ਹਕੂਮਤੀ ਬਦਲਾਅ-ਸਿਰਫ ਪੱਗ ਦੇ ਰੰਗ ਤੋਂ ਬਿਨਾਂ ਸੂਬੇ ‘ਚ ਕੁੱਝ ਨਹੀਂ ਬਦਲਿਆ

Advertisement
Spread information

ਸ਼ਹੀਦ ਭਗਤ ਸਿੰਘ ਦੀ ਮਾਰਗ ਸੇਧ ਹੀ ਲੋਕ ਕਲਿਆਣ ਦਾ ਸਹੀ ਰਾਹ -ਉਗਰਾਹਾਂ

ਆਪਣੇ ਨਾਇਕ ਦੇ ਵਿਚਾਰਾਂ ਤੇ ਆਦਰਸ਼ਾਂ ਉੱਪਰ ਡਟਣ ਦਾ ਸੱਦਾ


ਹਰਿੰਦਰ ਨਿੱਕਾ , ਬਰਨਾਲਾ 28 ਸਤੰਬਰ 2022
     ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਅੱਜ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਬਰਨਾਲਾ ਵਿਖੇ ਕੀਤੀ ਸ਼ਹੀਦ ਭਗਤ ਸਿੰਘ ਜਿੰਦਾਬਾਦ ਰੈਲੀ ਮੌਕੇ ਹਜ਼ਾਰਾਂ ਔਰਤਾਂ ਸਮੇਤ ਲੋਕਾਂ ਦਾ ਸੈਲਾਬ ਉਮੜ ਆਇਆ । ਬਸੰਤੀ ਚੁੰਨੀਆਂ ਤੇ ਬਸੰਤੀ ਪੱਗਾਂ ਸਜਾਕੇ ਅਤੇ ਭਗਤ ਸਿੰਘ ਦੀਆਂ ਤਸਵੀਰਾਂ ਵਾਲੀਆਂ ਤਖਤੀਆਂ ਹੱਥਾਂ ‘ਚ ਫ਼ੜਕੇ ਸਜਿਆ ਵਿਸ਼ਾਲ ਪੰਡਾਲ ਲੋਕ ਮਨਾਂ ‘ਚ ਸ਼ਹੀਦ ਭਗਤ ਸਿੰਘ ਦੇ ਉੱਕਰੇ ਹੋਏ ਬਿੰਬ ਨੂੰ ਪੇਸ਼ ਕਰ ਰਿਹਾ ਸੀ।
     ਇਕੱਠ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਵੱਲੋਂ ਦਿਖਾਏ ਰਾਹ ‘ਤੇ ਚੱਲ ਕੇ ਹੀ ਮੌਜੂਦਾ ਸਮੇਂ ਗੰਭੀਰ ਸੰਕਟ ‘ਚ ਫ਼ਸੇ ਖੇਤੀ ਖੇਤਰ ਅਤੇ ਸਮੁੱਚੇ ਅਰਥਚਾਰੇ ਨੂੰ ਸੰਕਟ ਚੋਂ ਕੱਢ ਕੇ ਤਰੱਕੀ ਦੇ ਰਾਹ ਤੋਰ ਜਾ ਸਕਦਾ ਹੈ । ਸ੍ਰੀ ਉਗਰਾਹਾਂ ਨੇ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਤੇ ਉਸ ਦੇ ਫਿਰਕਾਪ੍ਰਸਤ ਪੈਰੋਕਾਰ ਸ਼ਹੀਦ ਭਗਤ ਸਿੰਘ ਨੂੰ ਸ਼ਹੀਦ ਨਾਂ ਮੰਨਕੇ ਤੇ ਉਸ ਨੂੰ ਅੱਤਵਾਦੀ ਕਹਿ ਕੇ ਸਾਮਰਾਜਵਾਦ ਤੇ ਜਗੀਰਦਾਰੀ ਦੀ ਸੇਵਾ ਕਰਨ ਦਾ ਜੱਦੀ ਪੁਸ਼ਤੀ ਰੋਲ ਹੀ ਨਿਭਾ ਰਹੇ ਹਨ । ਉਹਨਾਂ ਕਿਹਾ ਕਿ ਆਪ ਪਾਰਟੀ ਦੇ ਨਕਲੀ ਇਨਕਲਾਬੀ ਭਗਤ ਸਿੰਘ ਦੇ ਵਿਚਾਰਾਂ ਤੇ ਆਦਰਸ਼ਾਂ ਦਾ ਤੱਤ ਰੋਲਕੇ ਫੋਕੇ ਹੋਕਰਿਆਂ ਰਾਹੀਂ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ । ਉਹਨਾਂ ਕਿਹਾ ਕਿ ਸ਼ਹੀਦ ਭਗਤ ਦੀ ਮਾਰਗ ਸੇਧ ਹੀ ਲੋਕ ਕਲਿਆਣ ਦਾ ਇੱਕੋ ਇੱਕ ਰਾਹ ਹੈ । ਉਹਨਾਂ ਕਿਹਾ ਕਿ ਜਿੰਨਾ ਚਿਰ ਮੁਲਕ ਚੋਂ ਸਾਮਰਾਜੀ ਗਲਬਾ ਖ਼ਤਮ ਨਹੀਂ ਹੁੰਦਾ ਤੇ ਜਦੋਂ ਤੱਕ ਜਗੀਰਦਾਰੀ ਤੇ ਸੂਦਖੋਰੀ ਦੀ ਅੰਨੀ ਲੁੱਟ ਦਾ ਤੰਦੂਆ ਜਾਲ ਸਾਡੇ ਗਲੋਂ ਨਹੀਂ ਲੈਂਦਾ । ਉਦੋਂ ਤੱਕ ਨਾਂ ਕਿਸਾਨ ਖੁਸ਼ਹਾਲ ਜੀਵਨ ਜਿਉਂ ਸਕਦਾ ਨਾ ਮੁਲਕ ਆਜ਼ਾਦ ਤੇ ਆਤਮ ਨਿਰਭਰ ਵਿਕਾਸ ਦੇ ਰਾਹ ਅੱਗੇ ਵਧ ਸਕਦਾ ਹੈ।
     ਇਸ ਮੌਕੇ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਸ਼ਹੀਦੇ ਆਜ਼ਮ ਭਗਤ ਸਿੰਘ ਹੀ ਅਜਿਹਾ ਵਿਚਾਰਵਾਨ ਇਨਕਲਾਬੀ ਸੀ । ਜਿਸ ਨੇ ਕੌਮ ਦੇ ਮੂਹਰੇ ਇਸ ਦੇ ਕਲਿਆਣ ਲਈ ਠੋਸ ਤੇ ਸਪੱਸ਼ਟ ਸੰਕਲਪ ਰੱਖਿਆ ਸੀ। ਉਹਨਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਨੇ ਆਪਣੀ ਤੀਖਣ ਬੁੱਧੀ ਦੇ ਜੋਰ ਗੋਰੇ ਅੰਗਰੇਜਾਂ ਦੀ ਥਾਂ ਕਾਲ਼ੇ ਅੰਗਰੇਜ਼ਾਂ ਦੀ ਆਮਦ ਬਾਰੇ ਪਹਿਲਾਂ ਹੀ ਭਵਿੱਖ ਬਾਣੀ ਕਰ ਦਿੱਤੀ ਸੀ। 
     ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਤੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਭਾਵੇਂ ਆਪ ਵਾਲੇ ਬਦਲਾਅ ਦੀ ਹਕੂਮਤ ਦੀ ਗੱਲ ਕਰਦੇ ਆ ਪਰ ਉਹਨਾਂ ਦੇ ਰਾਜ ਵਿੱਚ ਪੱਗ ਦੇ ਰੰਗ ਤੋਂ ਬਿਨਾਂ ਕੁੱਝ ਵੀ ਨਹੀਂ ਬਦਲਿਆ। ਉਨ੍ਹਾਂ ਕਿਹਾ ਕਿ ਉਹ ਗੱਲ ਤਾਂ ਭਗਤ ਸਿੰਘ ਦੇ ਸੁਪਨਿਆਂ ਦਾ ਰਾਜ ਲਿਆਉਣ ਦੀ ਕਰਦੇ ਆ ਪਰ ਮੁਲਕ ਦੇ ਵਿਕਾਸ ਲਈ ਲਾਗੂ ਓਹੀ ਕਾਰਪੋਰੇਟ ਮਾਡਲ ਕਰਦੇ ਹਨ । ਜਿਸ ਨੂੰ ਹੁਣ ਤੱਕ ਕਾਂਗਰਸ , ਅਕਾਲੀ, ਭਾਜਪਾਈ ਤੇ ਹੋਰ ਹਾਕਮ ਜਮਾਤੀ ਪਾਰਟੀਆਂ ਲਾਗੂ ਕਰਦੀਆਂ ਆ ਰਹੀਆਂ ਹਨ। ਉਹ ਭਗਤ ਸਿੰਘ ਆਦਰਸ਼ਾਂ ਤੇ ਵਿਚਾਰਾਂ ਦਾ ਤੱਤ ਰੋਲਕੇ ਨਾਂ ਸਿਰਫ਼ ਲੋਕਾਂ ਨਾਲ਼ ਸਗੋਂ ਭਗਤ ਸਿੰਘ ਨਾਲ਼ ਵੀ ਧ੍ਰੋਹ ਕਮਾ ਰਹੇ ਹਨ।ਔਰਤ ਕਿਸਾਨ ਆਗੂ ਹਰਿੰਦਰ ਬਿੰਦੂ ਨੇ ਕਿਸਾਨੀ ਤੇ ਕੌਮ ਦੇ ਕਲਿਆਣ ਲਈ ਚੱਲ ਰਹੇ ਸੰਘਰਸ਼ਾਂ ‘ਚ ਔਰਤ ਵਰਗ ਦੇ ਯੋਗਦਾਨ ਤੇ ਮਹੱਤਵ ਨੂੰ ਉਭਾਰਿਆ।ਉਨ੍ਹਾਂ ਔਰਤਾਂ ਨੂੰ  ਸੰਘਰਸ਼ਾਂ ਨਾਲ ਹੱਕ਼ ਹਾਸਲ ਕਰਨ ਤੇ ਵੱਡੀਆਂ ਜਿੱਤਾਂ ਹਾਸਲ ਕਰਨ ਲਈ ਅੱਗੇ ਆਉਣ ਦਾ ਸੱਦਾ ਦਿੱਤਾ।ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਕਿਹਾ ਕਿ ਭਗਤ ਸਿੰਘ ਦੇ ਰਾਹ ਚੱਲਕੇ ਹੀ ਜਾਤਾਂ, ਧਰਮਾਂ, ਨਸਲਾਂ ਤੇ ਲਿੰਗ ਵਿਤਕਰਿਆਂ ਤੋਂ ਮੁਕਤ ਬਰਾਬਰੀ ਤੇ ਭਾਈਚਾਰੇ ‘ਤੇ ਅਧਾਰਿਤ ਸੱਚਾ ਲੋਕਾਸ਼ਾਹੀ ਰਾਜ ਸਥਾਪਤ ਹੋ ਸਕਦਾ ਹੈ।
    ਪੀ.ਐਸ.ਯੂ. (ਸ਼ਹੀਦ ਰੰਧਾਵਾ) ਦੇ ਆਗੂ ਹੁਸ਼ਿਆਰ ਸਿੰਘ ਸਲੇਮਗੜ ਤੇ ਨੌਜਵਾਨ ਭਾਰਤ ਸਭਾ ਦੇ ਆਗੂ ਅਸ਼ਵਨੀ ਘੁੱਦਾ ਨੇ  ਆਉਣ ਵਾਲੇ ਲੋਕ ਸੰਘਰਸ਼ਾਂ ‘ਚ ਨਾਂ ਸਿਰਫ਼ ਨੌਜਵਾਨਾਂ ਦੀ ਸ਼ਮੂਲੀਅਤ ਦੇ ਮਹੱਤਵ ‘ਤੇ ਜ਼ੋਰ ਦਿੱਤਾ ਸਗੋਂ ਆਉਣ ਵਾਲੇ ਜਾਨ ਹੂਲਵੇਂ ਸੰਘਰਸ਼ਾਂ ਖਾਤਰ ਲੋੜੀਂਦੀ ਮਾਨਸਿਕ ਤਿਆਰੀ ਦਾ ਮਹੱਤਵ ਵੀ ਉਭਾਰਿਆ । ਉਹਨਾਂ ਨੇ ਨੌਜਵਾਨਾਂ ਲਈ ਸ਼ਹੀਦ ਭਗਤ ਸਿੰਘ ਦੇ ਸੰਦੇਸ਼ ਦਾ ਜ਼ਿਕਰ ਕਰਦਿਆਂ ਨੌਜਵਾਨਾਂ ਨੂੰ ਆਪਣੀਆਂ ਜ਼ਿੰਦਗੀਆਂ ਕਿਸਾਨਾਂ ਤੇ ਮਜ਼ਦੂਰਾਂ ਨੂੰ ਜਥੇਬੰਦ ਕਰਨ ਦੇ ਲੇਖੇ ਲਾਉਣ ਦਾ ਸੱਦਾ ਦਿੱਤਾ। ਇਸ ਮੌਕੇ ਠੇਕਾ ਮੁਲਾਜ਼ਮ ਮੋਰਚਾ ਦੇ ਆਗੂ ਜਗਰੂਪ ਸਿੰਘ ਲਹਿਰਾ ਨੇ ਵੀ ਸੰਬੋਧਨ ਕੀਤਾ।
    ਰੈਲੀ ਦੇ ਅੰਤ ‘ਤੇ (ਪਲਸ ਮੰਚ) ਵੱਲੋਂ ਅਮੋਲਕ ਸਿੰਘ ਦੇ ਲਿਖੇ ‘ਤੂੰ ਕਲਮਕਾਰ ਹੈਂ ਲੋਕਾਂ ਦਾ, ਤੂੰ ਹੈਂ ਅਮਰ ਕਦੇ ਨਹੀਂ ਮਰ ਸਕਦਾ’ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਨੂੰ ਸਮਰਪਿਤ ਕੋਰਿਓਗ੍ਰਾਫੀ ਨੇ ਇਸ ਸਮਾਗਮ ਦੇ ਇਨਕਲਾਬੀ ਰੰਗ ਨੂੰ ਹੋਰ ਵੀ ਗਾੜਾ ਕਰ ਦਿੱਤਾ। ਰੈਲੀ ਦੌਰਾਨ ਹਜ਼ਾਰਾਂ ਮਜ਼ਦੂਰ, ਕਿਸਾਨਾਂ, ਔਰਤਾਂ ਤੇ ਨੌਜੁਆਨਾਂ ਦੇ ਵਿਸ਼ਾਲ ਇਕੱਠ ਸਾਹਵੇਂ ਪੇਸ਼ ਕੀਤੇ ਮਤਿਆਂ ਰਾਹੀਂ ਮੋਦੀ ਸਰਕਾਰ ਵੱਲੋਂ ਐਸ ਵਾਈ ਐਲ ਨਹਿਰ ਦੇ ਮੁੱਦੇ ਨੂੰ ਮੁੜ ਉਭਾਰ ਕੇ  ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਚ ਪਾਟਕ ਪਾਊ ਚਾਲਾਂ ਤੋਂ ਦੋਹਾਂ ਸੂਬਿਆਂ ਦੇ ਕਿਸਾਨਾਂ ਨੂੰ ਸੁਚੇਤ ਰਹਿਣ ਤੇ ਇਸ ਮੁੱਦੇ ਦਾ ਜਮਹੂਰੀ ਢੰਗ ਨਾਲ ਹੱਲ ਕਰਨ ਦੀ ਮੰਗ ਕੀਤੀ ਗਈ। ਦੂਸਰੇ ਮਤੇ ਰਾਹੀਂ ਪੰਜਾਬ ਵਿੱਚ ਵੱਖ ਵੱਖ ਫਿਰਕੂ ਸ਼ਕਤੀਆਂ ਤੇ ਵੋਟ ਸਿਆਸਤਦਾਨਾਂ ਵੱਲੋਂ ਲੋਕਾਂ ਦੀ ਏਕਤਾ ਚ ਪਾਟਕ ਪਾਉਣ ਦੇ ਹੱਥ ਕੰਡਿਆਂ ਨੂੰ ਰੱਦ ਕਰਦੇ ਹੋਏ ਆਪਸੀ ਏਕਾ ਤੇ ਭਾਈਚਾਰਕ ਬਣਾ ਕੇ ਹੱਕਾਂ ਦੇ ਸੰਘਰਸ਼ਾਂ ਤੇ ਕੇਂਦ੍ਰਿਤ ਕਰਨ ਦਾ ਸੱਦਾ ਦਿੱਤਾ ਗਿਆ। ਤੀਸਰੇ ਮਤੇ ਰਾਹੀਂ ਮੋਦੀ ਸਰਕਾਰ ਵੱਲੋਂ ਗ੍ਰਿਫ਼ਤਾਰ ਕੀਤੇ ਬੁੱਧੀਜੀਵੀਆਂ ਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਰ ਧਰਮ, ਜਾਤ ਦੇ ਸਿਆਸੀ ਕੈਦੀਆਂ ਨੂੰ ਬਿਨਾ ਸ਼ਰਤ  ਰਿਹਾਅ ਕਰਨ ਦੀ ਮੰਗ ਕੀਤੀ ਗਈ ਅਤੇ ਇੱਕ ਹੋਰ ਮਤੇ ਰਾਹੀਂ ਮਰਹੂਮ ਤੇ ਉੱਘੇ ਨਾਟਕਕਾਰ ਗੁਰਸ਼ਰਨ ਸਿੰਘ ਦੇ ਅੰਮ੍ਰਿਤਸਰ ਵਿਖੇ ਜੱਦੀ ਘਰ ਨੂੰ ਵਿਰਾਸਤੀ ਦਰਜਾ ਦੇਣ ਦੀ ਮੰਗ ਕੀਤੀ ਗਈ।ਲੋਕਾਂ ਵੱਲੋਂ ਸ਼ਹੀਦ ਭਗਤ ਜ਼ਿੰਦਾਬਾਦ ਦੇ ਨਾਅਰਿਆਂ ਨਾਲ ਮਤਿਆਂ ਨੂੰ ਪ੍ਰਵਾਨਗੀ ਦਿੱਤੀ ਗਈ।
Advertisement
Advertisement
Advertisement
Advertisement
Advertisement
error: Content is protected !!