ਬਰਨਾਲਾ ਤੋਂ ਇਲਾਵਾ ਤਪਾ, ਭਦੌੜ ਅਤੇ ਨਿਹਾਲ ਸਿੰਘ ਵਾਲਾ ਦੇ ਕਈ ਮੈਡੀਕਲ ਸਟੋਰਾਂ ਨੂੰ ਵੀ ਸਪਲਾਈ ਹੁੰਦਾ ਰਿਹਾ ਨਸ਼ਾ !
ਹਰਿੰਦਰ ਨਿੱਕਾ , ਬਰਨਾਲਾ 22 ਜੂਨ 2022
ਜਿਲ੍ਹੇ ਦੇ ਸੀਆਈਏ ਸਟਾਫ ਦੀ ਪੁਲਿਸ ਨੇ ਬੇਸ਼ੱਕ ਚਾਰ ਦਿਨ ਪਹਿਲਾਂ ਮੈਡੀਕਲ ਸਟੋਰਾਂ ਦੀ ਆੜ ‘ਚ ਨਸ਼ਾ ਤਸਕਰੀ ਕਰਨ ਵਿੱਚ ਮਸ਼ਰੂਫ ਸ਼ਹਿਰ ਦੇ ਦੋ ਨਾਮੀ-ਗਿਰਾਮੀ ਮੈਡੀਕਲ ਸਟੋਰ ਵਾਲਿਆਂ ਨੂੰ ਡੇਢ ਲੱਖ ਦੇ ਕਰੀਬ ਨਸ਼ੀਲੇ ਕੈਪਸੂਲ ਤੇ ਗੋਲੀਆਂ ਅਤੇ 1 ਲੱਖ ਰੁਪਏ ਦੀ ਡਰੱਗ ਮਨੀ ਸਣੇ ਕਾਬੂ ਕਰ ਲਿਆ ਹੈ। ਪਰੰਤੂ ਹਾਲੇ ਵੀ, ਪੁਲਿਸ ਦੇ ਸ਼ਿਕੰਜੇ ਵਿੱਚ ਫਸੇ ਦੋਵਾਂ ਮੈਡੀਕਲ ਸਟੋਰ ਵਾਲਿਆਂ ਦੇ ਨੈਟਵਰਕ ਤੱਕ ਪਹੁੰਚਣਾ ,ਤਫਤੀਸ਼ੀ ਟੀਮ ਲਈ ਵੱਡੀ ਚੁਣੌਤੀ ਬਣਿਆ ਹੋਇਆ ਹੈ।
ਨਸ਼ਾ ਤਸਕਰਾਂ ਦੀ ਪੁੱਛਗਿੱਛ ‘ਚ ਅੜਿੱਕਾ ਬਣੀ ਜਿਮਨੀ ਚੋਣ !
19 ਜੂਨ ਨੂੰ ਭਾਰੀ ਮਾਤਰਾ ਵਿੱਚ ਨਸ਼ੇ ਅਤੇ ਡਰੱਗ ਮਨੀ ਸਮੇਤ ਪੁਲਿਸ ਦੇ ਹੱਥੇ ਚੜ੍ਹੇ ਨਿਉ ਗੋਇਲ ਮੈਡੀਕਲ ਏਜੰਸੀ (ਸਾਹਮਣੇ ਬੱਸ ਸਟੈਂਡ) ਦੇ ਮਾਲਿਕ ਨਵਦੀਪ ਗੋਇਲ ਉਰਫ ਟੋਨੀ ਅਤੇ ਕੱਚਾ ਕਾਲਜ ਰੋਡ ਤੇ ਸਥਿਤ ਬੀ.ੳ.ਆਈ. ਬੈਂਕ ਦੇ ਸਾਹਮਣੇ (Hailex ਫਰਮਾ) ਦੇ ਮਾਲਿਕ ਬਿੰਦਰ ਸਿੰਘ ਮਠਾੜੂ ਤੋਂ ਸੀਆਈਏ ਦੀ ਪੁਲਿਸ ,ਅਦਾਲਤ ਤੋਂ ਪੁਲਿਸ ਰਿਮਾਂਡ ਹਾਸਿਲ ਕਰਕੇ, ਗਹਿਰਾਈ ਨਾਲ ਪੁੱਛਗਿੱਛ ਕਰਨ ਵਿੱਚ ਲੱਗੀ ਹੋਈ ਹੈ। ਪਰੰਤੂ ਦੋਵਾਂ ਨਸ਼ਾ ਤਸਕਰਾਂ ਦੇ ਦੂਰ ਦਰਾਜ ਤੱਕ ਫੈਲੇ ਨਸ਼ੇ ਦੇ ਸਾਮਰਾਜ ਤੱਕ ਪਹੁੰਚਣਾ, ਟੇਡੀ ਖੀਰ ਬਣਿਆ ਹੋਇਆ ਹੈ। ਦੋਵਾਂ ਨਸ਼ਾ ਤਸਕਰਾਂ ਲਈ 23 ਜੂਨ ਨੂੰ ਹੋਣ ਵਾਲੀ, ਜਿਮਨੀ ਚੋਣ, ਅੜਿੱਕਾ ਬਣੀ ਹੋਈ ਹੈ। ਮਾਨਯੋਗ ਅਦਾਲਤ ਨੇ ਗਿਰਫਤਾਰ ਤਸਕਰਾਂ ਨਵਦੀਪ ਗੋਇਲ ਅਤੇ ਬਿੰਦਰ ਸਿੰਘ ਮਠਾੜੂ ਦਾ ਪੁਲਿਸ ਰਿਮਾਂਡ 24 ਜੂਨ ਤੱਕ ਦਿੱਤਾ ਹੋਇਆ ਹੈ। ਪੁਲਿਸ ਰਿਮਾਂਡ ਮਿਲਣ ਤੋਂ ਬਾਅਦ 20 ਜੂਨ ਨੂੰ ਬਰਨਾਲਾ ਸ਼ਹਿਰ ਅੰਦਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜ਼ਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਰੋਡ ਸ਼ੋਅ ਕਾਰਣ, ਪੁਲਿਸ ਮੁਸਤੈਦ ਰਹੀ, 22 ਜ਼ੂਨ ਦਾ ਦਿਨ ,ਪੋਲਿੰਗ ਪਾਰਟੀਆਂ ਨੂੰ 23 ਜੂਨ ਦੀ ਚੋਣ ਲਈ ਤਾਇਨਾਤ ਕਰਨ ਤੇ ਨਿੱਕਲ ਗਿਆ। 23 ਨੂੰ ਪੂਰਾ ਦਿਨ ਸ਼ਾਂਤੀਪੂਰਣ ਮਤਦਾਨ ਕਰਵਾਉਣ ਵਿੱਚ ਨਿਕਲਣਾ ਤੈਅ ਹੈ। 24 ਜੂਨ ਨੂੰ ਪੁਲਿਸ ਰਿਮਾਂਡ ਦੀ ਮਿਆਦ ਪੂਰੀ ਹੋਣ ਕਾਰਣ,ਦੋਵਾਂ ਨੂੰ ਅਦਾਲਤ ਵਿੱਚ ਮੁੜ ਪੇਸ਼ ਕੀਤਾ ਜਾਣਾ ਹੈ। ਇਸ ਤਰਾਂ ਜਿਮਨੀ ਚੋਣ, ਜਿੱਥੇ ਪੁਲਿਸ ਦੀ ਪੁੱਛਗਿੱਛ ਵਿੱਚ ਅੜਿੱਕਾ ਬਣ ਗਈ,ਉੱਥੇ ਹੀ ਪੁਲਿਸ ਰਿਮਾਂਡ ‘ਚ ਵੀ, ਸਖਤੀ ਨਾਲ ਪੁੱਛਗਿੱਛ ਤੋਂ ਬਚਾਅ ਰਹਿ ਜਾਣ ਕਾਰਣ,ਤਸਕਰਾਂ ਲਈ ਵਰਦਾਨ ਸਾਬਿਤ ਹੋਈ ਹੈ।
ਭਰੋਸੇਯੋਗ ਸੂਤਰਾਂ ਦੀ ਮੰਨੀਏ ਤਾਂ ਬਿੰਦਰ ਸਿੰਘ ਮਠਾੜੂ ਅਤੇ ਨਵਦੀਪ ਗੋਇਲ ਟੋਨੀ ਦਾ ਨਸ਼ੇ ਦਾ ਧੰਦਾ, ਕ੍ਰਮਾਨੁਸਾਰ ਬਰਨਾਲਾ ,ਤਪਾ,ਭਦੌੜ ਅਤੇ ਨਿਹਾਲਸਿੰਘ ਵਾਲਾ,ਜਿਲ੍ਹਾ ਮੋਗਾ ਅਤੇ ਬਰਨਾਲਾ ਸ਼ਹਿਰ ਦੇ ਵੱਖ ਵੱਖ ਖੇਤਰਾਂ ਤੱਕ ਫੈਲਿਆ ਹੋਇਆ ਹੈ। ਪਤਾ ਇਹ ਵੀ ਲੱਗਿਆ ਹੈ ਕਿ ਬਿੰਦਰ ਸਿੰਘ ਮਠਾੜੂ ਨੂੰ ਕਰੀਬ 7/8 ਮਹੀਨੇ ਪਹਿਲਾਂ NCB ਦਿੱਲੀ ਤੋਂ ਵੀ ਇੱਕ ਪੱਤਰ, ਟਰਾਮੋਡੋਲ ਗੋਲੀਆਂ ਦੀ ਸੇਲ /ਪਰਚੇਜ ਦਾ ਵੇਰਵਾ ਦੇਣ ਲਈ ਪਹੁੰਚਿਆ ਸੀ। ਪੁਲਿਸ ਵੀ, ਬਿੰਦਰ ਸਿੰਘ ਤੋਂ ਉਕਤ ਪੱਤਰ ਬਾਰੇ, ਪੁੱਛਗਿੱਛ ਕਰਨਾ ਚਾਹੁੰਦੀ ਹੈ। ਇਸੇ ਤਰਾਂ ਪੁਲਿਸ ਦੋਵਾਂ ਦੇ ਫੈਲਾਏ ਨੈਟਵਰਕ ਦੀਆਂ ਤਾਰਾਂ ਦੇ ਕੁਨੈਕਸ਼ਨ ਲੱਭ ਰਹੀ ਹੈ। ਤਾਂਕਿ ਇਹ ਮਾਮਲਾ, ਵੀ ਬਹੁਚਰਚਿਤ ਡਰੱਗ ਕੇਸ ,ਰਿੰਕੂ ਮਿੱਤਲ ਦੀ ਤਰਾਂ ਬੇਨਕਾਬ ਹੋ ਸਕੇ।
ਕਾਰਪੇਂਟਰ ਤੋਂ ਕਿਵੇਂ ਬਣਿਆ ਕੈਮਿਸਟ ਤੇ ਤਸਕਰ
ਟੂਡੇ ਟਿਊਜ ਨੈਟਵਰਕ ਰਾਹੀਂ ਜੁਟਾਈ ਜਾਣਕਾਰੀ ਅਨੁਸਾਰ ਬਿੰਦਰ ਸਿੰਘ ਮਠਾੜੂ, ਪਹਿਲਾਂ ਸ਼ਹਿਰ ਅੰਦਰ ਕਾਰਪੇਂਟਰ ਦਾ ਕੰਮ ਕਰਦਾ ਸੀ। ਉਸ ਤੋਂ ਬਾਅਦ, ਪਤਾ ਨਹੀਂ ਕਿਵੇਂ ਉਹ ਲੋਕਾਂ ਦੇ ਵੇਖਦੇ ਵੇਖਦੇ ਹੀ, ਕੈਮਿਸਟ ਯਾਨੀ ਮੈਡੀਕਲ ਸਟੋਰ ਤੋਂ ਹੁੰਦਾ ਹੋਇਆ ਨਸ਼ਾ ਸਮਗਲਿੰਗ ਦੇ ਕਲੰਕਿਤ ਧੰਦੇ ਤੱਕ ਪਹੁੰਚ ਗਿਆ। ਬਿੰਦਰ ਸਿੰਘ ਕੁੱਝ ਸਮੇਂ ਅੰਦਰ ਹੀ ਮਾਲਾਮਾਲ ਵੀ ਹੋ ਗਿਆ ਅਤੇ ਇੱਕ ਤੋਂ ਵਧੇਰੇ ਮੈਡੀਕਲ ਸਟੋਰ ਦੇ ਲਾਇਸੰਸ ਵੀ ਪ੍ਰਾਪਤ ਕਰਨ ਵਿੱਚ ਸਫਲ ਹੋ ਗਿਆ। ਇਹ ਗੱਲ ਸ਼ਹਿਰ ਵਾਸੀਆਂ ਲਈ, ਵੱਡੀ ਬੁਝਾਰਤ ਬਣੀ ਹੋਈ ਹੈ। ਇਹ ਵੀ ਜਿਕਰਯੋਗ ਹੈ ਸਖਤ ਮਿਹਨਤ ਵਾਲੀ ਜਿੰਦਗੀ ਜਿਉਣ ਵਾਲਾ ਬਿੰਦਰ ਸਿੰਘ ਮਠਾੜੂ, ਸ਼ਾਹੀ ਠਾਠ ਵਾਲੀ ਜੀਵਨਸ਼ੈਲੀ ਜੀਣ ਲਈ, ਸ਼ਹਿਰ ਦੇ ਸ਼ਾਹੂਕਾਰਾਂ ਦੇ ਵੱਡੇ ਕਲੱਬ ਦਾ ਮੈਂਬਰ ਵੀ ਬਣ ਗਿਆ। ਸ਼ਾਹੂਕਾਰਾਂ ਦੇ ਕਲੱਬ ਦਾ ਮੈਂਬਰ ਨਵਦੀਪ ਗੋਇਲ ਉਰਫ ਟੋਨੀ ਵੀ ਹੈ।