ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਕੀਤਾ ਭੇਂਟ
ਰਵੀ ਸੈਣ , ਜੋਧਪੁਰ 5 ਜੁਲਾਈ 2022
ਟੈਕਨੀਕਲ ਸਰਵਿਸਿਜ਼ ਯੂਨੀਅਨ (ਰਜਿ) ਦੇ ਜੁਝਾਰੂ ਸਾਥੀ ਗੁਰਮੇਲ ਸਿੰਘ ਐਸਐਸਏ(ਰਿਟਾ.) ਜੋਧਪੁਰ ਨੂੰ ਉਸ ਦੇ ਸੰਗੀ ਸਾਥੀਆਂ ਵੱਲੋਂ ਅਕਾਸ਼ ਗੁੰਜਾਊ ਨਾਹਰਿਆਂ ( ਸਾਥੀ ਗੁਰਮੇਲ ਸਿੰਘ ਅਮਰ ਰਹੇ, ਸਾਥੀ ਗੁਰਮੇਲ ਸਿੰਘ ਜੋਧਪੁਰ ਨੂੰ ਲਾਲ ਸਲਾਮ ) ਨਾਲ ਅੰਤਿਮ ਵਿਦਾਇਗੀ ਦਿੱਤੀ। ਗੁਰਮੇਲ ਸਿੰਘ ਜੋਧਪੁਰ ਦੀ ਮ੍ਰਿਤਕ ਦੇਹ ਪਰਿਵਾਰ ਵੱਲੋਂ ਮੈਡੀਕਲ ਖੋਜਾਂ ਲਈ ਭੇਂਟ ਕਰਨ ਸਮੇਂ ਸੰਖੇਪ ਸਮੇਂ ਵਿੱਚ ਬੋਲਦਿਆਂ ਬੁਲਾਰਿਆਂ ਨਰਾਇਣ ਦੱਤ, ਦਰਸ਼ਨ ਸਿੰਘ ਦਸੌਂਧਾ ਸਿੰਘ ਵਾਲਾ, ਬਲਵੰਤ ਸਿੰਘ ਬਰਨਾਲਾ,ਹਾਕਮ ਸਿੰਘ ਨੂਰ, ਰੁਲਦੂ ਸਿੰਘ ਗੁੰਮਟੀ,ਕੁਲਵਿੰਦਰ ਸਿੰਘ ਠੀਕਰੀਵਾਲਾ, ਪਰਮਜੀਤ ਕੌਰ ਜੋਧਪੁਰ ਨੇ ਕਿਹਾ ਕਿ ਸਾਥੀ ਗੁਰਮੇਲ ਸਿੰਘ ਜੋਧਪੁਰ ਦਾ ਇਲਾਜ਼ ਡੀਐਮਸੀ ਲੁਧਿਆਣਾ ਤੋਂ ਚੱਲ ਰਿਹਾ ਸੀ। ਕੱਲ ਸਵੇਰ ਉਸ ਦੀ ਹਾਲਤ ਬੇਹੱਦ ਨਾਜ਼ੁਕ ਬਣੀ ਹੋਈ ਸੀ। ਬੀਤੀ ਰਾਤ ਜਦ ਸਾਥੀ ਗੁਰਮੇਲ ਜੋਧਪੁਰ ਨੂੰ ਏਮਜ ਬਠਿੰਡਾ ਵਿਖੇ ਸ਼ਿਫਟ ਕਰਨ ਲਈ ਲਿਜਾ ਰਹੇ ਸੀ ਤਾਂ ਰਸਤੇ ਵਿੱਚ ਹੀ ਸਾਨੂੰ ਸਦਾ ਲਈ ਬੇਵਕਤੀ ਵਿਛੋੜਾ ਦੇ ਗਏ।
ਆਗੂਆਂ ਨੇ ਗੁਰਮੇਲ ਜੋਧਪੁਰ ਵੱਲੋਂ ਬਿਜਲੀ ਕਾਮਿਆਂ ਦੀ ਜਥੇਬੰਦੀ ਟੈਕਨੀਕਲ ਸਰਵਿਸਿਜ਼ ਯੂਨੀਅਨ (ਰਜਿ) ਦੇ ਆਗੂ ਹੈਸੀਅਤ ਵਿੱਚ ਨਿਭਾਏ ਰੋਲ ਅਤੇ ਸਮਾਜਿਕ ਜਬਰ ਦੇ ਮਸਲਿਆਂ ਖਾਸ ਕਰ ਮਹਿਲਕਲਾਂ ਲੋਕ ਘੋਲ ਵਿੱਚ ਨਿਭਾਈ ਭੂਮਿਕਾ ਨੂੰ ਯਾਦਗਾਰੀ ਕਰਾਰ ਦਿੱਤਾ।ਅਜਿਹੇ ਆਗੂ ਦੇ ਬੇਵਕਤੀ ਵਿਛੋੜੇ ਦਾ ਪਰੀਵਾਰ,ਸਮਾਜ ਅਤੇ ਜਥੇਬੰਦੀਆਂ ਨੂੰ ਬਹੁਤ ਵੱਡਾ ਨਾ ਪੂਰਿਆ ਜਾ ਸਕਣ ਵਾਲਾ ਘਾਟਾ ਪਿਆ ਹੈ। ਜਥੇਬੰਦੀਆਂ ਦੇ ਆਗੂਆਂ ਨੇ ਪਰੀਵਾਰ ਦੇ ਦੁੱਖ ਵਿੱਚ ਸ਼ਰੀਕ ਹੋਣ ਦਾ ਵਾਅਦਾ ਕੀਤਾ। ਸਾਥੀ ਗੁਰਮੇਲ ਜੋਧਪੁਰ ਦੀ ਮ੍ਰਿਤਕ ਦੇਹ ਝੱਜਰ ਦੇ ਮੈਡੀਕਲ ਕਾਲਜ ਕਾਲਜ ਨੂੰ ਖੋਜਾਂ ਲਈ ਭੇਂਟ ਕਰਨ ਦੇ ਪਰਿਵਾਰ ਦੇ ਅਗਾਂਹਵਾਧੂ ਉਪਰਾਲੇ ਦੀ ਜੋਰਦਾਰ ਸ਼ਲਾਘਾ ਕੀਤੀ। ਇਸ ਸਮੇਂ ਬਿਜਲੀ ਮੁਲਾਜਮ ਆਗੂ ਜਰਨੈਲ ਸਿੰਘ ਚੀਮਾ, ਮਲਕੀਤ ਸਿੰਘ ਕੈਰੇ, ਇੰਜ. ਸੁਖਪਾਲ ਸਿੰਘ, ਛੱਜੂ ਰਾਮ, ਮਹਿੰਦਰ ਸਿੰਘ ਜੋਧਪੁਰ,ਨੰਦ ਸਿੰਘ,ਅਮਰਜੀਤ ਸਿੰਘ,ਇਨਕਲਾਬੀ ਕੇਂਦਰ ਦੇ ਆਗੂ ਡਾ ਰਾਜਿੰਦਰ ਪਾਲ, ਡਾ ਸੁਖਵਿੰਦਰ ਸਿੰਘ, ਕਿਸਾਨ ਆਗੂ ਹਰਮੰਡਲ ਸਿੰਘ ਜੋਧਪੁਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਖਸ਼ੀਅਤਾਂ ਹਾਜ਼ਰ ਸਨ।