ਸਰਕਾਰੀ ਸਕੂਲ ਹਮੀਦੀ ਦੀ ਵਿਦਿਆਰਥਣ ਨੇ 12 ਵੀ ਦੀ ਪ੍ਰੀਖਿਆ ਵਿੱਚ ਮੈਰਿਟ ਚ ਪ੍ਰਾਪਤ ਕੀਤਾ ਅੱਠਵਾਂ ਸਥਾਨ
ਰਘਵੀਰ ਹੈਪੀ , ਬਰਨਾਲਾ, 01 ਜੁਲਾਈ 2022
ਸਿੱਖਿਆ ਵਿਭਾਗ ਦੁਆਰਾ ਘੋਸ਼ਿਤ ਕੀਤੇ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਵਿੱਚ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਹਮੀਦੀ ਦੀ ਵਿਦਿਆਰਥਣ ਮਨਦੀਪ ਕੌਰ ਨੇ ਮੈਰਿਟ ਵਿੱਚ ਅੱਠਵਾਂ ਸਥਾਨ ਪ੍ਰਾਪਤ ਕਰਕੇ ਦਾ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ।ਇਸ ਸਬੰਧੀ ਸਿੱਖਿਆ ਮੰਤਰੀ, ਪੰਜਾਬ ਗੁਰਮੀਤ ਸਿੰਘ ਮੀਤ ਹੇਅਰ, ਡਿਪਟੀ ਕਮਿਸ਼ਨਰ, ਬਰਨਾਲਾ ਹਰੀਸ਼ ਨਾਇਰ ਅਤੇ ਜ਼ਿਲਾ ਸਿੱਖਿਆ ਅਫ਼ਸਰ, ਸਰਬਜੀਤ ਸਿੰਘ ਤੂਰ ਦੁਆਰਾ ਵਿਦਿਆਰਥਣ ਮਨਦੀਪ ਕੌਰ, ਉਸਦੇ ਮਾਪਿਆਂ, ਸਕੂਲ ਇੰਚਾਰਜ ਅਤੇ ਸਟਾਫ਼ ਨੂੰ ਵਧਾਈ ਦਿੱਤੀ।
ਸਕੂਲ ਵੱਲੋਂ ਰੱਖੇ ਗਏ ਵਿਸ਼ੇਸ਼ ਪ੍ਰੋਗਰਾਮ ਦੌਰਾਨ ਡਿਪਟੀ ਡੀਈਓ ਮੈਡਮ ਹਰਕੰਵਲਜੀਤ ਕੌਰ ਨੇ ਮਨਦੀਪ ਕੌਰ ਨੂੰ ਸਨਮਾਨਿਤ ਕਰਦੇ ਹੋਏ ਕਿਹਾ ਕਿ ਸਾਨੂੰ ਆਪਣੀ ਇਸ ਬੱਚੀ ਤੇ ਮਾਣ ਹੈ ਜਿਸਨੇ ਮੈਰਿਟ ਵਿੱਚ ਆਪਣਾ ਸਥਾਨ ਬਣਾ ਕੇ ਜ਼ਿਲ੍ਹੇ ਦੇ ਨਾਲ ਨਾਲ ਆਪਣੇ ਮਾਪਿਆਂ, ਅਧਿਆਪਕਾਂ ਤੇ ਸਕੂਲ ਦਾ ਨਾਮ ਪੰਜਾਬ ਪੱਧਰ ਤੇ ਚਮਕਾਇਆ ਹੈ। ਉਹਨਾਂ ਕਿਹਾ ਕਿ ਦੂਜੇ ਵਿਦਿਆਰਥੀਆਂ ਲਈ ਵੀ ਇਹ ਬੱਚੀ ਪ੍ਰੇਰਨਾਸਰੋਤ ਹੈ। ਉਹਨਾਂ ਕਿਹਾ ਕਿ ਸਕੂਲ ਵਿਦਿਆਰਥਣ ਮਨਦੀਪ ਕੌਰ ਨੂੰ ਜ਼ਿਲ੍ਹਾ ਸਿੱਖਿਆ ਦਫ਼ਤਰ ਵੱਲੋਂ ਹਰ ਕਿਸਮ ਦਾ ਪੂਰਾ ਸਹਿਯੋਗ ਮਿਲੇਗਾ।
ਸਕੂਲ ਇੰਚਾਰਜ ਰਮਨਦੀਪ ਸਿੰਘ ਨੇ ਕਿਹਾ ਕਿ ਉਹਨਾਂ ਦੇ ਸਟਾਫ਼ ਦੁਆਰਾ ਦਿਨ ਰਾਤ ਇੱਕ ਕਰਕੇ ਬੱਚਿਆਂ ਨੂੰ ਪੜ੍ਹਾਈ ਕਰਵਾਈ ਗਈ ਜਿਸਦਾ ਨਤੀਜਾ ਸਾਡੇ ਸਾਹਮਣੇ ਹੈ। ਉਹਨਾਂ ਕਿਹਾ ਕਿ ਮਨਦੀਪ ਕੌਰ ਬਹੁਤ ਗਰੀਬ ਪਰਿਵਾਰ ਨਾਲ ਸੰਬਧ ਰੱਖਦੀ ਹੈ, ਜਿਸਦੇ ਮਾਤਾ ਪਿਤਾ ਖੇਤ ਮਜਦੂਰ ਹਨ ਤੇ ਆਪਣੇ ਤਿੰਨ ਬੱਚਿਆਂ ਸਮੇਤ ਖੇਤਾਂ ਦਾ ਕੰਮ ਕਰਕੇ ਆਪਣਾ ਗੁਜ਼ਾਰਾ ਕਰਦੇ ਹਨ। ਉਹਨਾਂ ਦੱਸਿਆ ਕਿ ਜਿਸ ਦਿਨ ਇਸ ਬੱਚੀ ਦਾ ਨਾਮ ਮੈਰਿਟ ਵਿੱਚ ਆਇਆ ਉਸ ਦਿਨ ਵੀ ਇਹ ਬੇਟੀ ਖੇਤ ਵਿੱਚ ਝੋਨਾ ਲਗਾ ਰਹੀ ਸੀ।ਉਹਨਾਂ ਕਿਹਾ ਕਿ ਇਹ ਬੇਟੀ ਦੂਜੇ ਬੱਚਿਆਂ ਲਈ ਚਾਨਣ ਮੁਨਾਰਾ ਹੈ।
ਵਿਦਿਆਰਥਣ ਮਨਦੀਪ ਕੌਰ ਨੇ ਕਿਹਾ ਕਿ ਉਸਨੂੰ ਆਪਣੀ ਪੜਾਈ ਜਾਰੀ ਰੱਖਣ ਵਿੱਚ ਆਪਣੇ ਅਧਿਆਪਕਾਂ ਤੇ ਮਾਤਾ ਪਿਤਾ ਦਾ ਬਹੁਤ ਸਹਿਯੋਗ ਮਿਲਿਆ। ਉਸਨੇ ਕਿਹਾ ਕਿ ਉਹ ਇਕ ਇਮਾਨਦਾਰ ਆਈਏਐੱਸ ਅਫ਼ਸਰ ਬਣ ਕੇ ਸਮਾਜ ਸੇਵਾ ਕਰਨਾ ਚਾਹੁੰਦੀ ਹੈ। ਇਸ ਮੌਕੇ ਪ੍ਰਿੰਸੀਪਲ ਰਜਿੰਦਰਪਾਲ ਸਿੰਘ, ਦਲਬੀਰ ਸਿੰਘ, ਸਕੁੰਤਲਾ ਦੇਵੀ, ਬਲਜੀਤ ਸਿੰਘ, ਗੁਰਸ਼ਰਨ ਕੌਰ, ਪਲਵਿੰਦਰ ਸਿੰਘ ਗੌਰਵ ਗੁਪਤਾ, ਡੀਐਮ ਕਮਲਦੀਪ, ਮੀਡੀਆ ਕੋਆਰਡੀਨੇਟਰ ਹਰਵਿੰਦਰ ਰੋਮੀ ਅਤੇ ਪਿੰਡ ਵਾਸੀ ਮੌਜੂਦ ਰਹੇ।