ਲੋਕ ਸਭਾ ਉਮੀਦਵਾਰ ਦਲਵੀਰ ਗੋਲਡੀ ਦੀ ਚੋਣ ਮੁਹਿੰਮ ਨੂੰ ਮਿਲੇਗਾ, ਵੱਡਾ ਫਾਇਦਾ- ਪਵਨ ਬਾਂਸਲ
ਹਰਿੰਦਰ ਨਿੱਕਾ , ਬਰਨਾਲਾ 21 ਜੂਨ 2022
ਲੋਕ ਸਭਾ ਹਲਕਾ ਸੰਗਰੂਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਤੇ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਦੀ ਚੋਣ ਮੁਹਿੰਮ ਨੂੰ ਚੋਣ ਪ੍ਰਚਾਰ ਦੇ ਆਖਰੀ ਚਰਨ ਮੌਕੇ ਉਦੋਂ ਵੱਡਾ ਹੁਲਾਰਾ ਮਿਲਿਆ,ਜਦੋਂ ਸ੍ਰੋਮਣੀ ਅਕਾਲੀ ਦਲ ਦੀ ਸੂਬਾਈ ਜਰਨਲ ਕੌਂਸਲ ਦੇ ਮੈਂਬਰ ਅਤੇ ਸਾਬਕਾ ਸਰਕਲ ਜਥੇਦਾਰ ਬਿੱਕਰ ਸਿੰਘ ਫਰਵਾਹੀ ਨੇ ਆਪਣੇ ਸਾਥੀਆਂ ਸਣੇ ਅਕਾਲੀ ਦਲ ਨੂੰ ਅਲਵਿਦਾ ਕਹਿੰਦਿਆਂ ਕਾਂਗਰਸ ਦਾ ਹੱਥ ਫੜ੍ਹ ਲਿਆ।
ਜਥੇਦਾਰ ਬਿੱਕਰ ਸਿੰਘ ਫਰਵਾਹੀ ਤੇ ਉਨ੍ਹਾਂ ਦੇ ਹੋਰ ਸਾਥੀਆਂ ਨੂੰ ਆਲ ਇੰਡੀਆ ਕਾਂਗਰਸ ਕਮੇਟੀ ਦੇ ਖਜਾਨਚੀ ਅਤੇ ਸਾਬਕਾ ਕੇਂਦਰੀ ਰੇਲ ਮੰਤਰੀ ਪਵਨ ਕੁਮਾਰ ਬਾਂਸਲ ਨੇ ਕਾਂਗਰਸ ਦਾ ਚੋਣ ਚਿੰਨ੍ਹ ਪਾ ਕੇ ਪਾਰਟੀ ਵਿੱਚ ਸ਼ਾਮਿਲ ਕੀਤਾ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਸਾਬਕਾ ਮੰਤਰੀ ਬਾਂਸਲ ਨੇ ਕਿਹਾ ਕਿ ਜਥੇਦਾਰ ਬਿੱਕਰ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੂੰ ਪਾਰਟੀ ਵਿੱਚ ਬਣਦਾ ਮਾਨ ਸਨਮਾਨ ਦਿੱਤਾ ਜਾਵੇਗਾ। ਬਾਂਸਲ ਨੇ ਕਿਹਾ ਕਿ ਅਕਾਲੀ ਦਲ ਦੇ ਆਗੂਆਂ ਵੱਲੋਂ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਣ ਨਾਲ, ਜਿੱਥੇ ਪਾਰਟੀ ਦੇ ਉਮੀਦਵਾਰ ਦਲਵੀਰ ਗੋਲਡੀ ਨੂੰ ਹਲਕੇ ਅੰਦਰ ਵੱਡਾ ਫਾਇਦਾ ਮਿਲੇਗਾ,ਉੱਥੇ ਹੀ ਕਾਂਗਰਸ ਪਾਰਟੀ ਨੂੰ ਵੀ ਜਮੀਨੀ ਪੱਧਰ ਤੇ ਮਜਬੂਤੀ ਮਿਲੇਗੀ। ਬਾਂਸਲ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਫੈਸਲਾ ਕੀਤਾ ਹੈ ਕਿ ਜਮੀਨੀ ਪੱਧਰ ਤੇ ਪਾਰਟੀ ਨਾਲ ਜੁੜੇ, ਆਗੂਆਂ ਤੇ ਵਰਕਰਾਂ ਨੂੰ ਕਾਂਗਰਸ ਪਾਰਟੀ ਵੱਡੀ ਜਿੰਮੇਵਾਰੀ ਦੇਵੇਗੀ। ਤਾਂਕਿ ਪਾਰਟੀ ਨੂੰ ਫਿਰ ਤੋਂ ਮਜਬੂਤ ਕੀਤਾ ਜਾ ਸਕੇ।
ਕਾਂਗਰਸ ਦੀਆਂ ਨੀਤੀਆਂ ਤੋਂ ਖੁਸ਼ ਅਤੇ ਅਕਾਲੀ ਦਲ ਦੀ ਲੋਕਲ ਲੀਡਰਸ਼ਿਪ ਤੋਂ ਨਰਾਜ਼ ਹੋ ਕੇ ਛੱਡਿਆ ਅਕਾਲੀ ਦਲ
ਜੱਥੇਦਾਰ ਬਿੱਕਰ ਸਿੰਘ ਫਰਵਾਹੀ ਨੇ ਕਿਹਾ ਕਿ ਉਹ ਤੇ ਉਨ੍ਹਾਂ ਦੇ ਸਾਥੀ ਅਤੇ ਯੂਥ ਵਿੰਗ ਅਕਾਲੀ ਦਲ ਦੇ ਆਗੂ ਹਰਦੀਪ ਸਿੰਘ ਦੀਪੀ , ਕੁਲਵਿੰਦਰ ਸਿੰਘ , ਸਾਬਕਾ ਪੰਚ ਅਮਰਜੀਤ ਕੌਰ, ਕਰਨੈਲ ਸਿੰਘ ਸੈਕਟਰੀ, ਸੰਦੀਪ ਸਿੰਘ ਸੀਪਾ ਮੋਘੇਦਾਰ ਅਤੇ ਸਤਵਿੰਦਰ ਸਿੰਘ ਕਾਲਾ ਫਰਵਾਹੀ ਨੇ ਅਕਾਲੀ ਦਲ ਦੀ ਲੋਕਲ ਲੀਡਰਸ਼ਿਪ ਦੇ ਰਵੱਈਏ ਅਤੇ ਨਜਰਅੰਦਾਜ ਕੀਤੇ ਜਾਣ, ਕਾਰਣ ਦਲ ਨੂੰ ਛੱਡਣ ਦਾ ਫੈਸਲਾ ਕੀਤਾ ਹੈ। ਜੱਥੇਦਾਰ ਫਰਵਾਹੀ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਧਰਮ ਨਿਰਪੱਖ ਸੋਚ ਅਤੇ ਵਿਕਾਸ ਮੁਖੀ ਨੀਤੀਆਂ ਤੋਂ ਖੁਸ਼ ਹੋ ਕੇ ਸਾਬਕਾ ਮੰਤਰੀ ਪਵਨ ਕੁਮਾਰ ਬਾਂਸਲ ਜੀ ਦੀ ਕਾਰਜ਼ਸ਼ੈਲੀ ਤੋਂ ਪ੍ਰਭਾਵਿਤ ਹੋ ਕੇ, ਉਨਾਂ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਨਿਰਣਾ ਕੀਤਾ ਹੈ। ਇਸ ਮੌਕੇ ਕਾਂਗਰਸ ਦੇ ਜਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਲੱਕੀ ਪੱਖੋ, ਮਹਿਲਾ ਵਿੰਗ ਕਾਂਗਰਸ ਦੀ ਸੂਬਾਈ ਆਗੂ ਸੁਖਜੀਤ ਕੌਰ ਸੁੱਖੀ, ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਤੇ ਸੀਨੀਅਰ ਕਾਂਗਰਸੀ ਆਗੂ ਮੱਖਣ ਸ਼ਰਮਾ,ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਮਹੇਸ਼ ਲੋਟਾ, ਮਹਿੰਦਰ ਪਾਲ ਸਿੰਘ ਪੱਖੋ, ਸਾਬਕਾ ਕੌਂਸਲਰ ਜਸਵਿੰਦਰ ਟਿੱਲੂ ਅਤੇ ਹੋਰ ਸੀਨੀਅਰ ਆਗੂ ਤੇ ਵਰਕਰ ਮੌਜੂਦ ਸਨ।