ਐਸਡੀਐਮ ਬਰਨਾਲਾ ਨਾਲ ਲੰਬਾ ਸਮਾਂ ਤਿੰਨ ਧਿਰੀ ਗੱਲਬਾਤ ਹੋਈ, ਮਿਉਂਸਪਲ ਅਧਿਕਾਰੀਆਂ ਨੂੰ ਪ੍ਰਦੂਸ਼ਨ ਕੰਟਰੋਲ ਬੋਰਡ ਕੋਲੋਂ ਲੋੜੀਂਦੀ ਸੇਧ ਹਾਸਿਲ ਕਰਨ ਦੀ ਹਦਾਇਤਾਂ
ਹਰਿੰਦਰ ਨਿੱਕਾ , ਬਰਨਾਲਾ 30 ਮਈ 2022
ਕਾਫੀ ਲੰਬੇ ਸਮੇਂ ਤੋਂ ਸੇਖਾ ਰੋਡ ਖੇਤਰ ਅੰਦਰ ਨਜਾਇਜ਼ ਗੁਦਾਮਾਂ ਦੀ ਉਸਾਰੀ ਵਿਰੁੱਧ ਸੰਘਰਸ਼ ਕਮੇਟੀ ਵੱਲੋਂ ਸ਼ੁਰੂ ਸੰਘਰਸ਼ ਦਾ ਮਾਮਲਾ ਦਿਨੋ ਦਿਨ ਗੰਭੀਰ ਹੁੰਦਾ ਜਾ ਰਿਹਾ ਹੈ। ਅੱਜ ਐਸਡੀਐਮ ਬਰਨਾਲਾ ਵੱਲੋਂ ਸੰਘਰਸਸ਼ਸ਼ੀਲ ਜਥੇਬੰਦੀਆਂ,ਮਿਉਂਸਪਲ ਅਧਿਕਾਰੀਆਂ ਅਤੇ ਗੁਦਾਮ ਮਾਲਕਾਂ ਨਾਲ ਸਾਂਝੇ ਤੌਰ’ਤੇ ਆਪਣੇ ਦਫਤਰ ਵਿੱਚ ਵਿਸਥਾਰ ਸਹਿਤ ਮੀਟਿੰਗ ਕੀਤੀ। ਇਸ ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਸੰਘਰਸ਼ ਕਮੇਟੀ ਦੇ ਕਨਵੀਨਰ ਡਾ ਰਜਿੰਦਰ ਪਾਲ , ਇਨਕਲਾਬੀ ਕੇਂਦਰ,ਪੰਜਾਬ ਦੇ ਸੂਬਾ ਪ੍ਰਧਾਨ ਨਰਾਇਣ ਦੱਤ ਨੇ ਦੱਸਿਆ ਕਿ ਮਿਉਂਸਪਲ ਅਧਿਕਾਰੀਆਂ ਵੱਲੋਂ ਗੁਦਾਮਾਂ ਦੀ ਨਜਾਇਜ਼ ਉਸਾਰੀ ਖਿਲਾਫ਼ ਨੋਟਿਸ ਜਾਰੀ ਹੋਣ ਤੋਂ ਬਾਅਦ ਵੀ ਟਿੱਚ ਨਾਂ ਜਾਣਦੇ ਹੋਏ ਮਨੁੱਖੀ ਜਿੰਦਗੀਆਂ ਦੀ ਪਰਵਾਹ ਕੀਤੇ ਵਗੈਰ ਧੜੱਲੇ ਨਾਲ ਸਬੰਧਤ ਵਪਾਰੀ ਸਮਾਨ ਸਟੋਰ ਕਰ ਰਿਹਾ ਹੈ।
ਉਨਾਂ ਦੱਸਿਆ ਕਿ ਮੁਹੱਲਾ ਵਾਸੀਆਂ ਵਿੱਚ ਹੈਂਕੜਬਾਜ ਵਪਾਰੀ ਦੇ ਖਿਲਾਫ਼ ਗੁੱਸਾ ਪਾਇਆ ਜਾ ਰਿਹਾ ਹੈ। ਬਰਨਾਲਾ ਸ਼ਹਿਰ ਅੰਦਰ ਵੱਖ ਵੱਖ ਰਿਹਾਇਸ਼ੀ ਇਲਾਕਿਆਂ ਵਿੱਚ ਮਿਉਂਸਪਲ/ਪ੍ਰਸ਼ਾਸ਼ਨਿਕ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਵੱਡੇ ਵਪਾਰਕ ਘਰਾਣਿਆਂ ਵੱਲੋਂ ਜੰਗੀ ਪੱਧਰ’ਤੇ ਗੁਦਾਮਾਂ ਦੀ ਨਜਾਇਜ਼ ਉਸਾਰੀ ਕੀਤੀ ਜਾ ਰਹੀ ਹੈ। ਬਹੁਤ ਸਾਰੇ ਗੁਦਾਮਾਂ ਵਿੱਚ ਜਲਣਸ਼ੀਲ ਪਦਾਰਥ ( ਘਿਉ, ਤੇਲ, ਪਟਾਖੇ, ਤੰਬਾਕੂ,ਗੈਸ ਆਦਿ ) ਧੜੱਲੇ ਨਾਲ ਸਟੋਰ ਕੀਤਾ ਜਾ ਰਿਹਾ ਹੈ। ਅਜਿਹੇ ਗੁਦਾਮ ਪਾਸ ਕਰਨ ਵੇਲੇ ਮੁਹੱਲਾ ਨਿਵਾਸੀਆਂ ਅਤੇ ਵਪਾਰਕ ਗੁਦਾਮਾਂ ਦੀ ਉਸਾਰੀ ਸਬੰਧੀ ਸਰਕਾਰ ਦੀਆਂ ਹਦਾਇਤਾਂ ਨੂੰ ਅੱਖੋਂ ਪਰੋਖੇ ਕੀਤਾ ਜਾਂਦਾ ਹੈ।
ਉਨਾਂ ਕਿਹਾ ਕਿ ਅਜਿਹੇ ਗੁਦਾਮ ਵਪਾਰਕ ਘਰਾਣਿਆਂ ਦੇ ਮੁਨਾਫ਼ੇ ਦਾ ਸਾਧਨ ਤਾਂ ਬਣ ਜਾਂਦੇ ਹਨ। ਪਰ ਉਸ ਮੁਹੱਲੇ ਦੇ ਬਸ਼ਿੰਦਿਆਂ ਦੀਆਂ ਜਿੰਦਗੀਆਂ ਦਾਅ ਤੇ ਲਾ ਦਿੱਤੀਆਂ ਜਾਂਦੀਆਂ ਹਨ। ਮੀਟਿੰਗ ਵਿੱਚ ਮੰਗ ਕੀਤੀ ਕਿ ਰਿਹਾਇਸ਼ੀ ਖੇਤਰ ਵਿੱਚ ਵਪਾਰਕ ਗੁਦਾਮਾਂ ਦੀ ਉਸਾਰੀ ਬੰਦ ਕੀਤੀ ਜਾਵੇ, ਸੇਖਾ ਰੋਡ ਰਿਹਾਇਸ਼ੀ ਇਲਾਕੇ ਵਿੱਚ ਗਲਤ ਢੰਗ ਨਾਲ ਨਕਸ਼ੇ ਪਾਸ ਕਰਕੇ ਵਪਾਰਕ ਗੁਦਾਮਾਂ ਦੀ ਉਸਾਰੀ ਕਰਨ ਵਾਲੇ ਮਿਉਂਸਪਲ ਅਧਿਕਾਰੀਆਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇ, ਰਿਹਾਇਸ਼ੀ ਖੇਤਰ ਵਿੱਚ ਨਜਾਇਜ਼ ਉਸਾਰੇ ਵਪਾਰਕ ਗੁਦਾਮ ਢਾਹੇ ਜਾਣ। ਐਸਡੀਐਮ ਬਰਨਾਲਾ ਨਾਲ ਹੋਈ ।
ਮੀਟਿੰਗ ਵਿੱਚ ਸ਼ਾਮਿਲ ਆਗੂਆਂ ਅਮਰਜੀਤ ਕੌਰ,ਬਾਬੂ ਸਿੰਘ ਖੁੱਡੀਕਲਾਂ, ਹਰਚਰਨ ਚਹਿਲ, ਬਿੱਕਰ ਸਿੰਘ ਔਲਖ, ਖੁਸ਼ਮਿੰਦਰਪਾਲ, ਜਸਪਾਲ ਚੀਮਾ, ਨਰਿੰਦਰ ਪਾਲ ਸਿੰਗਲਾ, ਬਲਦੇਵ ਮੰਡੇਰ, ਰਕੇਸ਼ ਕੁਮਾਰ,ਬਲਵੰਤ ਸਿੰਘ,ਸੁਸ਼ੀਲ ਕੁਮਾਰ, ਸੁਖਦੇਵ ਸਿੰਘ, ਪਰਮਜੀਤ ਸਿੰਘ ਪੰਮਾ, ਪਰਮਿੰਦਰ ਕੌਰ, ਕਿਰਨਜੀਤ ਕੌਰ, ਬੂਟਾ ਸਿੰਘ,ਕਿਰਨ ਰਾਣੀ, ਜਗਜੀਤ ਸਿੰਘ ਨੇ ਸਪਸ਼ਟ ਕੀਤਾ ਕਿ ਸਾਡੀ ਲੜਾਈ ਵਪਾਰੀ ਵਰਗ ਖਿਲਾਫ਼ ਨਹੀਂ ਹੈ, ਸਗੋਂ ਮਨੁੱਖੀ ਜ਼ਿੰਦਗੀਆਂ ਨੂੰ ਬਚਾਉਣ ਲਈ ਹੈ। ਐਸਡੀਐਮ ਬਰਨਾਲਾ ਵੱਲੋਂ ਮਿਉਂਸਪਲ ਅਧਿਕਾਰੀਆਂ ਨੂੰ ਪ੍ਰਦੂਸ਼ਨ ਕੰਟਰੋਲ ਬੋਰਡ ਪਾਸੋਂ ਅਜਿਹੇ ਜਲਣਸ਼ੀਲ ਪਦਾਰਥ ਰੱਖਣ ਲਈ ਉਸਾਰੇ ਗੁਦਾਮਾਂ ਵਾਸਤੇ ਲੋੜੀਦੀਆਂ ਹਦਾਇਤਾਂ ਦਸ ਦਿਨਾਂ ਦੇ ਅੰਦਰ ਹਾਸਲ ਕਰਕੇ ਪੇਸ਼ ਕਰਨ ਦੀ ਹਦਾਇਤ ਕੀਤੀ। ਆਗੂਆਂ ਕਿਹਾ ਜੇਕਰ ਪ੍ਰਸ਼ਾਸ਼ਨ ਨੇ ਜਲਦ ਇਨਸਾਫ਼ ਨਾ ਮਿਲਣ ਤੱਕ ਸੰਘਰਸ਼ਸ਼ੀਲ ਜਥੇਬੰਦੀਆਂ ਸੇਖਾ ਰੋਡ ਸੰਘਰਸ਼ ਕਮੇਟੀ ਵੱਲੋਂ ਉਲੀਕੇ ਜਾਣ ਵਾਲੇ ਸੰਘਰਸ਼ ਦਾ ਪੂਰਨ ਰੂਪ’ਚ ਸਮਰਥਨ ਕਰਨਗੀਆਂ।