ਡੇਂਗੂ ਤੋਂ ਬਚਾਅ ਲਈ ਜਾਗਰੂਕਤਾ ਗਤੀਵਿਧੀਆਂ ਜਾਰੀ
ਹਰਿੰਦਰ ਨਿੱਕਾ , ਬਰਨਾਲਾ, 5 ਜੁਲਾਈ 2022
ਆਜ਼ਾਦੀ ਕਾ ਅੰਮਿ੍ਰਤ ਮਹਾਂਉਤਸਵ’ ਤਹਿਤ ਸਿਹਤ ਵਿਭਾਗ ਵੱਲੋਂ ਜ਼ਿਲਾ ਬਰਨਾਲਾ ਵਿੱਚ ਜੁਲਾਈ ਮਹੀਨਾ ਡੇਂਗੂ ਤੋਂ ਬਚਾਅ ਲਈ ਜਾਗਰੂਕਤਾ ਮਹੀਨੇ ਵਜੋਂ ਮਨਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਸਿਹਤ ਵਿਭਾਗ ਦੀਆਂ 67 ਟੀਮਾਂ ਵੱਲੋਂ ਜੂਨ ਮਹੀਨੇ ’ਚ ਘਰਾਂ ਵਿਚ ਜਾ ਕੇ 2589 ਘਰਾਂ ’ਚ ਪਾਣੀ ਖੜਾ ਹੋਣ ਵਾਲੀਆਂ ਥਾਵਾਂ ਦੀ ਚੈਕਿੰਗ ਕੀਤੀ ਗਈ।
ਇਹ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ ਨੇ ਦੱਸਿਆ ਕਿ ਡੇਂਗੂ ਏਡੀਜ਼ ਅਜਿਪਟੀ ਨਾਮ ਦੇ ਮੱਛਰ ਦੇ ਕੱਟਣ ਨਾਲ ਹੁੰਦਾ ਹੈ, ਇਹ ਮੱਛਰ ਆਮ ਤੌਰ ’ਤੇ ਦਿਨ ਵੇਲੇ ਕੱਟਦਾ ਹੈ। ਬਰਸਾਤ ਦਾ ਮੌਸਮ ਚੱਲ ਰਿਹਾ ਹੈ, ਇਸ ਲਈ ਆਪਣੇ ਘਰਾਂ, ਦੁਕਾਨਾਂ, ਵਰਕਸ਼ਾਪਾਂ ’ਚ ਟਾਇਰ, ਘੜੇ, ਪਾਣੀ ਵਾਲੀਆਂ ਖੇਲਾਂ, ਕੂਲਰ, ਗਮਲੇ ਤੇ ਫਰਿੱਜ ਦੇ ਪਿੱਛੇ ਟਰੇਅ ਆਦਿ ਵਿੱਚ ਪਾਣੀ ਸੁਕਾ ਕੇ ਖਾਲੀ ਕਰਕੇ ਹਫਤੇ ਦੇ ਹਰੇਕ ਸ਼ੁੱਕਰਵਾਰ ਡਰਾਈ ਡੇਅ (ਖੁਸ਼ਕ ਦਿਨ) ਮਨਾਇਆ ਜਾਵੇ ਤਾਂ ਜੋ ਮੱਛਰ ਨੂੰ ਪੈਦਾ ਹੋਣ ਤੋਂ ਰੋਕਿਆ ਜਾ ਸਕੇ।
ਜ਼ਿਲਾ ਐਪਡੀਮਾਲੋਜਿਸਟ ਡਾ. ਮੁਨੀਸ਼ ਨੇ ਦੱਸਿਆ ਕਿ ਜੇਕਰ ਕਿਸੇ ਵਿਆਕਤੀ ਨੂੰ ਤੇਜ਼ ਬੁਖਾਰ, ਮਾਸਪੇਸ਼ੀਆਂ ’ਚ ਦਰਦ, ਅੱਖਾਂ ਦੇ ਪਿਛਲੇ ਹਿੱਸੇ ’ਚ ਦਰਦ, ਸਰੀਰ ਤੇ ਲਾਲ ਰੰਗ ਦੇ ਧੱਫੜ, ਨੱਕ ਜਾਂ ਮਸੂੜਿਆਂ ’ਚੋਂ ਖੂਨ ਆਉਣਾ ਆਦਿ ਲੱਛਣ ਮਹਿਸੂਸ ਹੋਣ ਤਾਂ ਤੁਰੰਤ ਡਾਕਟਰੀ ਸਲਾਹ ਅਨੁਸਾਰ ਇਲਾਜ ਕਰਵਾਉਣਾ ਚਾਹੀਦਾ ਹੈ। ਇਸ ਸਮੇਂ ਘਰੇਲੂ ਇਲਾਜ ਜਾਂ ਇਲਾਜ ’ਚ ਦੇਰੀ ਕਾਰਨ ਕਈ ਵਾਰ ਖ਼ਤਰੇ ਦਾ ਕਾਰਨ ਬਣ ਜਾਂਦਾ ਹੈ। ਹੈਲਥ ਇੰਸਪੈਕਟਰ ਗੁਰਮੇਲ ਸਿੰਘ ਢਿੱਲੋਂ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ 67 ਟੀਮਾਂ ਵੱਲੋਂ ਜੂਨ ਮਹੀਨੇ ’ਚ ਘਰਾਂ ਵਿਚ ਜਾ ਕੇ 2589 ਘਰਾਂ ’ਚ 2792 ਪਾਣੀ ਖੜਾ ਹੋਣ ਵਾਲੀਆਂ ਥਾਵਾਂ ਦੀ ਚੈਕਿੰਗ ਕੀਤੀ ਗਈ ਅਤੇ 5 ਥਾਵਾਂ ’ਤੇ ਡੇਂਗੂ ਦਾ ਲਾਰਵਾ ਮਿਲਿਆ ਅਤੇ ਮੌਕੇ ’ਤੇ ਨਸ਼ਟ ਕਰ ਦਿੱਤਾ ਗਿਆ। ਜ਼ਿਲਾ ਮਾਸ ਮੀਡੀਆ ਤੇ ਸੂਚਨਾ ਅਫਸਰ ਕੁਲਦੀਪ ਸਿੰਘ ਮਾਨ ਨੇ ਦੱਸਿਆ ਕਿ ਡੇਂਗੂ ਤੋਂ ਬਚਾਅ ਲਈ ਗਰੁੱਪ ਮੀਟਿੰਗਾਂ ਤੇ ਪੈਂਫਲੈਟਾਂ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।