ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਉਮੀਦਵਾਰ ਰਾਹੀਂ ਮੁੱਖ ਮੰਤਰੀ ਨੂੰ ਭੇਜਿਆ ਮੰਗ ਪੱਤਰ
ਆਪ ਦੇ ਸੰਸਦ ਉਮੀਦਵਾਰ ਵੱਲੋਂ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦੇ ਵਫਦ ਨੂੰ ਪੰਜਾਬ ਵਿੱਚ ਪੁਰਾਣੀ ਪੈਨਸ਼ਨ ਲਾਗੂ ਕਰਨ ਲਈ ਪਾਰਟੀ ਦੇ ਗੰਭੀਰ ਅਤੇ ਯਤਨਸ਼ੀਲ ਹੋਣ ਦਾ ਦਿੱਤਾ ਭਰੋਸਾ
ਹਰਪ੍ਰੀਤ ਕੌਰ ਬਬਲੀ , ਸੰਗਰੂਰ, 20 ਜੂਨ, 2022
ਸੂਬੇ ਅੰਦਰ ਐੱਨ.ਪੀ.ਐੱਸ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਪ੍ਰਣਾਲੀ ਅਧੀਨ ਲਿਆਉਣ ਲਈ ਸੰਘਰਸ਼ਸ਼ੀਲ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਵੱਲੋਂ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਨੂੰ ਮੰਗ ਪੱਤਰ ਦਿੱਤਾ ਗਿਆ।ਇਸ ਮੌਕੇ ਫਰੰਟ ਦੇ ਵਫਦ ਵੱਲੋਂ ਸੰਸਦ ਉਮੀਦਵਾਰ ਨੂੰ ਪੁਰਾਣੀ ਪੈਨਸ਼ਨ ਦੀ ਮਹੱਤਤਾ ਅਤੇ ਇਸ ਮੰਗ ਸਬੰਧੀ ਆਪ ਸਰਕਾਰ ਦੇ ਕੀਤੇ ‘ਚੋਣ ਵਾਅਦੇ’ ਤੋਂ ਜਾਣੂ ਕਰਵਾਉਂਦਿਆਂ ਉਹਨਾਂ ਨੂੰ ਪਾਰਟੀ ਅਤੇ ਸਰਕਾਰ ਕੋਲੋਂ ਜਲਦ ਤੋਂ ਜਲਦ ਪੁਰਾਣੀ ਪੈਨਸ਼ਨ ਲਾਗੂ ਕਰਨ ਲਈ ਲੋੜੀਂਦੀ ਕਾਰਵਾਈ ਅਮਲ ਵਿੱਚ ਲਿਆਉਣ ਦੀ ਮੰਗ ਕੀਤੀ ਗਈ।
ਇਸ ਮੌਕੇ ਵਫਦ ਵਿੱਚ ਸ਼ਾਮਲ ਸੂਬਾ ਕਨਵੀਨਰ ਅਤਿੰਦਰਪਾਲ ਸਿੰਘ, ਰਘਵੀਰ ਭਵਾਨੀਗੜ, ਸੁਖਵਿੰਦਰ ਗਿਰ, ਕਰਮਜੀਤ ਸਿੰਘ ਨਦਾਮਪੁਰ ਨੇ ਦੱਸਿਆ ਕਿ ਆਪ ਸਰਕਾਰ ਵੱਲੋਂ ਵਿਧਾਨ ਸਭਾ ਚੋਣਾਂ ਦੌਰਾਨ ਅਤੇ ਐੱਨ.ਪੀ.ਐੱਸ ਮੁਲਾਜ਼ਮਾਂ ਦੇ ਸੰਘਰਸ਼ਾਂ ਵਿੱਚ ਸ਼ਾਮਲ ਹੋ ਕੇ ਸਰਕਾਰ ਬਣਨ ‘ਤੇ ਪਹਿਲ ਦੇ ਅਧਾਰ ਤੇ ਨਵੀਂ ਪੈਨਸ਼ਨ ਸਕੀਮ ਰੱਦ ਕਰਕੇ ਪੁਰਾਣੀ ਪੈਨਸ਼ਨ ਪ੍ਰਣਾਲੀ ਮੁੜ ਬਹਾਲ ਕਰਨ ਦੇ ਜਨਤਕ ਐਲਾਨ ਅਤੇ ਵਾਅਦੇ ਕੀਤੇ ਗਏ ਸਨ।ਉਹਨਾਂ ਕਿਹਾ ਕਿ ਸੰਸਦ ਉਮੀਦਵਾਰ ਨੂੰ ਰੋਸ ਪ੍ਰਗਟਾਉਂਦਿਆਂ ਦੱਸਿਆ ਗਿਆ ਕਿ ਸਰਕਾਰ ਬਣਨ ਦੇ ਤਿੰਨ ਮਹੀਨੇ ਬੀਤਣ ਉਪਰੰਤ ਅਤੇ ਵੱਡੀ ਗਿਣਤੀ ਵਿੱਚ ਆਪ ਵਿਧਾਇਕਾਂ ਨੂੰ ਮੰਗ ਪੱਤਰ ਦੇਣ ਦੇ ਬਾਵਜੂਦ ਆਪ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਲਾਗੂ ਕਰਨ ਲਈ ਕੋਈ ਠੋਸ ਕਾਰਵਾਈ ਅਮਲ ਵਿੱਚ ਨਾ ਲਿਆਂਦੇ ਜਾਣ ਕਾਰਨ ਮੁਲਾਜ਼ਮਾਂ ਵਿੱਚ ਵੱਡੀ ਬੇਚੈਨੀ ਅਤੇ ਨਿਰਾਸ਼ਾ ਦਾ ਆਲਮ ਹੈ। ਉਹਨਾਂ ਕਿਹਾ ਕਿ ਜਦ ਦੋ ਸੂਬਿਆਂ ਛੱਤੀਸਗੜ੍ਹ ਅਤੇ ਰਾਜਸਥਾਨ ਅੰਦਰ ਐਨ.ਪੀ.ਐਸ ਨੂੰ ਰੱਦ ਕਰਕੇ ਪੁਰਾਣੀ ਪੈਨਸ਼ਨ ਲਾਗੂ ਕਰਨ ਦੀ ਪਹਿਲਕਦਮੀ ਲਈ ਜਾ ਚੁੱਕੀ ਹੈ ਤਾਂ ਆਪ ਸਰਕਾਰ ਅੱਗੇ ਵੀ ਆਪਣੇ ਚੋਣ ਵਾਅਦੇ ਨੂੰ ਹਕੀਕੀ ਰੂਪ ਦੇਣ ਵਿੱਚ ਕੋਈ ਕਨੂੰਨੀ ਜਾਂ ਪ੍ਰਸ਼ਾਸਕੀ ਅੜਿੱਕਾ ਰੋਕ ਨਹੀਂ ਬਣ ਸਕਦਾ।ਆਪ ਸਰਕਾਰ ਦਾ ਢਿੱਲਾ ਰਵੱਈਆ ਜੇਕਰ ਇਸੇ ਤਰਾਂ ਜਾਰੀ ਰਿਹਾ ਤਾਂ ਆਉਣ ਵਾਲੇ ਸਮੇਂ ਵਿੱਚ ਭਗਵੰਤ ਮਾਨ ਸਰਕਾਰ ਨੂੰ ਐਨ.ਪੀ.ਐਸ ਮੁਲਾਜ਼ਮਾਂ ਦੇ ਤਿੱਖੇ ਰੋਹ ਅਤੇ ਸੰਘਰਸ਼ਾਂ ਦੀ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ।
ਫਰੰਟ ਦੇ ਪ੍ਰੈਸ ਸਕੱਤਰ ਸਤਪਾਲ ਸਮਾਣਵੀ, ਕੁਲਵੰਤ ਸਿੰਘ ਖਨੌਰੀ, ਗੌਰਵਜੀਤ, ਰਵਿੰਦਰ ਸਿੰਘ ਦਿੜ੍ਹਬਾ ਨੇ ਦੱਸਿਆ ਕਿ ਪੈਨਸ਼ਨ ਫਰੰਟ ਦੇ ਅਗਲੇਰੇ ਪ੍ਰੋਗਰਾਮਾਂ ਤਹਿਤ 9 ਜੁਲਾਈ ਨੂੰ ਸੰਗਰੂਰ ਵਿਖੇ ਐੱਨ.ਪੀ.ਐੱਸ ਮੁਲਾਜ਼ਮਾਂ ਦੀ ਸਮੂਹ ਜ਼ਿਲਿਆਂ ਚੋਂ ਸ਼ਮੂਲੀਅਤ ਨਾਲ਼ ਸੂਬਾਈ ਕਨਵੈਨਸ਼ਨ ਕੀਤੀ ਜਾਵੇਗੀ । ਕਨਵੈਨਸ਼ਨ ਉਪਰੰਤ ਆਪ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਚੀਮਾ, ਜਿੰਨਾ ਵੱਲੋਂ ਪ੍ਰਮੁੱਖਤਾ ਨਾਲ਼ ਸੱਤਾ ਵਿੱਚ ਆਉਣ ‘ਤੇ ਪੁਰਾਣੀ ਪੈਨਸ਼ਨ ਢਾਂਚੇ ਨੂੰ ਮੁੜ ਬਹਾਲ ਕਰਨ ਦੇ ਚੋਣ ਐਲਾਨ ਕੀਤੇ ਗਏ ਸਨ, ਦੀ ਰਿਹਾਇਸ਼ ਵੱਲ “ਵਾਅਦਾ ਯਾਦ ਦਿਵਾਊ” ਮਾਰਚ ਵੀ ਕੱਢਿਆ ਜਾਵੇਗਾ। ਇਸ ਮੌਕੇ ਕੰਵਰਜੀਤ ਸਿੰਘ, ਗੁਰਜੀਤ ਸ਼ਰਮਾ, ਹਰਵਿੰਦਰ ਬੇਲੂਮਾਜਰਾ, ਰਾਜੀਵ ਸ਼ਰਮਾ, ਦਵਿੰਦਰ ਘੱਗਾ, ਬਲਜਿੰਦਰ ਸਿੰਘ, ਪਰਗਟ ਸਿੰਘ, ਧਰਮਿੰਦਰ ਸਿੰਘ, ਬਲਵਿੰਦਰ ਸਿੰਘ, ਤਰਸੇਮ ਘਰਾਚੋਂ, ਲਾਲ ਚੰਦ, ਇੰਦਰਜੀਤ ਸਿੰਘ, ਦੀਪਕ ਕੁਮਾਰ, ਲਾਲ ਸਿੰਘ, ਸੌਦਾਗਰ ਖਾਨ, ਕੁਲਵਿੰਦਰ ਸਿੰਘ ਆਦਿ ਆਗੂ ਹਾਜ਼ਰ ਰਹੇ।