ਸੋਨੀ ਪਨੇਸਰ , ਬਰਨਾਲਾ,1 ਜੁਲਾਈ 2022
ਪੰਜਾਬ ਦੇ ਸਕੂਲ ਸਿੱਖਿਆ,ਖੇਡਾਂ ਉਚੇਰੀ ਸਿੱਖਿਆ ਅਤੇ ਭਾਸ਼ਾ ਵਿਭਾਗਾਂ ਬਾਰੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਰਹਿਨੁਮਾਾਈ ਅਤੇ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਆਈ.ਏ.ਐੱਸ ਦੀ ਅਗਵਾਈ ਹੇਠ ਭਾਸ਼ਾ ਵਿਭਾਗ ਵੱਲੋਂ ਪਾਠਕਾਂ ਨੂੰ ਮਿਆਰੀ ਪੁਸਤਕਾਂ ਮੁਹੱਈਆ ਕਰਵਾਉਣ ਦੇ ਉਪਰਾਲਿਆਂ ਸਦਕਾ ਭਾਸ਼ਾ ਵਿਭਾਗ ਦੀਆਂ ਪੁਸਤਕਾਂ ਪਾਠਕਾਂ ਲਈ ਖਿੱਚ ਦਾ ਕੇਂਦਰ ਬਣ ਰਹੀਆਂ ਹਨ।
ਸੁਖਵਿੰਦਰ ਸਿੰਘ ਗੁਰਮ ਜ਼ਿਲ੍ਹਾ ਭਾਸ਼ਾ ਅਫਸਰ ਅਤੇ ਬਿੰਦਰ ਸਿੰਘ ਖੁੱਡੀ ਕਲਾਂ ਖੋਜ ਅਫਸਰ ਨੇ ਦੱਸਿਆ ਕਿ ਜ਼ਿਲ੍ਹਾ ਭਾਸ਼ਾ ਦਫਤਰ ਬਰਨਾਲਾ ਵੱਲੋਂ ਭਾਸ਼ਾ ਸੰਬੰਧੀ ਕਾਰਜਾਂ ਦੇ ਨਾਲ ਨਾਲ ਸਾਹਿਤ ਅਤੇ ਪੁਸਤਕ ਸੱਭਿਆਚਾਰ ਦੀ ਪ੍ਰਫੁੱਲਤਾ ਲਈ ਵੀ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ । ਭਾਸ਼ਾ ਅਧਿਕਾਰੀਆਂ ਨੇ ਦੱਸਿਆ ਕਿ ਦਫਤਰ ਦੇ ਵਿੱਕਰੀ ਕੇਂਦਰ ਵਿਖੇ ਭਾਸ਼ਾ ਵਿਭਾਗ ਦੀਆਂ ਮਿਆਰੀ ਪੁਸਤਕਾਂ ਬਹੁਤ ਹੀ ਨਾਮਾਤਰ ਕੀਮਤ ‘ਤੇ ਉਪਲਬਧ ਹਨ। ਭਾਸ਼ਾ ਵਿਭਾਗ ਦੀਆਂ ਪੁਸਤਕਾਂ ਪ੍ਰਾਪਤ ਕਰਨ ਲਈ ਪਾਠਕ ਰੋਜ਼ਾਨਾ ਜ਼ਿਲ੍ਹਾ ਭਾਸ਼ਾ ਦਫਤਰ ਵਿਖੇ ਪਹੁੰਚ ਰਹੇ ਹਨ।ਅਧਿਕਾਰੀਆਂ ਨੇ ਅੱਗੇ ਦੱਸਿਆ ਕਿ ਭਾਸ਼ਾ ਵਿਭਾਗ ਦੀਆਂ ਪੁਸਤਕਾਂ ਜਿੱਥੇ ਸਾਹਿਤਕ ਰੁਚੀਆਂ ਵਿਕਸਤ ਕਰਨ ਦਾ ਸਬੱਬ ਬਣਦੀਆਂ ਹਨ ਉੱਥੇ ਹੀ ਬਹੁਤ ਸਾਰੀਆਂ ਪੁਸਤਕਾਂ ਮੁਕਾਬਲਾ ਪ੍ਰੀਖਿਆਵਾਂ ਪਾਸ ਕਰਨ ਲਈ ਵੀ ਉਪਯੋਗੀ ਹਨ । ਭਾਸ਼ਾ ਅਧਿਕਾਰੀਆਂ ਨੇ ਦੱਸਿਆ ਕਿ ਵਿਭਾਗੀ ਪੁਸਤਕਾਂ ਦੀ ਕੀਮਤ ਘੱਟ ਹੋਣ ਦੇ ਨਾਲ ਨਾਲ ਛੋਟ ਵੀ ਦਿੱਤੀ ਜਾਂਦੀ ਹੈ।
ਭਾਸ਼ਾ ਦਫਤਰ ਦੇ ਜੂਨੀਅਰ ਸਹਾਇਕ ਜਗਦੇਵ ਸਿੰਘ ਨੇ ਦੱਸਿਆ ਕਿ ਵਿਭਾਗ ਦੇ ਵਿੱਕਰੀ ਕੇਂਦਰ ਵਿਖੇ ਜ਼ਿਲ੍ਹਾ ਬਠਿੰਡਾ ਦੇ ਪਿੰਡ ਮੰਡੀ ਕਲਾਂ ਤੋਂ ਵਿਸ਼ੇਸ਼ ਤੌਰ ‘ਤੇ ਪਹੁੰਚੇ ਸੁਖਰਾਜ ਸਿੰਘ ਕੈਫੇ ਵਰਲਡ ਵੱਲੋਂ ਭਾਸ਼ਾ ਵਿਭਾਗ ਦੀਆਂ ਅਨਮੋਲ ਪੁਸਤਕਾਂ ਮਹਾਨ ਕੋਸ਼,ਪੰਜਾਬ ਅਤੇ ਗੁਲਸਿਤਾਂ ਬੋਸਤਾਂ ਸਮੇਤ ਵੱਡੀ ਗਿਣਤੀ ‘ਚ ਬਹੁਤ ਸਾਰੀਆਂ ਹੋਰ ਪੁਸਤਕਾਂ ਦੀ ਖਰੀਦ ਕੀਤੀ ਗਈ । ਇਸ ਮੌਕੇ ਜੇਲ ਵਿਭਾਗ ਦੇ ਮੁਲਾਜਮ ਗੁਰਵਿੰਦਰ ਸਿੰਘ ਭੁੱਚੋ ਮੰਡੀ ਅਤੇ ਬਲਰਾਜ ਸਿੰਘ ਹਮੀਦੀ ਸਮੇਤ ਭਾਸ਼ਾ ਵਿਭਾਗ ਦੇ ਕਰਮਚਾਰੀ ਗੋਬਿੰਦ ਸਿੰਘ ਵੀ ਹਾਜ਼ਰ ਸਨ।