ਸੇਵਾਦਾਰ ਦੀ ਚੜ੍ਹਾਈ “ਮਹੀਨੇ ਦੀ ਤਨਖਾਹ ਤੋਂ ਵੱਧ ਕਰਦੈ ” ਨਿੱਤ ਕਮਾਈ
ਹਰ ਕਰਮਚਾਰੀ ਦੇ ਚਿਹਰੇ ਤੇ ਦਿਖਦੈ ਸੇਵਾਦਾਰ ਦਾ ਖੌਫ
ਹਰਿੰਦਰ ਨਿੱਕਾ ,ਬਰਨਾਲਾ 1 ਜੂਨ 2022
ਸੇਵਾਦਾਰ ਤੋਂ ਡਰਦੇ ਰਹੀਏ, ਪਰਵਾਹ ਨਾ ਕਰੀਏ ਸਾਬ੍ਹ ਦੀ , ਜੀ ਹਾਂ, ਪੇਂਡੂ ਬੋਲ ਚਾਲ ਦਾ ਇਹ ਅਖਾਣ , ਕੁੱਝ ਸਮੇਂ ਤੋਂ ਤਹਿਸੀਲ ਦਫਤਰ ਅੰਦਰ ਆਉਂਦੇ ਜਾਂਦੇ ਲੋਕ ਅਕਸਰ ਗੱਲਾਂ ਕਰਦੇ ਵਰਤਦੇ ਹਨ । ਲੋਕੀਂ ਗੱਲਾਂ ਵੀ ਕਿਉਂ ਨਾ ਕਰਨ, ਤਹਿਸੀਲ ਦਫਤਰ ਅੰਦਰ, ਸਭ ਤੋਂ ਵੱਧ ਤੂਤੀ ਇੱਕ ਸੇਵਾਦਾਰ ਦੀ ਬੋਲਦੀ ਐ। ਦਰਅਸਲ ਪੰਜਾਬ ਦੇ ਲੋਕਾਂ ਨੇ ਬੜੀਆਂ ਉਮੀਦਾਂ ਤੇ ਚਾਅ ਨਾਲ, ਰਵਾਇਤੀ ਪਾਰਟੀਆਂ ਤੋਂ ਖਹਿੜਾ ਛੁਡਾਉਣ ਲਈ, ਸੂਬੇ ਦੀ ਸੱਤਾ ‘ਚ ਬਦਲਾਅ ਲੈ ਆਂਦਾ ਹੈ , ਪਰੰਤੂ ਬਰਨਾਲਾ ਤਹਿਸੀਲ ਦਫਤਰ ਅੰਦਰ ਲੋਕਾਂ ਨੂੰ ਬਦਲਾਅ ਦੀ ਇੱਕ ਝਲਕ ਹਾਲੇ ਤੱਕ ਵੀ ਦੇਖਣ ਨੂੰ ਨਹੀਂ ਮਿਲਦੀ। ਕਿਉਂਕਿ ਵੱਡੇ ਅਫਸਰਾਂ ਦਾ ਕਮਾਊ ਪੁੱਤ, ਸੇਵਾਦਾਰ ,ਹਰ ਤਰਾਂ ਦੇ ਵਿਗੜੇ, ਤਿਗੜੇ ਕੰਮ ਕਰਵਾਉਣ ਲਈ, ਹਮੇਸ਼ਾ ਤਿਆਰ ਬਰ ਤਿਆਰ ਰਹਿੰਦਾ ਹੈ। ਭਗਵੰਤ ਮਾਨ ਸਰਕਾਰ ਬੇਸ਼ੱਕ ਪੰਜਾਬ ਅੰਦਰ ਹਰ ਮਹਿਕਮੇ ‘ਚੋਂ ਭ੍ਰਿਸ਼ਟਾਚਾਰ ਖਤਮ ਕਰਨ ਦੇ ਦਮਗਜ਼ੇ , ਮਾਰਦੀ ਨਹੀਂ ਥੱਕਦੀ, ਪਰ ਤਹਿਸੀਲ ਦਫਤਰ ਦਾ ਇੱਹ ਕਮਾਊ, ਪੁੱਤ, ਸਰਕਾਰ ਦੀਆਂ ਹਦਾਇਤਾਂ ਦੀ ਪਰਵਾਹ ਹੀ ਨਹੀਂ ਕਰਦਾ। ਪੂਰਾ ਦਿਨ,ਆਪਣੀ ਅਸਲ ਡਿਊਟੀ, ਨਿਭਾਉਣ ਦੀ ਬਜਾਏ, ਅੜੇ ਗੱਡੇ ਕੱਢਣ ਲਈ, ਸੌਦੇਬਾਜੀਆਂ ਵਿੱਚ ਹੀ ਗਲਤਾਨ ਰਹਿੰਦਾ ਹੈ। ਯਾਨੀ, ਇਹ ਸੇਵਾਦਰ, ਅਫਸਰਾਂ ਅਤੇ ਲੋਕਾਂ ਦਰਮਿਆਨ ਵਿਚੋਲੇ ਦੇ ਰੂਪ ਵਿੱਚ ਦੋਵੀਂ ਹੱਥੀਂ, ਲੋਕਾਂ ਦੀ ਲੁੱਟ ਕਰਕੇ, ਜਿੱਥੇ ਅਫਸਰਾਂ ਨੂੰ ਹਰ ਰੋਜ਼ ਮੋਟੀ ਕਮਾਈ ਕਰਕੇ ਦੇ ਰਿਹਾ,ਉੱਥੇ ਹੀ ਖੁਦ ਦੀਆਂ ਜੇਬਾਂ ਵੀ ਭਰ ਰਿਹਾ ਹੈ। ਇਸੇ ਲਈ ਤਾਂ ਲੋਕ, ਅਫਸਰਾਂ ਨੂੰ ਮਿਲਣ ਦੀ ਬਜਾਏ, ਉਸੇ ਨਾਲ ਹੀ, ਗੰਢਤੁੱਪ ਕਰਨ ਨੂੰ ਤਰਜੀਹ ਦਿੰਦੇ ਨੇ। ਕੁੱਝ ਪ੍ਰੋਪਰਟੀ ਡੀਲਰਾਂ ਤੇ ਕੁੱਝ ਅਰਜੀ ਨਵੀਸਾਂ ਦਾ ਵੀ, ਉਹ ਜੁੰਡੀ ਦਾ ਯਾਰ ਬਣਿਆ ਹੋਇਆ ਹੈ।
ਪਤਾ ਇਹ ਵੀ ਲੱਗਿਆ ਹੈ ਕਿ ਤਹਿਸੀਲ ਕੰਪਲੈਕਸ ‘ਚ ਡਿਊਟੀ ਕਰਦੇ ਕਰਮਚਾਰੀਆਂ ਤੇ ਵੀ ਇਹ ਸੇਵਾਦਰ ,ਸਾਬ੍ਹ ਦੀ ਤਰਾਂ ਰੋਹਬ ਝਾੜਦਾ ਹੈ, ਝਾੜੇ ਵੀ ਕਿਉਂ, ਅਫਸਰਾਂ ਦੀਆਂ ਅੱਖਾਂ ਦਾ ਤਾਰਾ, ਇਹ ਸੇਵਾਦਰ,ਜਦੋਂ ਹਰ ਸਮੇਂ ਅਫਸਰਾਂ ਦੀ ਸੇਵਾ ਪਾਣੀ ਦਾ ਖਿਆਲ ਜੂ ਰੱਖਦਾ ਹੈ। ਤਹਿਸੀਲ ਕੰਪਲੈਕਸ ਦੇ ਕਰਮਚਾਰੀ, ਉਸ ਤੋਂ ਸੀਨੀਅਰ ਹੋਣ ਦੇ ਬਾਵਜੂਦ ਵੀ, ਉਹਦਾ ਹੁਕਮ, ਸਿਰ ਮੱਥੇ ਮੰਨਦੇ ਹਨ, ਕਾਰਣ, ਸਾਫ ਹੈ ਕਿਉਂਕਿ ਇਹ ਸੇਵਾਦਾਰ, ਅਫਸਰਾਂ ਦੇ ਹਰ ਵਿੰਗੇ-ਟੇੜੇ ਕੰਮਾਂ ਦਾ ਰਾਜਦਾਰ ਵੀ ਹੈ। ਤਹਿਸੀਲ ਕੰਪਲੈਕਸ ਵਿੱਚ ਹਰ ਦਿਨ ਆਉਣ ਜਾਣ ਕਰਦੇ, ਲੋਕਾਂ ਦੀ ਮੰਨੀਏ ਤਾਂ ਅਫਸਰਾਂ ਦਾ ਕਮਾਊ ਪੁੱਤ ਸੇਵਾਦਾਰ, ਮਹੀਨੇ ਦੀ ਤਨਖਾਹ ਤੋਂ ਜਿਆਦਾ ਕਮਾਈ ਤਾਂ ਹਰ ਦਿਨ ਜੇਬ ਵਿੱਚ ਪਾਉਂਦਾ ਹੈ। ਅਫਸਰ ਕੋਈ ਵੀ ਹੋਵੇ, ਤਾਹਿਉਂ ਤਾਂ ਉਹ ਦੀ ਤੂਤੀ ਤਹਿਸੀਲ ਕੰਪਲੈਕਸ ਵਿੱਚ ਬੋਲਦੀ ਹੀ ਰਹਿੰਦੀ ਹੈ। ਇਸ ਸੇਵਾਦਾਰ ਰਾਹੀਂ, ਅਫਸਰਾਂ ਦਾ ਸੇਵਾ ਪਾਣੀ, ਕਰਨ ਵਾਲੇ ਪ੍ਰੋਪਰਟੀ ਡੀਲਰਾਂ ਦਾ ਕਹਿਣਾ ਹੈ ਕਿ ਚਾਰ ਪੈਸੇ ਲਾ ਕੇ, ਕੰਮ ‘ਚ ਕੋਈ ਅੜਿੱਕਾ ਨਹੀਂ ਲੱਗਦਾ, ਨਹੀਂ ਫਿਰ ਗੱਲ ਗੱਲ ਤੇ ਨਗੋਚਾਂ ਨਿਕਲਦੀਆਂ ਰਹਿੰਦੀਆਂ ਹਨ। ਵਰਨਣਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ ਦਿਨੀਂ, ਆਪਣੀ ਕੈਬਨਿਟ ਦੇ ਵਜੀਰ ਡਾਕਟਰ ਵਿਜੇ ਸਿੰਗਲਾ ਨੂੰ ਵੀ ਇੱਕ ਪ੍ਰਸੈਂਟ ਕਮਿਸ਼ਨ ਦੀ ਮੰਗ ਕਰਨ ਦਾ ਮਾਮਲਾ ਸਾਹਮਣੇ, ਆਉਂਦਿਆਂ ਹੀ, ਵਜਾਰਤ ’ਚੋਂ ਕੱਢਣ ਦੇ ਨਾਲ ਨਾਲ, ਕੇਸ ਦਰਜ਼ ਕਰਕੇ,ਜੇਲ੍ਹ ਦੀਆਂ ਸਲਾਖਾਂ ਪਿੱਛੇ ਵੀ ਭੇਜ ਦਿੱਤਾ ਸੀ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਬਰਨਾਲਾ ਤਹਿਸੀਲ ਅੰਦਰ ਫੈਲੇ ਭ੍ਰਿਸ਼ਟਾਚਾਰ ਤੋਂ ਲੋਕਾਂ ਨੂੰ ਕਦੋਂ ਨਿਜਾਤ ਮਿਲੇਗੀ।