ਹੜਾਂ ਦੀ ਕਿਸੇ ਵੀ ਤਰਾਂ ਦੀ ਸੰਭਾਵੀ ਸਥਿਤੀ ਨਾਲ ਯੋਜਨਾਬੱਧ ਢੰਗ ਨਾਲ ਨਜਿੱਠਣ ਲਈ ਦਿਸ਼ਾ ਨਿਰਦੇਸ਼ ਜਾਰੀ
ਜ਼ਿਲ੍ਹਾ ਤੇ ਸਬ ਡਵੀਜ਼ਨ ਪੱਧਰ ’ਤੇ 24 ਘੰਟੇ ਕਾਰਜਸ਼ੀਲ ਰਹਿਣਗੇ ਕੰਟਰੋਲ ਰੂਮ
ਹਰਿੰਦਰ ਨਿੱਕਾ , ਬਰਨਾਲਾ, 1 ਜੁਲਾਈ 2022
ਬਰਸਾਤੀ ਮੌਸਮ ਦੇ ਮੱਦੇਨਜ਼ਰ ਜ਼ਿਲਾ ਪ੍ਰਸ਼ਾਸਨ ਬਰਨਾਲੇ ਵਲੋਂ ਪੂਰਨ ਚੌਕਸੀ ਰੱਖਦੇ ਹੋਈਆਂ ਹੜ੍ਹ ਸੰਭਾਵੀ ਸਥਿਤੀ ਨਾਲ ਨਿੱਬੜ ਲਈ ਵਿਓਂਤਬੰਦੀ ਕੀਤੀ ਗਈ ਹੈ. ਇਸ ਲਈ ਸਾਰੇ ਵਿਭਾਗਾਂ ਨੂੰ ਆਪਣੇ – ਆਪਣੇ ਪੱਧਰ ਉੱਤੇ ਤਿਆਰ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ ਅਤੇ ਉਨ੍ਹਾਂ ਦੀ ਤਿਆਰੀ ਸਬੰਧੀ ਸਾਰੇ ਵੇਵਰੇ ਲੈ ਲਏ ਗਏ ਹਨ ।
ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਬਰਨਾਲੇ ਡਾ ਹਰੀਸ਼ ਨਈਅਰ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਵੱਖ-ਵੱਖ ਵਿਭਾਗੀ ਅਧਿਕਾਰੀਆਂ ਨਾਲ ਸੰਭਾਵੀ ਹੜ੍ਹਾਂ ਦੀ ਨਾਜੁਕ ਸਥਿਤੀ ਨਾਲ ਨਜਿੱਠਣ ਲਈ ਕੀਤੇ ਜਾਣ ਵਾਲੇ ਅਗੇਤੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਸਮੇਂ ਕੀਤਾ। ਡਿਪਟੀ ਕਮਿਸ਼ਨਰ ਨੇ ਹਦਾਇਤ ਕੀਤੀ ਕਿ ਜ਼ਿਲ੍ਹਾ ਪੱਧਰ ਉੱਤੇ ਸਥਾਪਤ ਫਲੱਡ ਕੰਟਰੋਲ ਰੂਮ ਨੰਬਰ 01679-230031 ਦੀ ਤਰਜ ਉੱਤੇ ਸਬ ਡਵੀਜ਼ਨ ਪੱਧਰ ‘ਤੇ ਵੀ ਕੰਟਰੋਲ ਰੂਮ ਸਥਾਪਤ ਕੀਤੇ ਜਾਣ ਜੋ ਕਿ 24 ਘੰਟੇ ਸੇਵਾਵਾਂ ਪ੍ਰਦਾਨ ਕਰਨਗੇ।
ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਜਿਹੜੇ ਇਲਾਕਿਆਂ ਵਿੱਚ ਮੀਂਹ ਦੇ ਪਾਣੀ ਦਾ ਮਾਰੂ ਪ੍ਰਭਾਵ ਪੈਣ ਦੀ ਸੰਭਾਵਨਾ ਹੋਵੇ ਉਸ ਇਲਾਕੇ ਦੇ ਲੋਕਾਂ ਨੂੰ ਲੋੜ ਪੈਣ ‘ਤੇ ਸੁਵਿਧਾਵਾਂ ਪ੍ਰਦਾਨ ਕਰਨ ਦੇ ਅਗੇਤੇ ਪ੍ਰਬੰਧ ਰੱਖੇ ਜਾਣ ਅਤੇ ਪੰਜਾਬ ਸਰਕਾਰ ਵੱਲੋਂ ਸਥਾਪਤ ਕੀਤੇ ਜਾਣ ਵਾਲੇ ਸਟੇਟ ਫਲੱਡ ਕੰਟਰੋਲ ਰੂਮ ਨਾਲ ਵੀ ਲਗਾਤਾਰ ਰਾਬਤਾ ਰੱਖਿਆ ਜਾਵੇ। ਡਿਪਟੀ ਕਮਿਸ਼ਨਰ ਨੇ ਐਸ.ਡੀ.ਐਮਜ਼ ਨੂੰ ਹਦਾਇਤ ਕੀਤੀ ਕਿ ਸਬ ਡਵੀਜ਼ਨਾਂ ਵਿੱਚ ਖੁਦ ਨਿਗਰਾਨੀ ਰੱਖੀ ਜਾਵੇ ।
ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਰਜਬਾਹੇ ਤੋਂ ਇਲਾਵਾ ਬਰਸਾਤੀ ਨਾਲਿਆਂ, ਨਦੀਆਂ ਆਦਿ ਵਿੱਚੋਂ ਵਾਧੂ ਦੀ ਜੜ੍ਹੀ ਬੂਟੀ ਅਤੇ ਗੰਦਗੀ ਦੀ ਸਮੇਂ ਸਿਰ ਸਫ਼ਾਈ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਸਮੂਹ ਬਲਾਕ ਵਿਕਾਸ ਪੰਚਾਇਤ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਲੋੜ ਪੈਣ ‘ਤੇ ਆਪਣੇ ਅਧਿਕਾਰ ਖੇਤਰ ਵਿੱਚ ਜੇ.ਸੀ.ਬੀ ਮਸ਼ੀਨਾਂ ਦਾ ਪ੍ਰਬੰਧ ਰੱਖਣ।
ਡਿਪਟੀ ਕਮਿਸ਼ਨਰ ਨੇ ਹੜ੍ਹਾਂ ਦੀ ਸੰਭਾਵੀ ਸਥਿਤੀ ਲਈ ਮੈਡੀਕਲ ਸਹੂਲਤਾਂ, ਖਾਣ ਪੀਣ ਦੀਆਂ ਵਸਤਾਂ ਦੇ ਭੰਡਾਰ, ਪਸ਼ੂਆਂ ਦੇ ਚਾਰੇ ਅਤੇ ਡਾਕਟਰੀ ਸਹੂਲਤਾਂ, ਬਿਜਲੀ ਸਪਲਾਈ, ਸੜਕਾਂ ਦੀ ਆਵਾਜਾਈ ਚਾਲੂ ਰੱਖਣ, ਟਰਾਂਸਪੋਰਟ ਸਬੰਧੀ, ਪੁਲਿਸ ਗਸ਼ਤ, ਟੈਲੀਫੋਨ ਸੇਵਾਵਾਂ ਚਾਲੂ ਰੱਖਣ ਅਤੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਪਾਣੀ ਦੇ ਨਿਕਾਸ ਅਤੇ ਜਰੂਰੀ ਵਸਤੂਆਂ ਦੇ ਪ੍ਰਬੰਧਾਂ ਨੂੰ ਸਬੰਧਤ ਵਿਭਾਗਾਂ ਦੇ ਅਧਿਕਾਰੀ ਸਮੇਂ ਸਿਰ ਯਕੀਨੀ ਬਣਾਉਣ।
ਉਨ੍ਹਾਂ ਪੀਣ ਵਾਲੇ ਸਾਫ ਪਾਣੀ ਦੀ ਵੀ ਉਪਲਬਧਤਾ ਲਈ ਉਚਿਤ ਪ੍ਰਬੰਧ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਬਰਨਾਲੇ ਵਲੋਂ ਪਹਿਲਾਂ ਹੀ ਐੱਨ. ਡੀ. ਆਰ . ਐੱਫ ਦੇ ਸਹਿਯੋਗ ਨਾਲ ਪਿੰਡ ਹਰਿਗੜ੍ਹ ਵਿਖੇ ਹੜ੍ਹ ਸਬੰਧੀ ਮੌਕ ਡਰਿੱਲ ਕੀਤੀ ਗਈ । ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ਼੍ਰੀ ਅਮਿਤ ਬੈਂਬੀ, ਐੱਸ. ਡੀ. ਐਮ. ਬਰਨਾਲਾ ਸ਼੍ਰੀ ਗੋਪਾਲ ਸਿੰਘ, ਐੱਸ. ਡੀ. ਐੱਮ ਤਪਾ ਸ਼੍ਰੀਮਤੀ ਸੋਨਮ ਚੌਧਰੀ, ਡੀ. ਆਰ. ਓ ਸ਼੍ਰੀ ਅਮਰਦੀਪ ਸਿੰਘ ਅਤੇ ਹੋਰ ਅਫਸਰ ਵੀ ਮੌਜੂਦ ਸਨ।