ਅਸ਼ੋਕ ਵਰਮਾ ਸਮਾਣਾ ,ਬਠਿੰਡਾ 10ਜੂਨ 2022
ਲੰਘੀ 29 ਮਈ ਨੂੰ ਕਤਲ ਕਰ ਦੇਣ ਕਾਰਨ ਬੇਸ਼ੱਕ ਗਾਇਕ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਇਸ ਫਾਨੀ ਜਹਾਨ ਨੂੰ ਸਦਾ ਲਈ ਅਲਵਿਦਾ ਆਖ ਗਿਆ ਹੈ ਪਰ ਪੰਜਾਬ ਦੀ ਜੁਆਨੀ ਸਿਰ ਸਿੱਧੂ ਮੂਸੇਵਾਲਾ ਦਾ ਜਾਦੂ ਪਹਿਲਾਂ ਨੋਲੋਂ ਵੀ ਵਧ ਚੜ੍ਹਕੇ ਬੋਲਣ ਲੱਗਿਆ ਹੈ। ਰੌਚਕ ਪਹਿਲੂ ਹੈ ਕਿ ਜਦੋਂ ਵਿਆਹ ਵਰਗੀ ਪਵਿੱਤਰ ਰਸਮ ਵੇਲੇ ਅੱਜ ਵੀ ਪੰਜਾਬੀ ਸਮਾਜ ’ਚ ਕਿਸੇ ਮ੍ਰਿਤਕ ਦੇ ਜਿਕਰ ਨੂੰ ਬਦਸ਼ਗਨੀ ਮੰਨਿਆ ਜਾਂਦਾ ਹੈ ਤਾਂ ਅੱਜ ਇੱਕ ਨੌਜਵਾਨ ਨੇ ਆਪਣੇ ਵਿਆਹ ਮੌਕੇ ਡੋਲੀ ਵਾਲੀ ਕਾਰ ਦੇ ਪਿੱਛੇ ਸਿੱਧੂ ਮੂਸੇਵਾਲਾ ਤੋਂ ਇਲਾਵਾ ਮਰਹੂਮ ਫਿਲਮੀ ਕਲਾਕਾਰ ਦੀਪ ਸਿੱਧੂ ਅਤੇ ਕਬੱਡੀ ਖਿਡਾਰੀ ਸਵਰਗੀ ਸੰਦੀਪ ਅੰਬੀਆ ਦੀਆਂ ਤਸਵੀਰਾਂ ਵਾਲਾ ਬੈਨਰ ਲਾਇਆ ਹੈ।
ਵੱਡੀ ਗੱਲ ਹੈ ਕਿ ਇਹ ਦਿਨ ਐਨੇ ਚਾਅ ਅਤੇ ਲਾਡ ਵਾਲਾ ਹੁੰਦਾ ਹੈ ਜਦੋਂ ਨੌਜਵਾਨ ਫੁੱਲਾਂ ਵਾਲੀ ਕਾਰ ਦੇ ਅੱਗੇ ਪਿੱਛੇ ਲੜਕੇ ਦਾ ਨਾਮ ਵੈਡਜ਼ ਲੜਕੀ ਦਾ ਨਾਮ ਮੋਟੇ ਅੱਖਰਾਂ ਵਿੱਚ ਲਿਖਵਾਉਂਦੇ ਹਨ ਤਾਂ ਇਸ ਵਿਆਂਦੜ ਨੌਜਵਾਨ ਗੁਰਵਿੰਦਰ ਸਿੰਘ ਨੇ ਗੱਡੀ ਦੀ ਨੰਬਰ ਪਲੇਟ ਤੇ ਛੋਟੇ ਅੱਖਰਾਂ ’ਚ ਲਿਖਵਾਉਣ ਨੂੰ ਤਰਜੀਹ ਦਿੱਤੀ ਹੈ। ਵਿਆਹ ਵਾਲਾ ਨੌਜਵਾਨ ਗੁਰਵਿੰਦਰ ਸਿੰਘ ਮੂਣਕ ਤੋਂ ਸਮਾਣਾ ਦੇ ਮੈਰਿਜ ਪੈਲੇਸ ’ਚ ਆਪਣੀ ਲਾੜੀ ਅਮਨਦੀਪ ਕੌਰ ਨੂੰ ਵਿਆਹੁਣ ਲਈ ਆਇਆ ਸੀ। ਇਹ ਮਾਮਲਾ ਉਦੋਂ ਚਰਚਾ ’ਚ ਆਇਆ ਜਦੋਂ ‘ਨਾਓ ਪੰਜਾਬ ਟੀਵੀ’ ਦੇ ਪ੍ਰਬੰਧਕ ਨਰੇਸ਼ ਸ਼ਰਮਾ ਕਿਸੇ ਕੰਮ ਲਈ ਚੰਡੀਗੜ੍ਹ ਜਾ ਰਹੇ ਸਨ। ਆਪਣੇ ਜਰੂਰੀ ਕੰਮ ਨੂੰ ਪਿੱਛੇ ਛੱਡਦਿਆਂ ਨਰੇਸ਼ ਸ਼ਰਮਾ ਨੇ ਗੁਰਵਿੰਦਰ ਸਿੰਘ ਨਾਲ ਗੱਲਬਾਤ ਕੀਤੀ।
ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਸਿੱਧੂ ਮੂਸੇਵਾਲਾ ਦੀ ਗਾਇਕੀ ਦਾ ਫੈਨ ਹੈ ਤਾਂ ਦੀਪ ਸਿੱਧੂ ਦੀ ਅਦਾਕਾਰੀ ਅਤੇ ਕਿਸਾਨ ਸੰਘਰਸ਼ ਦੌਰਾਨ ਯੋਗਦਾਨ ਪਾਉਣ ਦਾ ਪ੍ਰਸੰਸਕ ਹੈ। ਇਸ ਤੋਂ ਇਲਾਵਾ ਉਸ ਨੂੰ ਸੰਦੀਪ ਅੰਬੀਆ ਦੀ ਕਬੱਡੀ ਤਾਂ ਰੂਹ ਦੀ ਖੁਰਾਕ ਵਾਂਗ ਸੀ ਪਰ ਦੁੱਖ ਦੀ ਗੱਲ ਹੈ ਕਿ ਇਹ ਤਿੰਨੇ ਹੀਰੇ ਸਾਡੇ ਕੋਲੋਂ ਵਿੱਛੜ ਗਏ ਹਨ। ਉਸ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਮਾਪਿਆਂ ਦਾ ਕੱਲਾ ਕੱਲਾ ਪੁੱਤ ਸੀ ਜੋ ਮਾਰਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਉਸ ਦਾ ਵੀ ਵਿਆਹ ਸੀ ਤੇ ਮਾਪਿਆਂ ਨੇ ਵੀ ਸ਼ਗਨ ਮਨਾਉਣੇ ਸਨ। ਗੁਰਵਿੰਦਰ ਸਿੰਘ ਆਖਦਾ ਹੈ ਕਿ ਉਸ ਨੇ ਆਪਣਾ ਵਿਆਹ ਸਿੱਧੂ ਮੂਸੇਵਾਲਾ ਨੂੰ ਸਮਰਪਿਤ ਕੀਤਾ ਹੈ। ਊਨ੍ਹਾਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਉਹ ਮਾਪਿਆਂ ਨੂੰ ਹਮੇਸ਼ਾ ਲਈ ਛੱਡ ਕੇ ਚਲਾ ਗਿਆ ਹੈ।ਉਨ੍ਹਾਂ ਭਾਰੀ ਮਨ ਨਾਲ ਕਿਹਾ ਕਿ ਸਿੱਧੂ ਮੂਸੇਵਾਲਾ ਦਾ ਵਿਆਹ ਸੀ ਜਿਸ ਕਰਕੇ ਮਾਪਿਆਂ ਨੇ ਸ਼ਗਨ ਮਨਾਉਣੇ ਸਨ ਪਰ ਉਹ ਚੁੱਪ ਕਰਕੇ ਬੈਠ ਗਏ ਹਨ। ਉਨ੍ਹਾਂ ਦੱਸਿਆ ਕਿ ਇਸੇ ਕਾਰਨ ਹੀ ਸਿੱਧੂ ਮੂਸੇਵਾਲਾ ਅਤੇ ਬਾਕੀਆਂ ਦੀ ਯਾਦ ’ਚ ਅੱਜ ਇਹ ਬੈਨਰ ਬਣਵਾ ਕੇ ਲਾਇਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮਕਸਦ ਸਿੱਧੂ ਮੂਸੇਵਾਲਾ ਦੀ ਯਾਦ ਨੂੰ ਜਿੰਦਾ ਰੱਖਣਾ ਹੈ ਅਤੇ ਉਹ ਇਸ ਲਈ ਹਰ ਸੰਭਵ ਯਤਨ ਕਰਨਗੇ। ਉਨ੍ਹਾਂ ਆਖਿਆ ਕਿ ਇਹ ਤਿੰਨੇ ਸਿਤਾਰੇ ਹਨ ਜਿੰਨ੍ਹਾਂ ਨੇ ਦੇਸ਼ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਮੌਕੇ ਤੇ ਹਾਜਰ ਇੱਕ ਹੋਰ ਬਰਾਤੀ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਲੋਕਾਂ ਦੇ ਦਿਲਾਂ ਤੇ ਰਾਜ ਕਰਦਾ ਰਿਹਾ ਹੈ ਅਤੇ ਕਰਦਾ ਹੀ ਰਹੇਗਾ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਦੀ ਉਮਰ ਕੋਈ ਬਹੁਤੀ ਨਹੀਂ ਸੀ ਤੇ ਏਨੀ ਛੋਟੀ ਉਮਰ ਵਿੱਚ ਪ੍ਰਸਿੱਧੀ ਹਾਸਲ ਕਰਨਾ ਵੀ ਹਰ ਕਿਸੇ ਦੇ ਹਿੱਸੇ ਨਹੀਂ ਆਉਂਦਾ ਜਿਸ ਕਰਕੇ ਅੱਜ ਵੀ ਲੋਕ ਉਸ ਦੇ ਫੈਨ ਹਨ ਅਤੇ ਰਹਿਣਗੇ।