ਸਖੀ ਵਨ ਸਟਾਪ ਸੈਂਟਰ ਰਾਹੀਂ ਔਰਤਾਂ ਦੀ ਜ਼ਿੰਦਗੀ ’ਚ ਸਕਾਰਾਤਮਕ ਬਦਲਾਅ ਲਿਆਉਣ ਦੀ ਕੀਤੀ ਜਾ ਰਹੀ ਹੈ ਕੋਸ਼ਿਸ਼: ਡਿਪਟੀ ਕਮਿਸ਼ਨਰ
ਸੰਗਰੂਰ, 22 ਸਤੰਬਰ (ਹਰਪ੍ਰੀਤ ਕੌਰ ਬਬਲੀ)
ਕਿਸੇ ਵੀ ਤਰਾਂ ਦੀ ਹਿੰਸਾ ਤੋਂ ਪੀੜਤ ਔਰਤਾਂ ਦੀ ਸਹਾਇਤਾ ਲਈ ਸਿਵਲ ਹਸਪਤਾਲ ਸੰਗਰੂਰ ’ਚ ਸਖੀ ਵਨ ਸਟਾਪ ਸੈਂਟਰ ਚਲਾਇਆ ਜਾ ਰਿਹਾ ਹੈ ਜਿੱਥੇ ਪੀੜਤ ਔਰਤਾਂ ਨੂੰ ਡਾਕਟਰੀ ਸਹਾਇਤਾ ਦੇ ਨਾਲ-ਨਾਲ ਪੁਲਿਸ ਤੇ ਕਾਨੂੰਨੀ ਸਹਾਇਤਾ, ਮਾਨਸਿਕ-ਸਮਾਜਿਕ ਸਲਾਹ ਤੇ ਜ਼ਰੂਰਤਮੰਦ ਔਰਤਾਂ ਨੂੰ ਅਸਥਾਈ ਰਿਹਾਇਸ਼ ਵੀ ਪ੍ਰਦਾਨ ਕੀਤੀ ਜਾਂਦੀ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਸਖੀ ਵਨ ਸਟਾਪ ਸੈਂਟਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਨਾਲ ਔਰਤਾਂ ਦੀ ਜ਼ਿੰਦਗੀ ਵਿੱਚ ਸਕਾਰਾਤਮਕ ਬਦਲਾਅ ਲਿਆਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।
ਸ਼੍ਰੀ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਚਲਾਏ ਜਾ ਰਹੇ ਇਸ ਸੈਂਟਰ ’ਚ ਹੁਣ ਤੱਕ ਲਗਭਗ 419 ਮਾਮਲੇ ਰਿਪੋਰਟ ਹੋਏ ਹਨ ਜਿਨਾਂ ’ਚੋਂ 401 ਮਾਮਲਿਆਂ ਨੂੰ ਸੁਲਝਾਇਆ ਜਾ ਚੁੱਕਾ ਹੈ। ਉਨਾਂ ਦੱਸਿਆ ਕਿ 223 ਮਾਮਲਿਆਂ ’ਚ ਪੀੜਤ ਮਹਿਲਾਵਾਂ ਨੂੰ ਮਾਨਸਿਕ ਤੇ ਸਮਾਜਕ ਕੌਂਸਲਿੰਗ ਮੁਹੱਈਆ ਕਰਵਾਈ ਗਈ ਹੈ ਜਦਕਿ 124 ਮਾਮਲਿਆਂ ’ਚ ਪੁਲਿਸ ਸਹਾਇਤਾ ਤੇ 133 ’ਚ ਕਾਨੂੰਨੀ ਕੌਂਸਲਿੰਗ ਕੀਤੀ ਗਈ ਹੈ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਸਖੀ ਵਨ ਸਟਾਪ ਸੈਂਟਰ ’ਚ ਰਿਪੋਰਟ ਹੋਏ 27 ਮਾਮਲਿਆਂ ’ਚ ਪੀੜਤ ਔਰਤਾਂ ਨੂੰ ਡਾਕਟਰੀ ਸਹਾਇਤਾ ਅਤੇ 10 ਲੋੜਵੰਦ ਔਰਤਾਂ ਨੂੰ ਰਿਹਾਇਸ਼ ਵੀ ਮੁਹੱਈਆ ਕਰਵਾਈ ਗਈ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੇਕਰ ਸਮਾਜ ’ਚ ਕੋਈ ਵੀ ਔਰਤ ਘਰੇਲੂ ਜਾਂ ਕਿਸੇ ਵੀ ਹੋਰ ਤਰਾਂ ਦੀ ਹਿੰਸਾ ਦੀ ਸ਼ਿਕਾਰ ਹੈ ਅਤੇ ਉਹ ਸਮਾਜਕ ਡਰ ਕਾਰਨ ਇਸਨੂੰ ਦੱਸ ਨਹੀਂ ਪਾ ਰਹੀ ਤਾਂ ਉਸਦੀ ਵਨ ਸਟਾਪ ਸੈਂਟਰ ਵੱਲੋਂ ਮਦਦ ਕੀਤੀ ਜਾਵੇਗੀ ਅਤੇ ਉਸ ਦੀ ਪਛਾਣ ਵੀ ਗੁਪਤ ਰੱਖੀ ਜਾਵੇਗੀ। ਉਨਾਂ ਕਿਹਾ ਕਿ ਸਖੀ ਵਨ ਸਟਾਪ ਸੈਂਟਰ ’ਚ ਪੀੜਤ ਔਰਤ ਸਿੱਧਾ ਪਹੁੰਚ ਕਰ ਸਕਦੀ ਹੈ ਜਾਂ ਫਿਰ 01672-240760 ’ਤੇ ਸੰਪਰਕ ਕਰ ਕੇ ਸ਼ਿਕਾਇਤ ਕਰ ਸਕਦੀ ਹੈ। ਉਨਾਂ ਦੱਸਿਆ ਕਿ ਪੀੜਤ ਔਰਤ oscsangrur@gmail.com ’ਤੇ ਈ-ਮੇਲ ਰਾਹੀ ਵੀ ਸ਼ਿਕਾਇਤ ਕਰ ਸਕਦੀ ਹੈ।
ਜ਼ਿਲਾ ਪ੍ਰੋਗਰਾਮ ਅਫ਼ਸਰ ਗਗਨਦੀਪ ਸਿੰਘ ਨੇ ਦੱਸਿਆ ਕਿ ਸੈਂਟਰ ’ਚ ਮੌਜੂਦ ਕੌਂਸਲਰ ਵੱਲੋਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਔਰਤਾਂ ਨੂੰ ਢੁਕਵੀ ਸਲਾਹ ਦਿੱਤੀ ਜਾਂਦੀ ਹੈ ਅਤੇ ਡਾਕਟਰੀ ਸਹੂਲਤ ਲੋੜ ਪੈਣ ’ਤੇ ਉਨਾਂ ਨੂੰ ਨੇੜੇ ਦੇ ਸਰਕਾਰੀ ਹਸਪਤਾਲ ਰੈਫ਼ਰ ਕੀਤਾ ਜਾਂਦਾ ਹੈ। ਉਨਾਂ ਦੱਸਿਆ ਕਿ ਕਾਨੂੰਨੀ ਮਾਮਲਿਆਂ ਵਿੱਚ ਸੈਂਟਰ ਦੇ ਵਕੀਲ ਵੱਲੋਂ ਮੁਫ਼ਤ ਲੀਗਲ ਏਡ ਮੁਹੱਈਆ ਕਰਵਾਈ ਜਾਂਦੀ ਹੈ। ਉਨਾਂ ਕਿਹਾ ਕਿ ਹਿੰਸਾ ਤੋਂ ਇਲਾਵਾ ਪੁਲਿਸ ਸਹਾਇਤਾ ਦੇ ਕੇਸਾਂ ਵਿੱਚ ਸਬੰਧਤ ਥਾਣੇ ਨਾਲ ਸੰਪਰਕ ਕਰਕੇ ਸਹਾਇਤਾ ਮੁਹੱਈਆ ਕਰਵਾਈ ਜਾਂਦੀ ਹੈ।