ਸਿਹਤਯਾਬ ਜੀਵਨਸ਼ੈਲੀ ਲਈ ਤੰਬਾਕੂ ਪਦਾਰਥਾਂ ਨੂੰ ਕਹੋ ਨਾਂਹ: ਡਾ. ਔਲਖ
ਸੋਨੀ ਪਨੇਸਰ , ਬਰਨਾਲਾ, 31 ਮਈ 2022
ਸਿਹਤ ਵਿਭਾਗ ਬਰਨਾਲਾ ਵੱਲੋਂ ‘ਵਾਤਾਵਰਣ ਦੀ ਰੱਖਿਆ ਕਰੋ ਅਤੇ ਤੰਬਾਕੂ ਨੂੰ ਨਾਂਹ ਕਰੋ’ ਵਿਸ਼ੇ ਤਹਿਤ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਹਰੀਸ਼ ਨਈਅਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ ਦੀ ਯੋਗ ਅਗਵਾਈ ਹੇਠ ਦਸਤਖਤ ਮੁਹਿੰਮ ਚਲਾਈ ਗਈ ਹੈ।ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਔਲਖ ਨੇ ਕਿਹਾ ਕਿ ਜ਼ਿਲਾ ਬਰਨਾਲਾ ’ਚ ਤੰਬਾਕੂ ਵਿਰੁੱਧ ਅਤੇ ਵਾਤਾਵਰਣ ਬਚਾਉਣ ਬਾਰੇ ਦਸਤਖਤ ਮੁਹਿੰਮ ਚਲਾਈ ਗਈ ਹੈ। ਉਨਾਂ ਦੱਸਿਆ ਕਿ ਤੰਬਾਕੂ ਦੇ ਮਾੜੇ ਪ੍ਰਭਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਸਿਹਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਗਰੁੱਪ ਮੀਟਿੰਗਾਂ ਕੀਤੀਆਂ ਜਾਂਦੀਆਂ ਹਨ ਅਤੇ ਸਕੂਲਾਂ ਵਿੱਚ ਜਾ ਕੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਤੰਬਾਕੂ ਪਦਾਰਥਾਂ ਦੇ ਸੇਵਨ ਬਹੁਤ ਹੀ ਖਤਰਨਾਕ ਹੈ।ਡਾ. ਔਲਖ ਨੇ ਕਿਹਾ ਕਿ ਇਸ ਵਿੱਚ ਬਹੁਤ ਸਾਰੇ ਜ਼ਹਿਰੀਲੇ ਅਤੇ ਰਸਾਇਣਕ ਤੱਤ ਹੁੰਦੇ ਹਨ, ਜਿਨਾਂ ਨਾਲ ਕੈਂਸਰ, ਟੀਬੀ, ਸਾਹ ਦੀਆਂ ਬਿਮਾਰੀਆਂ, ਬਲੱਡ ਪ੍ਰੈਸ਼ਰ ਤੇ ਹੋਰ ਬਹੁਤ ਸਾਰੀਆਂ ਮਾਰੂ ਬਿਮਾਰੀਆਂ ਲੱਗ ਜਾਂਦੀਆਂ ਹਨ। ਤੰਬਾਕੂ ਪਦਾਰਥ ਤਿਆਰ ਕਰਨ ਲਈ ਦਰੱਖਤ ਦੀ ਕਟਾਈ ਕਰ ਕੇ ਲੱਕੜ ਬਾਲ ਕੇ ਵਾਤਾਵਰਨ ਨੂੰ ਪ੍ਰਦੂਸ਼ਿਤ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਤੰਬਾਕੂ ਕੰਟਰੋਲ ਕੰਟਰੋਲ ਐਕਟ 2003 ਅਤੇ ਫੂਡ ਸੇਫਟੀ ਐਂਡ ਸਟੈਂਡਰਡ ਐਕਟ 2006 ਬਾਰੇ ਲੋਕਾਂ ਅਤੇ ਦੁਕਾਨਦਾਰਾਂ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ। ਉਨਾਂ ਕਿਹਾ ਕਿ ਜੇਕਰ ਕੋਈ ਉਲੰਘਣਾ ਕਰਦਾ ਪਾਇਆ ਗਿਆ ਤਾਂ ਮੌਕੇ ’ਤੇ ਜੁਰਮਾਨਾ ਕੀਤਾ ਜਾਂਦਾ ਹੈ। ਇਸ ਮੌਕੇ ਸਿਹਤ ਵਿਭਾਗ ਬਰਨਾਲਾ ਦੇ ਸਮੂਹ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।
One thought on “ਸਿਹਤ ਵਿਭਾਗ ਨੇ ਤੰਬਾਕੂ ਵਿਰੁੱਧ ਚਲਾਈ ਦਸਤਖ਼ਤੀ ਮੁਹਿੰਮ”
Comments are closed.