ਅਸ਼ੋਕ ਵਰਮਾ , ਬਠਿੰਡਾ10 ਜੂਨ 2022
ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਸ਼ਾਮਲ ਦੱਸੇ ਜਾ ਰਹੇ ਹਰਕਮਲ ਸਿੰਘ ਉਰਫ ਰਾਣੂ(ਉਮਰ 27 ਸਾਲ ) ਪੁੱਤਰ ਸੁਰਿੰਦਰ ਸਿੰਘ ਵਾਸੀ ਪਰਸਰਾਮ ਨਗਰ ਵਾਸੀ ਬਠਿੰਡਾ ਨੂੰ ਜੇਲ੍ਹ ਦੇ ਗੇੜਿਆਂ ਦੌਰਾਨ ਮਿਲੇੇ ਖਤਰਨਾਕ ਅਪਰਾਧੀਆਂ ਨੇ ਸ਼ਾਰਪ ਸ਼ੂਟਰਾਂ ਦੀ ਕਤਾਰ ’ਚ ਲਿਆ ਖੜ੍ਹਾ ਕੀਤਾ ਹੈ। ਹਰਕਮਲ ਨੂੰ ਇਸ ਕਤਲ ਮਾਮਲੇ ’ਚ ਸ਼ਾਮਲ ਹੈ ਜਾਂ ਨਹੀਂ ਇਸ ਬਾਰੇ ਉਹ ਖੁਦ ਜਾਣਦਾ ਹੈ ਜਾਂ ਫਿਰ ਪੁਲਿਸ ਪਰ ਦਿੱਲੀ ਪੁਲਿਸ ਵੱਲੋਂ ਉਸ ਦਾ ਨਾਮ ਲਾਰੈਂਸ ਬਿਸ਼ਨੋਈ ਨਾਲ ਜੋੜਨ ਉਪਰੰਤ ਉਸ ਨੂੰ ਖਤਰਨਾਕ ਅਪਰਾਧੀ ਵਜੋਂ ਦੇਖਿਆ ਜਾ ਰਿਹਾ ਹੈ।
ਹਰਕਮਲ ਦਾ ਨਾਮ ਉਨ੍ਹਾਂ ਅੱਠ ਸ਼ਾਰਪ ਸ਼ੂਟਰਾਂ ਦੀ ਸੂਚੀ ’ਚ ਸ਼ਾਮਲ ਹੈ ਜਿੰਨ੍ਹਾਂ ਦੀ ਪਛਾਣ ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਤੋ ਕੀਤੀ ਪੁੱਛਗਿਛ ਦੇ ਅਧਾਰ ਤੇ ਕੀਤੀ ਹੈ। ਮਾਪਿਆਂ ਦਾ ਦਾਅਵਾ ਹੈ ਕਿ ਉਨ੍ਹਾਂ ਹਰਕਮਲ ਨੂੰ ਪੁਲਿਸ ਹਵਾਲੇ ਕੀਤਾ ਹੈ ਪਰ ਪੁਲਿਸ ਇਸ ਦੀ ਪੁਸ਼ਟੀ ਨਹੀਂ ਕਰ ਰਹੀ ਹੈ। ਹਰਕਮਲ ਦੇ ਦਾਦੇ ਗੁਰਚਰਨ ਸਿੰਘ ਨੇ ਦੱਸਿਆ ਕਿ ਪੁਲਿਸ ਹਵਾਲੇ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਰਾਣੂ ਨੂੰ ਸਿੱਧੂ ਮੂਸੇਵਾਲਾ ਦੇ ਕਤਲ ’ਚ ਸ਼ਾਮਲ ਹੋਣ ਬਾਰੇ ਪੁੱਛਿਆ ਸੀ ਤਾਂ ਉਸ ਨੇ ਸਖਤੀ ਨਾਲ ਨਾਂਹ ਕਰ ਦਿੱਤੀ ਸੀ ।
ਹਰਕਮਲ ਨੇ ਕਿਹਾ ਕਿ ਦਿੱਲੀ ਪੁਲਿਸ ਬੇਸ਼ੱਕ ਕੁੱਝ ਵੀ ਕਹੀ ਜਾਏ ਪਰ ਉਸ ਦਾ ਸਿੱਧੂ ਮੂਸੇਵਾਲਾ ਦੀ ਹੱਤਿਆ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਉਨ੍ਹਾਂ ਆਖਿਆ ਕਿ ਹਰਕਮਲ ਨਸ਼ਾ ਜਰੂਰ ਕਰਦਾ ਹੈ ਪਰ ਉਹ ਕਿਸੇ ਨੂੂੰ ਕਤਲ ਕਰ ਦੇਵੇ ਅਜਿਹਾ ਸੋਚਿਆ ਵੀ ਨਹੀਂ ਜਾ ਸਕਦਾ ਹੈ। ਹਰਕਮਲ ਬੇਕਸੂਰ ਹੈ ਜਾਂ ਫਿਰ ਮੂਸੇਵਾਲਾ ਦੀ ਹੱਤਿਆ ’ਚ ਉਸ ਦਾ ਹੱਥ ਹੈ ਇਹ ਤਾਂ ਪੁਲਿਸ ਜਾਂਚ ’ਚ ਸਾਹਮਣੇ ਆਏਗਾ ਪਰ ਤਾਜਾ ਕਤਲ ਦੀ ਰੌਸ਼ਨੀ ’ਚ ਦੇਖੀਏ ਤਾਂ ਲੁੱਟ ਖੋਹ ਵਰਗੇ ਅਪਰਾਧ ਰਾਹੀਂ ਜੁਰਮ ਦੀ ਦੁਨੀਆਂ ’ਚ ਦਾਖਲ ਹੋਏ ਹਰਕਮਲ ਨੂੰ ਪੁਲਿਸ ਹੁਣ ਸ਼ਾਰਪ ਸ਼ੂਟਰ ਦੱਸ ਰਹੀ ਹੈ।
ਹਰਕਮਲ ਖਿਲਾਫ ਇਸ ਤੋਂ ਪਹਿਲਾਂ ਬਠਿੰਡਾ ਜਿਲ੍ਹੇ ਦੇ ਵੱਖ ਵੱਖ ਥਾਣਿਆਂ ਵਿੱਚ ਕਰੀਬ ਇੱਕ ਦਰਜਨ ਮੁਕੱਦਮੇ ਦਰਜ ਹਨ। ਇੰਨ੍ਹਾਂ ’ਚ ਜਿਆਦਾਤਰ ਮਾਮਲੇ ਲੁੱਟਾਂ ਖੋਹਾਂ ਅਤੇ ਦੋ ਇਰਾਦਾ ਕਤਲ ਦੇ ਹਨ। ਹਰਕਮਲ ਖਿਲਾਫ ਸਭ ਤੋਂ ਪਹਿਲਾ ਮਾਮਲਾ ਸਾਲ 2012 ’ਚ ਥਾਣਾ ਸਦਰ ਬਠਿੰਡਾ ਵਿੱਚ ਲੁੱਟ ਖੋਹ ਦਾ ਦਰਜ ਹੋਇਆ ਤਾਂ ਉਦੋਂ ਉਸ ਦੀ ਉਮਰ ਮਸਾਂ 17 ਕੁ ਸਾਲ ਸੀ। ਕਰੀਬ ਦਸ ਸਾਲ ਬਾਅਦ19 ਜਨਵਰੀ 2022 ਨੂੰ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਪੁਲਿਸ ਦੇ ਵਹੀ ਖਾਤਿਆਂ ’ਚ ਉਹ ‘ਸੀ ਕੈਟਗਰੀ’ ਦੇ ਗੈਂਗਸਟਰ ਵਜੋਂ ਦਰਜ ਹੋ ਚੁੱਕਿਆ ਸੀ।
ਪੁਲਿਸ ਰਿਕਾਰਡ ਅਨੁਸਾਰ ਥਾਣਾ ਸਿਵਲ ਲਾਈਨ ਪੁਲਿਸ ਨੇ ਹਰਕਮਲ ਨੂੰ ਹਾਫਿਜ਼ ਮੁਹੰਮਦ ਵਾਸੀ ਹਾਜੀ ਰਤਨ ਤੇ ਕਾਤਲਾਨਾ ਹਮਲਾ ਕਰਨ ਦੇ ਮਾਮਲੇ ’ਚ 30 ਅਪਰੈਲ 2015 ਨੂੰ ਸੰਜੀਵ ਕੁਮਾਰ ਵਾਸੀ ਹਾਜੀ ਰਤਨ ਖਿਲਾਫ ਦਰਜ ਮੁਕੱਦਮੇ ਵਿੱਚ ਨਾਮਜਦ ਕੀਤਾ ਸੀ। ਇਸ ਹਮਲੇ ਦਾ ਕਾਰਨ ਹਾਫਿਜ਼ ਮੁਹੰਮਦ ਵੱਲੋਂ ਸੰਜੀਵ ਕਮਾਰ ਨੂੰ ਸਜ਼ਾ ਦਿਵਾਉਣ ਦੀ ਰੰਜਿਸ਼ ਸੀ। ਹਰਕਮਲ ਪਹਿਲੀ ਵਾਰ ਉਦੋਂ ਸਭ ਤੋਂ ਵੱਧ ਚਰਚਾ ’ਚ ਆਇਆ ਜਦੋਂ ਉਸ ਨੇ 3 ਜੁਲਾਈ 2017 ਨੂੰ ਦੇਰ ਸ਼ਾਮ ਆਪਣੀ ਕੱਪੜੇ ਦੀ ਦਕਾਨ ਬੰਦ ਕਰਕੇ ਮੋਟਰਸਾਈਕਲ ਤੇ ਘਰ ਪਰਤ ਰਹੇ ਇਸੇ ਹਾਫਿਜ਼ ਮੁਹੰਮਦ ਦੇ ਭਰਾ ਮੁਹੰਮਦ ਅਸ਼ਰਫ ਤੇ ਸਿੱਧੀ ਗੋਲੀਆਂ ਚਲਾ ਦਿੱਤੀਆਂ ਸਨ।
ਇਸ ਵਕਤ ਸਿੱਧੀ ਗੋਲੀ ਚਲਾਈ ਸੀ ਪਰ ਮੁਹੰਮਦ ਅਸ਼ਰਫ ਫੁਰਤੀ ਕਾਰਨ ਬਚ ਗਿਆ ਸੀ। ਦੱਸਿਆ ਜਾਂਦਾ ਹੈ ਕਿ ਇਸ ਹਮਲੇ ਦਾ ਅਸਲ ਕਾਰਨ ਵੀ ਸਾਲ 2015 ’ਚ ਦਰਜ ਕਰਵਾਏ ਪੁਲਿਸ ਕੇਸ ਦੀ ਰੰਜਿਸ਼ ਹੀ ਸੀ। ਫਾਇਰਿੰਗ ਕਰਨ ਤੋਂ ਅਗਲੇ ਦਿਨ ਫੇਸਬੁੱਕ ਤੇ ਇਸ ਵਾਰਦਾਤ ਦੀ ਜਿੰਮੇਵਾਰੀ ਲੈਂਦਿਆਂ ਉਸ ਨੇ ਪੁਲਿਸ ਨੂੰ ਲਲਕਾਰਿਆ ਸੀ ਕਿ ਇਹ ਟ੍ਰੇਲਰ ਹੈ ਫਿਲਮ ਅਜੇ ਬਾਕੀ ਹੈ। ਇਸ ਕਾਤਲਾਨਾ ਹਮਲੇ ਸਬੰਧੀ ਪੁਲਿਸ ਨੇ ਹਰਕਮਲ ਨੂੰ ਗ੍ਰਿਫਤਾਰ ਕਰ ਲਿਆ ਸੀ। ਮਈ 2014 ਨੂੰ ਰਿਕਸ਼ੇ ਤੇ ਜਾ ਰਹੀ ਇੱਕ ਔਰਤ ਤੋਂ ਪਰਸ ਝਪਟਣ ਦੇ ਮਾਮਲੇ ’ਚ ਦਰਜ ਮੁਕੱਦਮੇ ਸਬੰਧੀ ਥਾਣਾ ਕੋਤਵਾਲੀ ਪੁਲਿਸ ਉਸ ਨੂੰ ਅਦਾਲਤ ’ਚ ਪੇਸ਼ ਕਰਨ ਲਈ ਲਿਆਈ ਸੀ।
ਪੁਲਿਸ ਨੇ ਹਰਕਮਲ ਨੂੰ ਬਖਸ਼ੀਖਾਨੇ ਵਿੱਚੋਂ ਅਜੇ ਬਾਹਰ ਹੀ ਕੱਢਿਆ ਸੀ ਤਾਂ ਉਹ ਪੁਲਿਸ ਦੇ ਹੌਲਦਾਰ ਕੋਲੋਂ ਹੱਥ ਛੁਡਾਕੇ ਫਰਾਰ ਹੋ ਗਿਆ ਪਰ ਪੁਲਿਸ ਨੇ ਉਸ ਨੂੰ ਕਾਫੀ ਮੁਸ਼ੱਕਤ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਸੀ। ਸੂਤਰ ਦੱਸਦੇ ਹਨ ਕਿ ਪੁਲਿਸ ਵੱਲੋਂ ਗ੍ਰਿਫਤਾਰ ਕਰ ਲੈਣ ਤੋਂ ਬਾਅਦ ਹਰਕਮਲ ਜੇਲ੍ਹ ’ਚ ਚਲਾ ਗਿਆ ਜਿੱਥੇ ਉਹ ਕਾਫੀ ਸਮਾਂ ਰਿਹਾ। ਪਤਾ ਲੱਗਿਆ ਹੈ ਕਿ ਆਪਣੇ ਜੇਲ੍ਹ ’ਚ ਰਹਿਣ ਦੌਰਾਨ ਹਰਕਮਲ ਦੀ ਕਈ ਖਤਰਨਾਕ ਅਪਰਾਧੀਆਂ ਨਾਲ ਮੁਲਾਕਾਤ ਹੋਈ ਜਿਨ੍ਹਾਂ ਦੀ ਸੰਗਤ ਕਰਕੇ ਉਹ ਇਸ ਮੁਕਾਮ ਤੱਕ ਪੁੱਜ ਗਿਆ।
ਵਿਗਾੜ ਘਰ ਬਣੀਆਂ ਜੇਲ੍ਹਾਂ
ਪੁਲਿਸ ਦੇ ਇੱਕ ਸੇਵਾਮੁਕਤ ਅਧਿਕਾਰੀ ਦਾ ਕਹਿਣਾ ਸੀ ਕਿ ਭਾਵੇਂ ਪੰਜਾਬ ਸਰਕਾਰ ਦੇ ਜੇਲ੍ਹ ਮੰਤਰੀ ਜੇਲ੍ਹ ਸੁਧਾਰਾਂ ਦੀ ਗੱਲ ਕਰਦੇ ਹਨ ਪਰ ਹਕੀਕਤ ਇਸ ਦੇ ਉਲਟ ਨਜ਼ਰ ਆ ਰਹੀ ਹੈ। ਉਨ੍ਹਾਂ ਕਿਹਾ ਕਿ ਅਸਲ ’ਚ ਜੇਲ੍ਹਾਂ ਸੁਧਾਰਨ ਦੀ ਥਾਂ ਕੈਦੀਆਂ ਨੂੰ ਵਿਗਾੜਨ ਦਾ ਕੰਮ ਜਿਆਦਾ ਕਰਦੀਆਂ ਹਨ। ਉਨ੍ਹਾਂ ਆਖਿਆ ਕਿ ਜਿਸ ਦਿਨ ਜੇਲ੍ਹਾਂ ਸੱਚਮੁੱਚ ਸੁਧਾਰ ਘਰ ਬਣ ਗਈਆਂ ਤਾਂ ਉਦੋਂ ਕੈਦੀ ਚੰਗੇ ਨਾਗਰਿਕ ਬਣਕੇ ਬਾਹਰ ਆਇਆ ਕਰਨਗੇ ਜਦੋਂਕਿ ਹੁਣ ਜੇਲ੍ਹ ਜਾਣ ਵਾਲਿਆਂ ਦਾ ਨਾਮ ਗੈਂਗਸਟਰਵਾਦ ਨਾਲ ਜੁੜ ਰਿਹਾ ਹੈ।