ਪੰਜਾਬ ਸਰਕਾਰ ਵੱਲੋਂ ਸਿਹਤ ਸੁਵਿਧਾਵਾਂ ਵਿੱਚ ਲਿਆਂਦਾ ਜਾਵੇਗਾ ਵੱਡਾ ਸੁਧਾਰ- ਸਿਹਤ ਮੰਤਰੀ
ਕੋਵਿਡ 19 – ਦੋਂਵੇ ਡੋਜਾਂ ਤੋਂ ਬਾਅਦ ਬੂਸਟਰ ਡੋਜ ਵੀ ਜ਼ਰੂਰ ਲਗਵਾਈ ਜਾਵੇ
ਹਸਪਤਾਲ ਵਿਚ ਦਿੱਤੀਆਂ ਜਾਂਦੀਆਂ ਸਹੂਲਤਾਂ ਅਤੇ ਸਾਫ-ਸਫਾਈ ਦਾ ਕੀਤਾ ਨਿਰੀਖਣ, ਮਰੀਜ਼ਾ ਦਾ ਵੀ ਜਾਣਿਆ ਹਾਲ
ਬਿੱਟੂ ਜਲਾਲਾਬਾਦੀ , ਫਿਰੋਜ਼ਪੁਰ 30 ਜੁਲਾਈ 2022
ਕੋਰੋਨਾ ਵਾਇਰਸ ਨਾਲ ਲੜਨ ਲਈ ਕੋਵਿਡ19 ਟੀਕਾਕਰਨ ਬਹੁਤ ਜ਼ਰੂਰੀ ਹੈ, ਜਿਸ ਨੇ ਹਾਲੇ ਤੱਕ ਕੋਵਿਡ19 ਟੀਕਾਕਰਨ ਦੀ ਦੋਵੇ ਡੋਜਾਂ ਨਹੀ ਲਗਵਾਈਆਂ , ਉਹ ਜ਼ਰੂਰ ਲਗਵਾਉਣ ਅਤੇ ਜਿਸ ਨੇ ਦੋਵੇ ਡੋਜਾਂ ਲਗਵਾ ਲਈਆਂ ਹਨ , ਉਹ ਬੂਸਟਰ ਡੋਜ਼ ਜ਼ਰੂਰ ਲਗਵਾਉਣ । ਇਹ ਸ਼ਬਦ ਸਿਹਤ ਅਤੇ ਪਰਿਵਾਰ ਭਲਾਈ, ਮੈਡੀਕਲ ਸਿੱਖਿਆ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਸਿਵਲ ਹਸਪਤਾਲ ਫਿਰੋਜ਼ਪੁਰ ਦਾ ਦੌਰਾ ਕਰਨ ਉਪਰੰਤ ਗੱਲਬਾਤ ਕਰਦਿਆਂ ਪ੍ਰਗਟ ਕੀਤੇ । ਸਿਵਲ ਹਸਪਤਾਲ ਫਿਰੋਜ਼ਪੁਰ ਦਾ ਦੌਰਾ ਕਰਨ ਦੌਰਾਨ ਸਿਹਤ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਨੇ ਸਿਵਲ ਹਸਪਤਾਲ ਦੇ ਵੱਖ ਵੱਖ ਵਾਰਡ ਮੇਲ ਵਾਰਡ, ਜਨਾਨਾ ਵਾਰਡ, ਜੱਚਾ ਬੱਚਾ ਵਾਰਡ, ਸਰਜੀਕਲ ਵਾਰਡ ਸਮੇਤ ਹਸਪਤਾਲ ਦੇ ਸਾਰੇ ਬਲਾਕਾਂ ਵਿਚ ਜਾ ਕੇ ਉਥੇ ਦਿੱਤੀਆਂ ਜਾਂਦੀਆਂ ਮੈਡੀਕਲ ਸਹੂਲਤਾਂ ਅਤੇ ਸਾਫ-ਸਫਾਈ ਦਾ ਨਿਰੀਖਣ ਕੀਤਾ। ਇਸ ਦੌਰਾਨ ਉਨ੍ਹਾਂ ਹਸਪਤਾਲ ਵਿਚ ਦਾਖਲ ਮਰੀਜਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦਾ ਹਾਲ-ਚਾਲ ਜਾਣਿਆ।
ਸਿਹਤ ਮੰਤਰੀ ਨੇ ਕਿਹਾ ਕਿ ਹਸਪਤਾਲ ਵਿਚ ਵਧੀਆ ਸਹੂਲਤਾ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ , ਪਰ ਫਿਰ ਵੀ ਜੋ ਕੋਈ ਥੋੜੀ ਬਹੁਤ ਕਮੀ ਹੈ , ਉਸ ਨੂੰ ਜਲਦ ਹੀ ਪੂਰਾ ਕੀਤਾ ਜਾਵੇਗਾ। ਉਨ੍ਹਾ ਕਿਹਾ ਪੰਜਾਬ ਸਰਕਾਰ ਵੱਲੋਂ ਸਿਹਤ ਦੇ ਖੇਤਰ ਵਿਚ ਸੁਧਾਰ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਜਲਦ ਹੀ ਸਿਹਤ ਸਹੂਲਤਾ ਵਿਚ ਵੱਡਾ ਸੁਧਾਰ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਿਹਤ ਸਹੂਲਤਾਂ ਵਿਚ ਸੁਧਾਰ ਲਿਆਉਣ ਦੇ ਮਕਸਦ ਨਾਲ ਹੀ 15 ਅਗਸਤ ਨੂੰ ਆਜ਼ਾਦੀ ਦਿਵਸ ਦੇ ਮੌਕੇ ਤੇ ਸੂਬੇ ਵਿਚ 75 ਮੁਹੱਲਾ ਕਲੀਨਿਕਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ, ਜਿਸ ਨਾਲ ਲੋਕਾਂ ਨੂੰ ਆਪਣੇ ਘਰਾਂ ਦੇ ਨੇੜੇ ਹੀ ਵਧੀਆ ਸਹੂਲਤਾਂ ਮਿਲ ਸਕਣਗੀਆਂ । ਉਨ੍ਹਾਂ ਕਿਹਾ ਕਿ ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿੱਚ ਡਾਕਟਰੀ ਸਟਾਫ਼ ਦੀ ਘਾਟ ਨੂੰ ਪੂਰਾ ਕਰਨ ਦੇ ਨਾਲ-ਨਾਲ ਬੁਨਿਆਦੀ ਢਾਂਚੇ ਵਿੱਚ ਹੋਰ ਸੁਧਾਰ ਲਿਆਂਦਾ ਜਾਵੇਗਾ। ਇਸ ਦੌਰਾਨ ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਸਪਤਾਲ ਦੀ ਸਾਫ ਸਫਾਈ ਦਾ ਵਿਸ਼ੇਸ਼ ਤੌਰ ਤੇ ਧਿਆਨ ਰੱਖਣ ਲਈ ਕਿਹਾ ਅਤੇ ਨਾਲ ਹੀ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਹਸਪਤਾਲਾਂ ਵਿਚ ਗੰਦਗੀ ਨਾ ਪਾਉਣ ਤੇ ਸਾਫ-ਸਫਾਈ ਨੂੰ ਤਵਜੋਂ ਦੇਣ । ਇਸ ਦੌਰਾਨ ਉਨ੍ਹਾ ਭ੍ਰਿਸ਼ਟਾਚਾਰ ਬਾਰੇ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਵਿਚ ਕਿਸੇ ਵੱਲੋਂ ਵੀ ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ । ਜੇਕਰ ਕੋਈ ਵੀ ਭ੍ਹਿਸ਼ਟਾਚਾਰ ਕਰਦਾ ਹੈ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਵਿਧਾਇਕ ਫਿਰੋਜ਼ਪੁਰ ਸ਼ਹਿਰੀ ਰਣਬੀਰ ਸਿੰਘ ਭੁੱਲਰ, ਵਿਧਾਇਕ ਫਿਰੋਜ਼ਪੁਰ ਦਿਹਾਤੀ ਰਜਨੀਸ਼ ਦਹੀਆ, ਵਿਧਾਇਕ ਜ਼ੀਰਾ ਨਰੇਸ਼ ਕਟਾਰੀਆ, ਡਿਪਟੀ ਕਮਿਸ਼ਨਰ ਅੰਮ੍ਰਿਤ ਸਿੰਘ, ਐਸਡੀਐਮ ਰਣਜੀਤ ਸਿੰਘ, ਸਿਵਲ ਸਰਜਨ ਡਾ. ਰਾਜਿੰਦਰ ਅਰੋੜਾ ਆਦਿ ਹਾਜ਼ਰ ਸਨ।