ਪੈਨਸ਼ਨਰਾਂ ਨੇ “ਸਰਕਾਰ ਜਗਾਓ—ਪੈਨਸ਼ਨਰ ਬਚਾਓ” ਦੇ ਨਾਅਰੇ ਹੇਠ ਕੀਤੀ ਰੋਸ ਰੈਲੀ
ਪ੍ਰਦੀਪ ਕਸਬਾ , ਸੰਗਰੂਰ ,26 ਅਗਸਤ 2022
ਪੰਜਾਬ ਗੌਰਮਿੰਟ ਪੈਨਸ਼ਨਰ ਜੁਆਇੰਟ ਫਰੰਟ ਦੀ ਅਗਵਾਈ ਵਿਚ ਪੈਨਸ਼ਨਰਾਂ ਵੱਲੋਂ ਡਿਪਟੀ ਕਮਿਸ਼ਨਰ ਸੰਗਰੂਰ ਕੰਪਲੈਕਸ ਦੇ ਬਾਹਰ ਰੋਸ ਰੈਲੀ ਕੀਤੀ ਗਈ। ਇਸ ਰੈਲੀ ਵਿਚ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚੋਂ ਪੈਨਸ਼ਨਰਾਂ ਨੇ ਸ਼ਮੂਲੀਅਤ ਕੀਤੀ ਰੈਲੀ ਉਪਰੰਤ ਡੀਸੀ ਸੰਗਰੂਰ ਰਾਹੀਂ ਮੁੱਖ ਮੰਤਰੀ, ਵਿੱਤ ਮੰਤਰੀ, ਮੱਖ ਸਕੱਤਰ ਅਤੇ ਪ੍ਰਮੁੱਖ ਵਿੱਤ ਸਕੱਤਰ ਨੂੰ ਪੱਤਰ ਦਿੱਤਾ ਗਿਆ।
ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਦੇ ਸੂਬਾ ਕੁਆਰਡੀਨੇਟਰ ਕਰਮ ਸਿੰਘ ਧਨੋਆ, ਕਨਵੀਨਰ ਠਾਕੁਰ ਸਿੰਘ, ਅਵਿਨਾਸ਼ ਚੰਦਰ ਸ਼ਰਮਾ, ਬਖਸ਼ੀਸ਼ ਸਿੰਘ, ਐਨ.ਕੇ.ਕਲਸੀ, ਪ੍ਰੇਮ ਸਾਗਰ ਸ਼ਰਮਾ, ਸਤਨਾਮ ਸਿੰਘ ਅਤੇ ਦੇਸ ਰਾਜ ਗਾਂਧੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੈਨਸ਼ਨਰਾਂ ਦੀਆਂ ਵਿਧਾਨਕ ਮੰਗਾਂ ਦਾ ਨਿਪਟਾਰਾ ਨਾ ਕਰਕੇ ਲਗਾਤਾਰ ਟਾਲਮਟੋਲ ਦੀ ਨੀਤੀ ਅਪਣਾਉਣ ਕਾਰਨ ਅਤੇ 6ਵੇਂ ਪੇਅ ਕਮਿਸ਼ਨ ਦੀਆਂ ਸਿਫਾਰਸ਼ਾਂ ਦੇ ਅਨੁਰੂਪ ਜਨਵਰੀ 2016 ਤੋਂ ਪਹਿਲਾਂ ਸੇਵਾ ਨਿਵਰਿਤ ਪੈਨਸ਼ਨਰਾਂ ਦੀ ਪੈਨਸ਼ਨ 2.59 ਫੈਕਟਰ ਨਾਲ ਨਾ ਸੋਧਨ ਕਾਰਨ ਪੈਨਸ਼ਨਰਾਂ ਨਾਲ ਵਿਸ਼ਵਾਸ਼ਘਾਤ ਕੀਤਾ ਗਿਆ ਹੈ, ਜਿਸ ਕਾਰਨ ਪੰਜਾਬ ਰਾਜ ਦੇ ਹਰ ਵਰਗ ਦੇ ਪੈਨਸ਼ਨਰਾਂ ਵਿੱਚ ਵਿਰੋਧ ਜਾਗਰਿਤ ਹੋਣ ਕਾਰਨ ਗੁੱਸਾ ਵੱਧਦਾ ਜਾ ਰਿਹਾ ਹੈ।
ਪੰਜਾਬ ਗੌਰਮਿੰਟ ਪੈਨਸ਼ਨਰ ਜੁਆਇੰਟ ਫਰੰਟ ਦੇ ਚੰਦਰ ਸ਼ਰਮਾ, ਰਾਜ ਕੁਮਾਰ ਅਰੋੜਾ, ਜਗਦੀਸ਼ ਸ਼ਰਮਾ ਨੇ ਦੱਸਿਆ ਕਿ ਵਰਤਮਾਨ ਵਿੱਤ ਮੰਤਰੀ ਵੱਲੋਂ ਕਾਂਗਰਸ ਸਰਕਾਰ ਦੌਰਾਨ ਬਤੌਰ ਵਿਰੋਧੀ ਧਿਰ ਦੇ ਲੀਡਰ ਵਜੋਂ ਪੈਨਸ਼ਨਰਾਂ ਨੂੰ 2.59 ਫੈਕਟਰ ਨਾਲ ਪੈਨਸ਼ਨਾਂ ਸੋਧ ਕਰਨ ਦੀ ਮੰਗ ਨੂੰ ਜਾਇਜ਼ ਕਰਾਰ ਦਿੰਦੇ ਹੋਏ ਕਾਂਗਰਸ ਸਰਕਾਰ ਨੂੰ ਪੱਤਰ ਲਿਖਿਆ ਗਿਆ ਸੀ, ਪਰ ਵਰਤਮਾਨ ਸਰਕਾਰ ਦੀ ਇਸ ਵਾਇਦਾ ਖਿਲਾਫੀ ਕਾਰਨ ਸਰਕਾਰ ਦੀ ਸਾਜਸ਼ੀ ਚੁੱਪੀ ਨੂੰ ਤੋੜਨ ਲਈ ਪੰਜਾਬ ਦੇ ਹਜ਼ਾਰਾਂ ਪੈਨਸ਼ਨਰ ਸੰਗਰੂਰ ਦੀ ਧਰਤੀ ਤੇ ਇਕੱਠੇ ਹੋਏ ਹਨ ।
ਆਗੂਆਂ ਨੇ ਕਿਹਾ ਕਿ ਜੇਕਰ ਪੈਨਸ਼ਨਰਾਂ ਦੀਆਂ ਵਿਧਾਨਿਕ ਮੰਗਾਂ ਦਾ ਨਿਪਟਾਰਾ ਜਲਦੀ ਨਹੀਂ ਕੀਤਾ ਜਾਂਦਾ ਹੈ ਤਾਂ ਪੰਜਾਬ ਦੇ ਸਮੁੱਚੇ ਪੈਨਸ਼ਨਰ ਹਰ ਮਹੀਨੇ ਦੀ 26 ਤਰੀਕ ਨੂੰ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦੇ ਇਸ ਸ਼ਹਿਰ ਵਿੱਚ ਮੰਗਾਂ ਦੀ ਪੂਰਤੀ ਤੱਕ ਰੋਸ ਰੈਲੀ ਕਰਨ ਲਈ ਮਜ਼ਬੂਰ ਹੋਣਗੇ।
ਇਸ ਮੌਕੇ ਪੈਨਸ਼ਨਰ ਆਗੂ ਰਣਬੀਰ ਸਿੰਘ ਢਿੱਲੋਂ, ਸੁਰਿੰਦਰ ਰਾਮ ਕੁਸਾ, ਕੁਲਵਰਨ ਸਿੰਘ, ਪ੍ਰੇਮ ਅੱਗਰਵਾਲ, ਸਵਿੰਦਰ ਸਿੰਘ, ਸ਼ਿਵ ਕੁਮਾਰ ਤਿਵਾੜੀ, ਸ਼ਮਸ਼ੇਰ ਸਿੰਘ ਅਤੇ ਮੇਜਰ ਸਿੰਘ ਵੀ ਹਾਜ਼ਰ ਸਨ।