤੇ ਵੀ ਜ਼ੋਰ ਦਿੱਤਾ। ਮੀਟਿੰਗ ‘ਚ ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਜੀਵਨ ਜੋਤ ਕੌਰ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਅਸ਼ਵਨੀ ਅਰੋੜਾ, ਰੋਡ ਸੇਫਟੀ ਇੰਜੀਨੀਅਰ ਸ਼ਵਿੰਦਰ ਬਰਾੜ, ਪਟਿਆਲਾ ਫਾਊਂਡੇਸ਼ਨ ਤੋਂ ਰਵੀ ਆਹਲੂਵਾਲੀਆ, ਸਮਾਜ ਸੇਵੀ ਐਚ.ਪੀ.ਐਸ. ਲਾਂਬਾ, ਟ੍ਰੈਫਿਕ ਇੰਚਾਰਜ ਇੰਸਪੈਕਟਰ ਪ੍ਰੀਤਇੰਦਰ ਸਿੰਘ ਸਮੇਤ ਹੋਰ ਅਧਿਕਾਰੀ ਮੌਜੂਦ ਸਨ।