ਰਵੀ ਸੈਣ , ਬਰਨਾਲਾ, 31 ਮਈ 2022
ਮੁੱਖ ਖੇਤੀਬਾੜੀ ਅਫ਼ਸਰ ਬਰਨਾਲਾ ਡਾ. ਬਲਬੀਰ ਚੰਦ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਿੰਡ ਕਲਾਲਮਾਜਰਾ, ਬਲਾਕ ਮਹਿਲ ਕਲਾਂ ਵਿਖੇ ਝੋਨੇ ਦੀ ਸਿੱਧੀ ਬਿਜਾਈ, ਨਦੀਨਾਂ ਦੀ ਰੋਕਥਾਮ, ਕੀੜੇ-ਮਕੌੜੇ, ਬਿਮਾਰੀਆਂ ਤੇ ਉਨਾਂ ਦੇ ਹੱਲ ਬਾਰੇ ਪਿੰਡ ਪੱਧਰੀ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ।ਇਸ ਮੌਕੇ ਡਾਕਟਰ ਜਰਨੈਲ ਸਿੰਘ ਬਲਾਕ ਖੇਤੀਬਾੜੀ ਅਫਸਰ ਨੇ ਕਿਸਾਨਾਂ ਨੂੰ ਕਿਹਾ ਕਿ ਹਵਾ, ਧਰਤੀ ਤੇ ਪਾਣੀ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਸਭ ਨੂੰ ਹੰਭਲਾ ਮਾਰਨ ਦੀ ਲੋੜ ਹੈ ਤਾਂ ਜੋ ਆਉਣ ਵਾਲੀਆਂ ਪੀੜੀਆਂ ਨੂੰ ਸ਼ੁੱਧ ਹਵਾ-ਪਾਣੀ ਮਿਲ ਸਕੇ। ਉਨਾਂ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖਾਦਾਂ ਦੀ ਸੁਚੱਜੀ ਵਰਤੋਂ ਕਰਨੀ ਅਜੋਕੇ ਸਮੇਂ ਦੀ ਮੁੱਖ ਲੋੜ ਹੈ। ਇਸ ਮੌਕੇ ਸਨਵਿੰਦਰ ਪਾਲ ਸਿੰਘ ਬਰਾੜ, ਬਲਾਕ ਟੈਕਨਲੋਜੀ ਮੈਨੇਜਰ ਨੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਵਿਸਥਾਰ-ਪੂਰਵਕ ਜਾਣਕਾਰੀ ਦਿੱਤੀ ਅਤੇ ਖੇਤੀਬਾੜੀ ਦਫਤਰ ਮਹਿਲ ਕਲਾਂ ਦੀ ਸਰਕਾਰੀ ਡੀ.ਐਸ.ਆਰ ਮਸ਼ੀਨ ਨਾਲ ਕਿਸਾਨ ਗੁਰਦੀਪ ਸਿੰਘ ਦੇ 4 ਏਕੜ ਖੇਤ ਵਿੱਚ ਝੋਨੇ ਦੀ ਸਿੱਧੀ ਬਿਜਾਈ ਕਰਵਾਈ ਅਤੇ ਕਿਸਾਨਾਂ ਦੇ ਸ਼ੰਕੇ ਦੂਰ ਕੀਤੇ।
ਇਸ ਮੌਕੇ ਉਨਾਂ ਪਾਣੀ ਬਣਾਉਣ ਦੀਆਂ ਵੱਖ-ਵੱਖ ਵਿਧੀਆਂ ਜਿਵੇਂ ਕਿ ਤੁਕਪਾ ਸਿੰਜਾਈ, ਫੁਹਾਰਾ ਸਿੰਜਾਈ, ਜਮੀਨਦੋਜ਼ ਪਾਈਪਲਾਈਨ ਆਦਿ ਬਾਰੇ ਜਾਣਕਾਰੀ ਦਿੱਤੀ। ਉਨਾਂ ਕਿਸਾਨਾਂ ਨੂੰ ਸਹਾਇਕ ਧੰਦੇ ਜਿਵੇਂ ਕਿ ਬੱਕਰੀ ਪਾਲਣ, ਮੱਛੀ ਪਾਲਣ, ਸ਼ਹਿਦ ਦੀਆਂ ਮੱਖੀਆਂ ਪਾਲਣ ਆਦਿ ਦੀ ਟ੍ਰੇਨਿੰਗ ਲੈਣ ਅਤੇ ਇਹ ਧੰਦੇ ਅਪਨਾਉਣ ਦੀ ਅਪੀਲ ਕੀਤੀ।