ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨਾਲ ਸਬੰਧਤ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੈਂਬਰਾਂ ਨੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੱਖਰੀ ਮਾਨਤਾ ਮਿਲਣ ਲਈ ਬਾਦਲ ਪਰਿਵਾਰ ਦੀਆਂ ਨੀਤੀਆਂ ਨੂੰ ਦੱਸਿਆ ਪੰਥ ਵਿਰੋਧੀ
ਸੰਗਰੂਰ 23 ਸਤਬੰਰ (ਹਰਪ੍ਰੀਤ ਕੌਰ ਬਬਲੀ)
ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨਾਲ ਸਬੰਧਤ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੈਂਬਰਾਂ ਨੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੱਖਰੀ ਮਾਨਤਾ ਮਿਲਣ ਲਈ ਬਾਦਲ ਪਰਿਵਾਰ ਦੀਆਂ ਪੰਥ ਵਿਰੋਧੀ ਨੀਤੀਆਂ ਨੂੰ ਜਿੰਮੇਵਾਰ ਠਹਿਰਾਇਆ ਹੈ। ਇਥੇ ਨਾਨਕਿਆਣਾ ਚੋਂਕ ਵਿਖੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਕਿਹਾ ਕਿ ਬਾਦਲ ਪਰਿਵਾਰ ਦੀ ਅਗਵਾਈ ਹੇਠ ਚਲੀ ਆ ਰਹੀ ਸ਼੍ਰੋਮਣੀ ਕਮੇਟੀ ਮੈਂਬਰਾਂ ਦੀਆਂ ਭਾਵਨਾਵਾਂ ਤੇ ਸਮੱਸਿਆਵਾਂ ਵੱਲ ਉੱਕਾ ਹੀ ਕਦੇ ਧਿਆਨ ਨਹੀ ਦਿੱਤਾ ਜਿਸ ਕਰਕੇ ਹਰਿਆਣਾ ਦੇ ਸਿੱਖ ਭਾਈਚਾਰੇ ਨੂੰ ਵੱਖਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੰਗ ਉਠਾਉਣੀ ਪਈ। ਜਿਸ ਵਿੱਚ ਆਖਿਰ ਹਰਿਆਣਾ ਦੇ ਸਿੱਖ ਸਫਲ ਹੋ ਗਏ। ਇਸੇ ਤਰ੍ਹਾ ਹੀ ਬਾਦਲ ਪਰਿਵਾਰ ਵਲੋਂ ਸ਼੍ਰੋਮਣੀ ਕਮੇਟੀ ਨੂੰ ਨਿੱਜੀ ਸਿਆਸੀ ਹਿੱਤਾਂ ਲਈ ਵਰਤਣ ਕਾਰਨ ਦਿੱਲੀ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ।
ਸ਼ੋ੍ਰਮਣੀ ਕਮੇਟੀ ਮੈਂਬਰਾਂ ਨੇ ਸੁਪਰੀਮ ਕੋਰਟ ਵਿੱਚ ਰਵਿਊ ਰਿੱਟ ਪਾਉਣ ਨੂੰ ਕਿਹਾ ਸਿਆਸੀ ਡਰਾਮਾ ਕਰਾਰ ਦਿੰਦਿਆਂ ਸ਼੍ਰੋਮਣੀ ਕਮੇਟੀ ਮੈਂਬਰ ਜਥੇ. ਮਿੱਠੂ ਸਿੰਘ ਕਾਹਨੇਕੇ ਨੇ ਕਿਹਾ ਕਿ ਬਾਦਲ ਪਰਿਵਾਰ ਨੇ ਪਹਿਲਾ ਸੁਪਰੀਮ ਕੋਰਟ ਅੰਦਰ ਚੱਲ ਰਹੇ ਕੇਸ ਅੰਦਰ ਰੱਤਾ ਵੀ ਪੈਰਵੀ ਨਹੀ ਕੀਤੀ ਸਗੋਂ ਬਾਦਲ ਪਰਿਵਾਰ ਦਾ ਸਾਰਾ ਧਿਆਨ ਸ਼ਾਹਬਾਦ ਮਾਰਕੰਡਾ ਤੇ ਹੋਰ ਥਾਵਾਂ ਉੱਤੇ ਬਣਾਈਆ ਟਰੱਸਟ ਨਿੱਜੀ ਜਾਇਦਾਦਾਂ ਨੂੰ ਬਚਾਉਣ ਵੱਲ ਰਿਹਾ ਹੈ। ਉਹਨਾਂ ਕਿਹਾ ਕਿ ਜੇਕਰ ਹਰਿਆਣਾ ਦੇ ਸਿੱਖਾਂ ਤੇ ਸ਼੍ਰੋਮਣੀ ਕਮੇਟੀ ਮੈਬਰਾਂ ਦੀਆਂ ਸਮਸਿਆਵਾਂ ਤੇ ਮੁਸ਼ਕਲਾਂ ਧਿਆਨ ਨਾਲ ਸੁਣੀਆਂ ਜਾਦੀਆਂ ਤੇ ਇਨਸਾਫ ਦਿੱਤਾ ਜਾਦਾ ਤਾਂ ਵੱਖਰੀ ਕਮੇਟੀ ਬਣਨ ਦਾ ਸਵਾਲ ਹੀ ਪੈਂਦਾ ਨਹੀ ਹੱੁਦਾ ਸੀ.ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਇੱਕ ਅਵਾਜ ਵਿੱਚ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨੇ ਪਹਿਲਾ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਵਿੱਚ ਸੁਧਾਰ ਕਰਨ ਦੀ ਵਿਆਪਕ ਪੱਧਰ ‘ਤੇ ਮੁਹਿੰਮ ਸ਼ੁਰੂ ਕੀਤੀ ਸੀ ਤੇ ਸ਼੍ਰੋਮਣੀ ਕਮੇਟੀ ਅੰਦਰ ਫੈਲੇ ਭ੍ਰਿਸ਼ਟਾਚਾਰ ਬਾਰੇ ਸੰਗਤ ਨੂੰ ਜਾਗਰੂਕ ਕੀਤਾ ਸੀ। ਪਰ ਹੁਣ ਬਾਦਲ ਪਰਿਵਾਰ ਦੀ ਅਗਵਾਈ ਵਾਲੇ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਵਿੱਚ ਆਏ ਨਿਘਾਰ ਬਾਰੇ ਪਰਤਾਂ ਖੁੱਲਣੀਆਂ ਸ਼ੁਰੂ ਹੋ ਗਈਆਂ ਹਨ। ਹਰਿਆਣਾ ਕਮੇਟੀ ਦਾ ਹੋਂਦ ਵਿੱਚ ਆਉਣਾ ਵੀ ਇਸੇ ਸੰਦਰਭ ਦਾ ਹਿੱਸਾ ਹੈ। ਬਾਦਲ ਪਰਿਵਾਰ ਦੀਆਂ ਨਿੱਜੀ ਸਵਾਰਥਾਂ ਲਈ ਕੀਤੀਆਂ ਗਲਤੀਆਂ ਨੇ ਸਿੱਖ ਪੰਥ ਦਾ ਬਹੁਤ ਵੱਡਾ ਨੁਕਸਾਨ ਕੀਤਾ ਹੈ।ਸਿੱਖ ਸਿਧਾਤਾਂ ਤੇ ਮਰਿਯਾਦਾ ਦੀ ਥਾਂ ਥਾਂ ਉਲੰਘਣਾ ਕੀਤੀ ਗਈ ਹੈ।ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਇਹ ਵੀ ਦੋਸ਼ ਲਾਇਆ ਕਿ ਆਲ ਇੰਡੀਆ ਗੁਰਦੁਆਰਾ ਐਕਟ ਬਣਨ ਵਿੱਚ ਸ੍ਰ. ਪ੍ਰਕਾਸ਼ ਸਿੰਘ ਬਾਦਲ ਵਾਰ ਵਾਰ ਰੋੜਾ ਅਟਕਾਉਦੇ ਰਹੇ। ਇੱਥੇ ਤਕ ਕਿ ਸ਼੍ਰੋਮਣੀ ਅਕਾਲੀ ਦਲ ਦੀ ਗੁਰਦੁਆਰਾ ਐਕਟ ਦੀ ਢਿਰੋਕਣੀ ਮੰਗ ਨੂੰ ਦਬਾਕੇ ਰੱਖ ਦਿੱਤਾ।
ਇਸ ਮੋਕੇ ਸ਼੍ਰੋਮਣੀ ਕਮੇਟੀ ਮੈਂਬਰ ਮਿੱਠੂ ਸਿੰਘ ਕਾਹਨੇਕੇ, ਨਿਰਵੈਰ ਸਿੰਘ ਜੌਹਲਾਂ,ਜੈਪਾਲ ਸਿੰਘ ਮੰਡੀਆ,ਹਰਦੇਵ ਸਿੰਘ ਰੋਗਲਾ,ਭਾਈ ਮਲਕੀਤ ਸਿੰਘ ਚੰਗਾਲ,ਜਥੇ. ਰਾਮਪਾਲ ਸਿੰਘ ਬਹਿਣੀਵਾਲ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕੀਤੀ ਕਿ ਬਾਦਲ ਪਰਿਵਾਰ ਦਾ ਪੱਖ ਛੱਡਕੇ ਪੰਥ ਦੇ ਭਲੇ ਲਈ ਪੰਥ ਦੀ ਸਹੀ ਅਗਵਾਈ ਕਰਨ ਤਾਂ ਕਿ ਪੰਥਕ ਏਕਤਾ ਸੰਭਵ ਹੋ ਸਕੇ।