ਸੋਨੀ ਪਨੇਸਰ , ਬਰਨਾਲਾ, 30 ਮਈ 2022
ਐਸ ਡੀ ਕਾਲਜ ਵਿਖੇ ‘ਡੀਬੀਟੀ ਸਟਾਰ ਕਾਲਜ ਸਕੀਮ’ ਤਹਿਤ ਜ਼ੂਆਲੋਜੀ ਵਿਭਾਗ ਵੱਲੋਂ ਮਾਹਿਰ ਲੈਕਚਰ ਕਰਵਾਏ ਗਏ। ਇਸ ਪ੍ਰੋਗਰਾਮ ਵਿਚ ਡਾ. ਬਲਵਿੰਦਰ ਸਿੰਘ ਸੂਚ, ਮੁਖੀ ਬਾਇਓਟੈਕਨੋਲੋਜੀ ਵਿਭਾਗ ਅਤੇ ਡਿਪਟੀ ਕੋਆਰਡੀਨੇਟਰ ਆਈਪੀਆਰ ਐਂਡ ਟੈਕਨਾਲੋਜੀ ਟਰਾਂਸਫ਼ਰ ਸੈੱਲ ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਤੇ ਡਾ. ਰਾਮ ਸਰੂਪ ਸਿੰਘ, ਐਸੋਸੀਏਟ ਡੀਨ ਰਿਸਰਚ, ਚੰਡੀਗੜ ਯੂਨੀਵਰਸਿਟੀ ਘੜੂਆਂ ਨੇ ਮਾਹਿਰ ਲੈਕਚਰ ਦਿੱਤੇ।
ਵਿਭਾਗ ਦੇ ਮੁਖੀ ਅਤੇ ਪ੍ਰੋਗਰਾਮ ਦੇ ਕਨਵੀਨਰ ਡਾ. ਰੇਨੂੰ ਸਿੰਗਲਾ ਨੇ ਬੁਲਾਰਿਆਂ ਦਾ ਸਵਾਗਤ ਕਰਦਿਆਂ ਆਸ ਪ੍ਰਗਟਾਈ ਕਿ ਇਹ ਲੈਕਚਰ ਹਾਜ਼ਰ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਬੇਹੱਦ ਲਾਹੇਵੰਦ ਸਾਬਤ ਹੋਣਗੇ। ਆਪਣੀ ਪੇਸ਼ਕਾਰੀ ‘ਇੰਟੇਲੈਕਚੂਅਲ ਪ੍ਰੋਪਰਟੀ ਰਾਈਟਸ: ਏ ਟੂਲ ਫ਼ਾਰ ਪ੍ਰੋਟੈਕਸ਼ਨ ਆਫ਼ ਇੰਨੋਵੇਸ਼ਨਸ’ ਵਿਚ ਡਾ. ਬਲਵਿੰਦਰ ਸੂਚ ਨੇ ਵੱਖ-ਵੱਖ ਤਰਾਂ ਦੇ ਇੰਟੇਲੈਕਚੂਅਲ ਪ੍ਰੋਪਰਟੀ ਰਾਈਟਸ ਬਾਰੇ ਚਰਚਾ ਕਰਦਿਆਂ ਉਹਨਾਂ ਖ਼ਾਸ ਤੌਰ ’ਤੇ ਕਾਪੀਰਾਈਟਸ, ਪੇਟੇਂਟਸ ਅਤੇ ਟਰੇਡਮਾਰਕਸ ਆਦਿ ਨਾਲ ਜੁੜੇ ਆਈਪੀਆਰ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਇਸ ਵਿਸ਼ੇ ਬਾਰੇ ਚੇਤਨਾ ਵਧਦੀ ਜਾ ਰਹੀ ਹੈ। ਉਹਨਾਂ ਕਈ ਉਦਾਹਰਣਾਂ ਰਾਹੀਂ ਇਸ ਮਹੱਤਵਪੂਰਨ ਵਿਸ਼ੇ ’ਤੇ ਚਾਨਣਾ ਪਾਇਆ।
ਦੂਜੇ ਬੁਲਾਰੇ ਡਾ. ਰਾਮ ਸਰੂਪ ਸਿੰਘ ਨੇ ‘ਜੈਨੇਟਿਕਲੀ ਮੋਡੀਫ਼ਾਈਡ ਫ਼ੂਡ’ ਵਿਸ਼ੇ ’ਤੇ ਆਪਣੇ ਵਿਚਾਰ ਰੱਖੇ। ਉਹਨਾਂ ਅਜਿਹੇ ਖਾਦ ਪਦਾਰਥ ਬਣਾਉਣ ਦੀ ਤਕਨੀਕ, ਲਾਭ ਆਦਿ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਉਹਨਾਂ ਅਜਿਹੇ ਖਾਦ ਪਦਾਰਥਾਂ ਦੇ ਵਿਕਾਸ ਨਾਲ ਵਾਤਾਵਰਣ ’ਤੇ ਪੈਂਦੇ ਵੱਖ-ਵੱਖ ਨਕਾਰਾਤਮਿਕ ਅਤੇ ਸਕਾਰਾਤਮਿਕ ਪ੍ਰਭਾਵਾਂ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਲੈਬਲਿੰਗ ਇਸ਼ੂਜ਼ ਬਾਰੇ ਵੀ ਦੱਸਿਆ।
ਕਾਲਜ ਪ੍ਰਿੰਸੀਪਲ ਡਾ. ਰਮਾ ਸ਼ਰਮਾ ਨੇ ਇਸ ਉਪਰਾਲੇ ਲਈ ਵਿਭਾਗ ਨੂੰ ਮੁਬਾਰਕਬਾਦ ਦਿੱਤੀ। ਬਾਇਓਲੋਜੀ ਵਿਭਾਗ ਦੇ ਡਾ. ਅਮਰਦੀਪ ਕੌਰ ਅਤੇ ਡਾ. ਮਨੀਸ਼ ਕੁਮਾਰ ਨੇ ਸਮਾਗਮ ਨੂੰ ਸਫ਼ਲਤਾਪੂਰਵਕ ਨੇਪਰੇ ਚਾੜਨ ਵਿਚ ਸਹਿਯੋਗ ਦਿੱਤਾ। ਅੰਤ ਵਿਚ ਜ਼ੂਆਲੋਜੀ ਵਿਭਾਗ ਦੇ ਡਾ. ਕਮਲਪ੍ਰੀਤ ਕੌਰ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਵਾਇਆ ਕਿ ਅੱਗੇ ਤੋਂ ਵੀ ਵਿਭਾਗ ਵੱਲੋਂ ਇਸ ਤਰਾਂ ਦੇ ਪ੍ਰੋਗਰਾਮ ਜਾਰੀ ਰਹਿਣਗੇ। ਇਸ ਮੌਕੇ ਕਾਲਜ ਦੇ ਸਾਰੇ ਸਾਇੰਸ ਵਿਭਾਗਾਂ ਦੇ ਵਿਦਿਆਰਥੀ ਅਤੇ ਅਧਿਆਪਕਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਐਸ ਡੀ ਕਾਲਜ ਆਫ਼ ਬੀ. ਫ਼ਾਰਮੇਸੀ ਅਤੇ ਐਸ ਡੀ ਕਾਲਜ ਆਫ਼ ਡੀ. ਫ਼ਾਰਮੇਸੀ ਦੇ ਵਿਦਿਆਰਥੀ ਅਤੇ ਅਧਿਆਪਕ ਹਾਜ਼ਰ ਸਨ। ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਅਨੀਸ਼ ਪ੍ਰਕਾਸ਼, ਉਪ ਪ੍ਰਧਾਨ ਸ੍ਰੀ ਨਰੇਸ਼ ਸਿੰਗਲਾ, ਜਨਰਲ ਸਕੱਤਰ ਸ੍ਰੀ ਜਤਿੰਦਰ ਨਾਥ ਸ਼ਰਮਾ, ਡਾਇਰੈਕਟਰ ਸ੍ਰੀ ਹਰਦਿਆਲ ਸਿੰਘ ਅੱਤਰੀ ਅਤੇ ਵਿੱਤ ਸਕੱਤਰ ਡਾ. ਮੁਕੰਦ ਲਾਲ ਬਾਂਸਲ ਨੇ ਇਹ ਪ੍ਰੋਗਰਾਮ ਕਰਵਾਉਣ ਲਈ ਜ਼ੂਆਲੋਜੀ ਵਿਭਾਗ ਨੂੰ ਵਧਾਈ ਦਿੱਤੀ ਹੈ।