ਹਰਿੰਦਰ ਨਿੱਕਾ , ਬਰਨਾਲਾ 1 ਸਤੰਬਰ 2022
ਸੂਬੇ ਦੀ ਸੱਤਾ ਤਬਦੀਲੀ ਤੋਂ ਨਗਰ ਕੌਂਸਲ ਦੇ ਕੰਮਾਂ ‘ਚ ਕਾਫੀ ਕਰੀਬ ਪੰਜ ਮਹੀਨਿਆਂ ਤੋਂ ਆਈ ਖੜੋਤ ਕਾਰਣ ਅੰਦਰ ਹੀ ਅੰਦਰ ਸੁਲਗ ਰਹੀ ਰੋਹ ਦੀ ਅੱਗ , ਅੱਜ ਕੌਂਸਲ ਦਫਤਰ ਵਿੱਚ ਭਾਂਬੜ ਬਣ ਕੇ ਭੜਕ ਗਈ। ਦਫਤਰ ਵਿੱਚ ਹਾਜ਼ਿਰ ਕੋਂਸਲਰਾਂ ਨੇ ਕਿਹਾ ਕਿ ਜੇਕਰ, ਜੇ.ਈ. ਸਲੀਮ ਦਾ ਮੈਂਬਰਾਂ ਨੂੰ ਅਪਮਾਨਿਤ ਕਰਨ ਵਾਲਾ ਰਵੱਈਆ ਨਾ ਬਦਲਿਆ, ਜਾਂ ਇਸ ਦੀ ਬਦਲੀ ਨਾ ਕੀਤੀ ਗਈ ਤਾਂ ਅਸੀਂ ਸਮੂਹ ਮੈਂਬਰ ਰੋਸ ਵਜੋਂ ਅਸਤੀਫੇ ਦੇਣ ਲਈ, ਮਜਬੂਰ ਹੋਵਾਂਗੇ। ਦਫਤਰ ਵਿੱਚ ਮੌਜੂਦ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ, ਸਾਬਕਾ ਪ੍ਰਧਾਨ ਪਰਮਜੀਤ ਸਿੰਘ ਢਿੱਲੋਂ , ਸੀਨੀਅਰ ਕੌਂਸਲਰ ਧਰਮ ਸਿੰਘ ਫੌਜੀ ਆਦਿ ਬਹੁਗਿਣਤੀ ਕੌਂਸਲਰ, ਅੱਜ ਦੁਪਹਿਰ ਸਮੇਂ ਨਗਰ ਕੌਂਸਲ ਦੇ ਜੀ.ਈ. ਸਲੀਮ ਮੁਹੰਮਦ ਨਾਲ ਕਾਫੀ ਮਿਹਣੋ-ਮਿਹਣੀ ਹੋ ਗਏ। ਜਦੋਂ ਤਕਰਾਰਬਾਜੀ ਤੋਂ ਨੌਬਤ ਹੱਥੋਪਾਈ ਹੋਣ ਵੱਲ ਵਧਦੀ ਦਿਖੀ ਤਾਂ ਜੇ.ਈ. ਸਲੀਮ, ਉੱਥੋਂ ਦੱਬੇ ਪੈਰੀਂ ਕੁੱਝ ਬੋਲ ਦੇ ਹੋਏ ਬਾਹਰ ਨਿੱਕਲ ਗਏ। ਪਾਰਟੀਬਾਜੀ ਤੋਂ ਉੱਪਰ ਉੱਠ ਕੇ ਸੱਤਾਧਾਰੀ ਆਮ ਆਦਮੀ ਪਾਰਟੀ ਨਾਲ ਸਬੰਧਿਤ ਕੌਂਸਲਰਾਂ ਸਣੇ ਬਹੁਗਿਣਤੀ ਕੌਂਸਲਰਾਂ ਨੇ ਜੇ.ਈ. ਦੇ ਰਵੱਈਏ ਤੋਂ ਖਫਾ ਹੋ ਕੇ, ਉਸ ਦੇ ਖਿਲਾਫ ਨਗਰ ਕੌਂਸਲ ਦੀ ਮੀਟਿੰਗ ਵਿੱਚ ਮਤਾ ਪਾਉਣ ਲਈ ਸਹਿਮਤ ਹੋ ਗਏ। ਇਸ ਮੌਂਕੇ ਬਹੁਗਿਣਤੀ ਕੌਂਸਲਰਾਂ ਨੇ ਜੇ.ਈ. ਵੱਲੋਂ ਪ੍ਰਧਾਨ ਸਮੇਤ ਹੋਰ ਕੌਂਸਲਰਾਂ ਨਾਲ ਦੁਰਵਿਵਹਾਰ ਕਰਨ ਦੇ ਸਬੰਧ ਵਿੱਚ ਇੱਕ ਸ਼ਕਾਇਤ ਵੀ ਲਿਖਕੇ ਮੁੱਖ ਮੰਤਰੀ, ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਅਤੇ ਡਾਇਰੈਕਟਰ ਸਥਾਨਕ ਸਰਕਾਰਾਂ ਨੂੰ ਭੇਜਣ ਲਈ, ਕੌਂਸਲਰਾਂ ਨੇ ਹਸਤਾਖਰ ਮੁਹਿੰਮ ਵਿੱਢ ਦਿੱਤੀ। ਸ਼ਕਾਇਤ ਤੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ, ਕੌਂਸਲਰ ਧਰਮਿੰਦਰ ਸ਼ੰਟੀ, ਭੁਪਿੰਦਰ ਸਿੰਘ ਭਿੰਦੀ, ਅਜੇ ਕੁਮਾਰ, ਹਰਬਖਸ਼ ਸਿੰਘ ਗੋਨੀ ਆਦਿ ਨੇ ਦਸਤਖਤ ਵੀ ਕਰ ਦਿੱਤੇ।
ਤੂੰ ਮੁਲਾਜਮ ਹੈਂ, ਤਾਂ ਕੰਮ ਕਰਨਾ ਹੀ ਪਊ ਜਾਂ ਫਿਰ ਮੰਤਰੀ ਦਾ ਉਐਸਡੀ ਲੱਗ ਜਾਹ!
ਨਗਰ ਕੌਂਸਲ ਦਫਤਰ ਵਿੱਚ ਸਾਰਾ ਹੰਗਾਮਾ ਕੌਂਸਲ ਪ੍ਰਧਾਨ, ਈੳ ਮਨਪ੍ਰੀਤ ਸਿੰਘ ਸਿੱਧੂ, ਜੇ.ਈ. ਸਲੀਮ ਮੁਹੰਮਦ ਤੇ ਹੋਰ ਕੌਂਸਲਰਾਂ ਦੀ ਹਾਜ਼ਿਰੀ ਵਿੱਚ ਹੋਇਆ। ਇਸ ਮੌਕੇ ਕੌਂਸਲਰ ਧਰਮ ਸਿੰਘ ਫੌਜੀ ਨੇ ਜੇ.ਈ. ਸਲੀਮ ਨੂੰ ਕਿਹਾ, ਤੂੰ ਨਗਰ ਕੌਂਸਲ ਦਾ ਮੁਲਾਜਮ ਹੈ ਤਾਂ ਕੰਮ ਕੌਂਸਲਰਾਂ ਦੇ ਅਨੁਸਾਰ ਹੀ ਕਰਨਾ ਪਊ,ਜੇ ਹਰ ਵੇਲੇ ਮੰਤਰੀ ਮੰਤਰੀ ਕਰਦੇ ਰਹਿਣਾ ਤਾਂ ਜਾਹ ਮੰਤਰੀ ਦ; ਉਐਸਡੀ ਲੱਗ ਜਾਹ। ਸਾਬਕਾ ਪ੍ਰਧਾਨ ਪ੍ਰਮਜੀਤ ਸਿੰਘ ਢਿੱਲੋਂ ਨੇ ਕਿਹਾ ਕੁੱਝ ਸਮੇਂ ਤੋਂ ਨਗਰ ਕੌਂਸਲ ਤਾਂ ਹੱਡਾਰੋਡੀ ਬਣੀ ਪਈ ਹੈ, ਕੋਈ ਕੰਮ ਨਹੀਂ ਚਲਦੇ, ਲੋਕ ਸਾਨੂੰ ਗੁਰੂ ਘਰ ਅਤੇ ਸੈਬ ਨੂੰ ਜਾਂਦਿਆਂ ਨੂੰ ਵੀ ਘੇਰਨ ਲੱਗ ਪਏ, ਅੱਕ ਤੇ ਅਸੀਂ ਤਾਂ ਸ਼ਰਮ ਦੇ ਮਾਰੇ ਘਰੋਂ ਨਿੱਕਲਣਾ ਹੀ ਬੰਦ ਕਰ ਦਿੱਤਾ। ਸਰਪੰਚ ਗੁਰਦਰਸ਼ਨ ਸਿੰਘ ਬਰਾੜ ਨੇ ਵੀ ਜੇ.ਈ. ਦੇ ਤੌਰ ਤਰੀਕਿਆਂ ਤੇ ਕਾਫੀ ਤਲਖੀ ਦਿਖਾਈ। ਨਗਰ ਕੌਂਸਲ ਦੇ ਪ੍ਰਧਾਨ ਰਾਮਣਵਾਸੀਆ ਨੇ ਕਿਹਾ ਕਿ ਜੇ.ਈ. ਸਲੀਮ ਸ਼ਰੇਆਮ ਕਹਿੰਦਾ ਹੈ ਕਿ ਮੈਂ ਹੀ ਮੰਤਰੀ ਹਾਂ, ਮੈਂ ਹੀ ਐਮ.ਐਲ.ਏ. ਹਾਂ ਤੇ ਪ੍ਰਧਾਨ ਵੀ, ਜੋ ਮੈਂ ਕਹੂੰ ਦਫਤਰ ਵਿੱਚ ਉਹੀ ਹੋਵੇਗਾ। ਉਨਾਂ ਕਿਹਾ ਕਿ ਕੌਂਸਲਰ ਕਿਸੇ ਵੀ ਪਾਰਟੀ ਦਾ ਹੋਵੇ, ਸਾਰੇ ਸਨਮਾਨਯੋਗ ਹਨ, ਕੌਂਸਲ ਕਰਮਚਾਰੀਆਂ ਨੂੰ ਉਨਾਂ ਨੁੰ ਬਣਦਾ ਮਾਣ ਦੇਣਾ ਪਵੇਗਾ ਤੇ ਉਨਾਂ ਦੇ ਵਾਰਡਾਂ ਦੇ ਕੰਮ ਵੀ ਬਿਨਾਂ ਕਿਸੇ ਵਿਤਕਰੇ ਤੋਂ ਕਰਨ ਪੈਣਗੇ।
ਕੀ ਲਿਖਿਆ ਸ਼ਕਾਇਤ ਵਿੱਚ ,,,
ਮਾਨਯੋਗ ਮੁੱਖ ਮੰਤਰੀ ਸਾਹਿਬ, ਬੇਨਤੀ ਹੈ ਕਿ ਨਗਰ ਕੌਂਸਲ ਬਰਨਾਲਾ ਦੇ ਜੂਨੀਅਰ ਇੰਜੀਨੀਅਰ ਸਲੀਮ ਮੁਹੰਮਦ ਜੋ ਕਿ ਬਰਨਾਲਾ ਸ਼ਹਿਰ ਦੇ ਹੀ ਰਹਿਣ ਵਾਲੇ ਹਨ। ਇਹਨਾਂ ਦਾ ਆਮ ਲੋਕਾਂ ਅਤੇ ਨਗਰ ਕੌਂਸਲ ਦੇ ਮੈਂਬਰਾਨ ਪ੍ਰਤੀ ਰਵੱਈਆ ਬਹੁਤ ਹੀ ਮਾੜਾ ਹੈ। ਦਫ਼ਤਰੀ ਸਮੇਂ ਵਿੱਚ ਨਾ ਹੀ ਪਬਲਿਕ ਦਾ ਤੇ ਨਾ ਹੀ ਮੈਂਬਰਾਨ ਸਾਹਿਬ ਵੱਲੋਂ ਵਾਰ ਵਾਰ ਫੋਨ ਕਰਨ ਤੇ ਵੀ ਫੋਨ ਅਟੈਂਡ ਨਹੀਂ ਕਰਦਾ ਅਤੇ ਨਾ ਹੀ ਦਫਤਰ ਵਿੱਚ ਹਾਜ਼ਰ ਮਿਲਦਾ ਹੈ। ਜਦੋਂ ਦਾ ਇਹ ਬਦਲੀ ਉਪਰੰਤ ਜੂਨੀਅਰ ਇੰਜੀਨੀਅਰ ਨਗਰ ਕੌਂਸਲ ਬਰਨਾਲਾ ਵਿਖੇ ਆਇਆ ਹੈ । ਆਮ ਲੋਕਾਂ ਦੇ ਛੋਟੇ ਛੋਟੇ ਕੰਮ ਜਿਵੇਂ ਕਿ ਨਾਲੀਆਂ ਦੀ ਰਿਪੇਅਰ ,ਚੈਂਬਰ, ਪੁਲੀਆ ਆਦਿ ਦਾ ਵੀ ਕੰਮ ਇਸ ਨੇ ਮੁਕੰਮਲ ਤੌਰ ਤੇ ਬੰਦ ਕਰ ਦਿੱਤਾ ਹੈ। ਅੱਜ ਵੀ ਮੇਰੇ ਪਾਸੋਂ ਦਫਤਰੀ ਕੰਮਾ ਕਾਰਾ ਲਈ ਅਤੇ ਜੂਨੀਅਰ ਇੰਜੀਨੀਅਰ ਦੇ ਰਵੱਈਏ ਨੂੰ ਲੈਕੇ , ਦਫਤਰ ਵਿੱਚ ਮੈਂਬਰਾਂ ਦੀ ਮੀਟਿੰਗ ਬੁਲਾਈ ਗਈ ਸੀ। ਉੱਥੇ ਸਾਰਿਆਂ ਦੇ ਸਾਹਮਣੇ ਵੀ ਇਸ ਦਾ ਰਵੱਈਆ ਬਹੁਤ ਮਾੜਾ ਰਿਹਾ। ਜੇ.ਈ. ਦੇ ਹਰ ਕੰਮ ਵਿੱਚ ਅੜਿੱਕਾ ਲਾਉਣ ਨਾਲ ਸਾਡਾ ਮੈਬਰਾਂ ਦਾ ਆਮ ਲੋਕਾਂ ਵਿੱਚ ਬਹੁਤ ਵਿਰੋਧ ਹੋ ਰਿਹਾ ਹੈ। ਇਹਨਾਂ ਹਲਾਤਾ ਨੂੰ ਦੇਖਦੇ ਹੋਏ ਜੇਕਰ ਜੂਨੀਅਰ ਇੰਜੀਨੀਅਰ ਨੇ ਪਬਲਿਕ ਦੇ ਚੁਣੇ ਹੋਏ ਨੁਮਇੰਦਿਆ ਦਾ ਅਪਮਾਨ ਕਰਨਾ ਹੈ ਤਾਂ ਮਜਬੂਰਨ ਸਾਨੂੰ ਅਸਤੀਫੇ ਦੇਣ ਲਈ ਮਜਬੂਰ ਹੋਣਾ ਪਵੇਗਾ। ਇਸ ਲਈ ਉਪਰੋਕਤ ਤੱਥਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਦੀ ਤੁਰੰਤ ਇੱਥੋਂ ਬਦਲੀ ਕੀਤੀ ਜਾਵੇ।