ਪੁਲਿਸ ਨੇ 6 ਜਣਿਆਂ ਖਿਲਾਫ ਦਰਜ਼ ਕੀਤਾ ਹੱਤਿਆ ਦਾ ਕੇਸ
SC/ST ਐਕਟ ਲਾਉਣ ਦੇ ਬਾਵਜੂਦ ,SI ਨੂੰ ਲਾਇਆ ਤਫਤੀਸ਼ ਅਧਿਕਾਰੀ!
ਹਰਿੰਦਰ ਨਿੱਕਾ , ਬਰਨਾਲਾ 5 ਜੁਲਾਈ 2022
ਰਾਹ ਜਾਂਦਿਆਂ ਦਲਿਤ ਨੌਜਵਾਨ ਦੀ ਬਾਹ, ਕੋਲੋਂ ਲੰਘ ਰਹੀ ਕਾਰ ਨਾਲ ਕੀ ਲੱਗੀ, ਕਾਰ ਸਵਾਰ ਨੌਜਵਾਨ ਉਸ ਦੀ ਜਾਨ ਦੇ ਹੀ ਵੈਰੀ ਬਣ ਗਏ । ਪਹਿਲਾਂ ਘਟਨਾ ਵਾਲੀ ਥਾਂ ਤੇ ਦਲਿਤ ਨੌਜਵਾਨ ਦੀ ਕੁੱਟਮਾਰ ਕੀਤੀ, ਫਿਰ ਉਸ ਦੇ ਘਰ ਪਹੁੰਚ ਕੇ ਉਸ ਨੂੰ ਗਾਲੀ ਗਲੋਚ ਕਰਕੇ, ਬਾਹਰ ਕੱਢ ਲਿਆ ਤੇ ਥੋੜੀ ਦੂਰ ਲਿਜਾ ਕੇ ਮੌਤ ਦੇ ਘਾਟ ਉਤਾਰ ਕੇ ਦੋਸ਼ੀ ਫਰਾਰ ਹੋ ਗਏ। ਥਾਣਾ ਧਲੌਲਾ ਦੀ ਪੁਲਿਸ ਨੇ 6 ਨੌਜਵਾਨਾਂ ਖਿਲਾਫ ਕੇਸ ਦਰਜ਼ ਕਰਕੇ,ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਪੁਲਿਸ ਨੂੰ ਦਿੱਤੇ ਬਿਆਨ ਵਿੱਚ ਪ੍ਰਦੀਪ ਸਿੰਘ ਵਾਸੀ ਢਢੋਗਲ, ਥਾਣਾ ਧੂਰੀ,ਜਿਲ੍ਹਾ ਸੰਗਰੂਰ ਨੇ ਦੱਸਿਆ ਕਿ ਉਸ ਦਾ ਸਾਲਾ ਰਾਜੇਸ਼ ਸਿੰਘ ਉਰਫ ਸਨੀ ਪੁੱਤਰ ਕਸ਼ਮੀਰ ਸਿੰਘ ,ਵਾਸੀ ਪਿੰਡ ਕੁੱਬੇ , ਕੰਮਕਾਰ ਤੋਂ ਵਿਹਲਾ ਹੋ ਕੇ ਆਪਣੇ ਘਰ ਵੱਲ ਜਾ ਰਿਹਾ ਸੀ ਤਾਂ ਰਾਸਤੇ ਵਿੱਚ ਰਾਜੇਸ਼ ਸਿੰਘ ਦੀ ਬਾਂਹ, ਲਵਪ੍ਰੀਤ ਉਰਫ ਲੱਭੂ ਦੀ ਆਲਟੋ ਕਾਰ ਨਾਲ ਖਹਿ ਗਈ। ਲਵਪ੍ਰੀਤ ਸਿੰਘ ਕਾਰ ਚੋਂ ਉਤਰਿਆ ਤੇ ਰਾਜੇਸ਼ ਦੀ ਕਾਫੀ ਕੁੱਟਮਾਰ ਕੀਤੀ। ਜਦੋਂ ਰਾਜੇਸ਼ , ਕਿਸੇ ਤਰਾਂ ਉਸ ਤੋਂ ਬਚ ਕੇ ਘਰ ਪਹੁੰਚਿਆ ਤਾਂ ਲਵਪ੍ਰੀਤ ਸਿੰਘ ਲੱਭੂ , ਪ੍ਰੀਦਪ ਸਿੰਘ ਸੱਤੀ , ਗੁਰਸੇਵਕ ਸਿੰਘ ਸੇਵਕ, ਕਾਲਾ ਸਿੰਘ, ਪਾਲੀ ਸਿੰਘ ਅਤੇ ਗੁਰਤੇਜ਼ ਸਿੰਘ ਲਾਲੂ ਨੂੰ ਨਾਲ ਲੈ ਕੇ, ਰਾਜੇਸ਼ ਦੇ ਘਰ ਆ ਗਿਆ। ਉਕਤ ਸਾਰੇ ਜਣਿਆਂ ਨੇ ਰਾਜੇਸ਼ ਸਿੰਘ ਦੇ ਘਰ ਦੇ ਬਾਹਰ ਖੜ੍ਹ ਕੇ ਜਾਤੀ ਸੂਚਕ ਸ਼ਬਦ ਵਰਤਕੇ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ। ਆਖਿਰ ਨਹਾ ਰਹੇ, ਰਾਜੇਸ਼ ਸਿੰਘ ਨੂੰ ਖਿੱਚ ਕੇ ਬਾਹਰ ਘੜੀਸ ਲਿਆ ਤੇ ਉਕਤ ਸਾਰੇ ਦੋਸ਼ੀਆਂ ਨੇ ਕੱਚੀ ਪਹੀ ਤੇ ਲਿਜਾ ਕੇ ਉਸ ਦੀ ਫਿਰ ਬੇਰਹਿਮੀ ਨਾਲ ਕੁੱਟਮਾਰ ਕੀਤੀ। ਕੁੱਟਮਾਰ ਨਾਲ, ਰਾਜੇਸ਼ ਸਿੰਘ ਦੀ ਮੌਤ ਹੋ ਗਈ। ਸਾਰੇ ਨਾਮਜ਼ਦ ਦੋਸ਼ੀ ਮੌਕਾ ਤੋਂ ਹਥਿਆਰਾਂ ਤੇ ਵਹੀਕਲ ਸਣੇ, ਫਰਾਰ ਹੋ ਗਏ। ਮਾਮਲੇ ਦੇ ਤਫਤੀਸ਼ ਅਧਿਕਾਰੀ ,ਐਸ.ਐਚ.ਉ ਜਗਦੇਵ ਸਿੰਘ ਨੇ ਦੱਸਿਆ ਕਿ ਪ੍ਰਦੀਪ ਸਿੰਘ ਢਢੋਗਲ ਦੇ ਬਿਆਨ ਪਰ, ਲਵਪ੍ਰੀਤ ਸਿੰਘ ਲੱਭੂ , ਪ੍ਰੀਦਪ ਸਿੰਘ ਸੱਤੀ , ਗੁਰਸੇਵਕ ਸਿੰਘ ਸੇਵਕ, ਕਾਲਾ ਸਿੰਘ, ਪਾਲੀ ਸਿੰਘ ਅਤੇ ਗੁਰਤੇਜ਼ ਸਿੰਘ ਲਾਲੂ ਦੇ ਖਿਲਾਫ ਅਧੀਨ ਜੁਰਮ 302/458/148/149 ਆਈਪੀਸੀ ਅਤੇ SC/ST ਪ੍ਰੋਵੈਨਸ਼ਨ ਐਕਟ ਦੀ ਸੈਕਸ਼ਨ 3 ਤਹਿਤ ਥਾਣਾ ਧਨੌਲਾ ਵਿਖੇ ਕੇਸ ਦਰਜ਼ ਕਰਕੇ,ਲਾਸ਼ ਪੋਸਟਮਾਰਟਮ ਉਪਰੰਤ ਵਾਰਿਸਾਂ ਨੂੰ ਸੌਂਪ ਦਿੱਤੀ ਅਤੇ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਜਲਦ ਹੀ,ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ। ਮਾਮਲਾ ਦਲਿਤਾਂ ਦੇ ਅੱਤਿਆਚਾਰ ਰੋਕੂ ਐਕਟ 1989 ਦੇ ਤਹਿਤ ਦਰਜ਼ ਹੋਣ ਦੇ ਬਾਵਜੂਦ ਵੀ, ਕੇਸ ਦਾ ਤਫਤੀਸ਼ ਅਧਿਕਾਰੀ ਐਸ.ਆਈ. ਜਗਦੇਵ ਸਿੰਘ ਨੂੰ ਹੀ ਲਾਇਆ ਗਿਆ ਹੈ। ਜਦੋਂਕਿ ਦਲਿਤਾਂ ਦੇ ਅੱਤਿਆਚਾਰ ਰੋਕੂ ਐਕਟ 1989 ਅਨੁਸਾਰ, ਅਜਿਹੇ ਕੇਸ ਦਾ ਤਫਤੀਸ਼ ਅਧਿਕਾਰੀ ਕਿਸੇ ਵੀ ਸੂਰਤ ਵਿੱਚ ਡੀਐਸਪੀ ਰੈਂਕ ਦੇ ਅਧਿਕਾਰੀ ਤੋਂ ਘੱਟ ਨਹੀਂ ਲਾਇਆ ਜਾ ਸਕਦਾ।