ਹਰਿੰਦਰ ਨਿੱਕਾ , ਬਰਨਾਲਾ 30 ਜੂਨ 2022
ਨਸ਼ੇ ‘ਚ ਧੁੱਤ ਥਾਣੇਦਾਰ ਵੱਲੋਂ ਕੁਚਲਿਆ ਮੋਟਰਸਾਈਕਲ ਸਵਾਰ ਬਾਬਾ ਜਗਤਾਰ ਸਿੰਘ ਉੱਗੋਕੇ ਆਖਿਰ ਵੀਹ ਦਿਨ ਤੋਂ, ਜਿੰਦਗੀ ਬਚਾਉਣ ਲਈ ਮੌਤ ਨਾਲ ਜੂਝਦਾ ਹੋਇਆ ਅੱਜ ਜਿੰਦਗੀ ਦੀ ਜੰਗ ਹਾਰ ਗਿਆ । ਜਗਤਾਰ ਸਿੰਘ ਦੀ ਲਾਸ਼ ਨੂੰ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਲਈ ਲਿਆਂਦਾ ਗਿਆ ਹੈ। ਥਾਣਾ ਸਿਟੀ 1 ਬਰਨਾਲਾ ਦੀ ਪੁਲਿਸ ਨੂੰ ਦਿੱਤੇ ਬਿਆਨ ਵਿੱਚ, ਬਾਬਾ ਜਗਤਾਰ ਸਿੰਘ ਵਾਸੀ ਉੱਗੋਕੇ ਨੇ ਕਿਹਾ ਸੀ ਕਿ 10 ਜੂਨ ਦੀ ਸ਼ਾਮ ਕਰੀਬ 7 ਵਜੇ, ਉਹ ਆਪਣੇ ਬੇਟੇ ਗੁਰਦਿੱਤ ਸਿੰਘ ਸਮੇਤ ਮੋਟਰਸਾਈਕਲ ਤੇ ਸਵਾਰ ਹੋ ਕੇ ਪਿੰਡ ਵੱਲ ਜਾ ਰਿਹਾ ਸੀ। ਇਸੇ ਦੌਰਾਨ ਬਰਨਾਲਾ ਸਿਟੀ 1 ਥਾਣਾ ਖੇਤਰ ਅੰਦਰ ਬੜੀ ਤੇਜ ਰਫਤਾਰ ਅਤੇ ਸ਼ਰਾਬ ਤੇ ਨਸ਼ੇ ਵਿੱਚ ਧੁੱਤ ਸਵਿਫਟ ਕਾਰ ਸਵਾਰ ਥਾਣੇਦਾਰ ਜਗਸੀਰ ਸਿੰਘ ਵਾਸੀ, ਸੈਦੋਕੇ, ਜਿਲ੍ਹਾ ਮੋਗਾ ਨੇ, ਮੋਟਰ ਸਾਈਕਲ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਣ ਉਹ ਤੇ ਉਸ ਦਾ ਬੇਟਾ ਗੰਭਰ ਰੂਪ ਵਿੱਚ ਜਖਮੀ ਹੋ ਗਿਆ ਸੀ । ਦੋਵਾਂ ਨੂੰ ਤੁਰੰਤ ਸਿਵਲ ਹਸਪਤਾਲ ਬਰਨਾਲਾ ਭਰਤੀ ਕਰਵਾਇਆ ਗਿਆ ਸੀ। ਜਿਆਦਾ ਗੰਭੀਰ ਹਾਲਤ ਕਾਰਣ, ਦੋਵਾਂ ਨੂੰ ਫਰੀਦਕੋਟ ਮੈਡੀਕਲ ਕਾਲਜ ਤੇ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ ਸੀ।
ਕਾਫੀ ਦਿਨ ਦੇ ਇਲਾਜ ਦੌਰਾਨ ਹੀ ਅੱਜ ਬਾਬਾ ਜਗਤਾਰ ਸਿੰਘ ਨੇ ਦਮ ਤੋੜ ਦਿੱਤਾ । ਜਗਤਾਰ ਸਿੰਘ ਦੀ ਮੌਤ ਦਾ ਪਤਾ ਲੱਗਦਿਆਂ ,ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ । ਪਰਿਵਾਰ ਦੇ ਮੈਬਰਾਂ ਨੇ ਮੰਗ ਕੀਤੀ ਕਿ ਦੋਸ਼ੀ ਥਾਣੇਦਾਰ ਖਿਲਾਫ ਦਰਜ ਕੇਸ ਦੇ ਜੁਰਮ ਵਿੱਚ ਵਾਧਾ ਕਰਕੇ, ਇਨਸਾਫ ਦਿੱਤਾ ਜਾਵੇ । ਐਸ.ਐਚ.ਉ ਲਖਵਿੰਦਰ ਸਿੰਘ ਨੇ ਦੱਸਿਆ ਕਿ ਜਗਤਾਰ ਸਿੰਘ ਦੇ ਬਿਆਨ ਦੇ ਅਧਾਰ ਪਰ, ਨਾਮਜ਼ਦ ਦੋਸ਼ੀ ਏ.ਐਸ.ਆਈ. ਜਗਸੀਰ ਸਿੰਘ ਦੇ ਖਿਲਾਫ ਅਧੀਨ ਜੁਰਮ 279/337/338/427 ਆਈਪੀਸੀ ਅਤੇ 185 ਮੋਟਰ ਵਹੀਕਲ ਐਕਟ ਅਧੀਨ ਕੇਸ ਦਰਜ਼ ਕੀਤਾ ਗਿਆ ਸੀ ,ਹੁਣ ਮੁਦਈ ਦੀ ਮੌਤ ਹੋ ਜਾਣ ਤੋਂ ਬਾਅਦ, ਜੁਰਮ ਵਿੱਚ ਵਾਧਾ ਕੀਤਾ ਜਾਵੇਗਾ। ਡੀਐਸਪੀ ਰਾਜੇਸ਼ ਸਨੇਹੀ ਬੱਤਾ ਨੇ ਦੱਸਿਆ ਕਿ ਨਾਮਜਦ ਦੋਸ਼ੀ ਏ.ਐਸ.ਆਈ. ਜਗਸੀਰ ਸਿੰਘ ਖਿਲਾਫ ਪਹਿਲਾਂ ਹੀ ਕੇਸ ਦਰਜ ਕਰਕੇ, ਉਸ ਨੂੰ ਮੁਅਤਲ ਵੀ ਕੀਤਾ ਗਿਆ ਸੀ।ਹੁਣ ਹਾਦਸੇ ਦੇ ਜਖਮੀ ਦੀ ਮੌਤ ਹੋਣ ਕਾਰਣ, ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।