ਜੇ.ਐਸ. ਚਹਿਲ/ਰਘਵੀਰ ਹੈਪੀ ,ਬਰਨਾਲਾ 16 ਮਈ 2022
ਐਸ.ਏ.ਐਸ. ਨਗਰ ਮੁਹਾਲੀ ਵਿਖੇ ਪਿਛਲੇ ਦਿਨੀਂ ਹੋਏ ਬੰਬ ਧਮਾਕਿਆਂ ਦੇ ਮੱਦੇਨਜ਼ਰ ਡੀ ਜੀ ਪੀ ਪੰਜਾਬ ਵਲੋਂ ਪੰਜਾਬ ਭਰ ਅੰਦਰ ਹਾਈ ਅਲਰਟ ਦੇ ਜਾਰੀ ਕੀਤੇ ਆਦੇਸ਼ਾਂ ਤਹਿਤ ਐੱਸ ਐੱਸ ਪੀ ਬਰਨਾਲਾ ਸ੍ਰੀ ਸੰਦੀਪ ਮਲਿਕ ਵਲੋਂ ਪਬਲਿਕ ਥਾਂਵਾਂ ਦੀ ਚੈਕਿੰਗ ਕਰਨ ਲਈ ਜ਼ਾਰੀ ਹੁਕਮਾਂ ਤਹਿਤ ਡੀ ਐੱਸ ਪੀ ਬਰਨਾਲਾ ਸ੍ਰੀ ਰਾਜੇਸ਼ ਸਨੇਹੀ ਬੱਤਾ ਵਲੋਂ ਆਪਣੀ ਪੂਰੀ ਸਮੇਤ ਪਹੁੰਚ ਕੇ ਬੱਸ ਸਟੈਂਡ ਬਰਨਾਲਾ ਦੀ ਚੈਕਿੰਗ ਕੀਤੀ ਗਈ । ਥਾਣਾ ਸਿਟੀ 1 ਬਰਨਾਲਾ ਦੇ ਐਸ.ਐਚ.ਉ ਜਗਜੀਤ ਸਿੰਘ , ਪੁਲਿਸ ਚੌਂਕੀ ਬੱਸ ਸਟੈਂਡ ਬਰਨਾਲਾ ਦੇ ਇੰਚਾਰਜ ਸਰਬਜੀਤ ਸਿੰਘ ਦੀ ਅਗਵਾਈ ਵਿੱਚ ਭਾਰੀ ਸੰਖਿਆ ਵਿੱਚ ਪੁਲਿਸ ਪਾਰਟੀ ਅਤੇ ਬੰਬ ਨਿਰੋਧਕ ਦਸਤੇ ਦੀ ਟੀਮ ਦੇ ਮਾਹਿਰਾਂ ਵਲੋਂ ਹੈਂਡ ਡੀਡੈਕਟਿਵ ਤੇ ਸੂਹੀਏ ਕੁੱਤਿਆਂ ਦੀ ਮੱਦਦ ਨਾਲ ਡੀ ਐੱਸ ਪੀ ਸ੍ਰੀ ਸਨੇਹੀ ਦੀ ਹਾਜ਼ਰੀ ਚ ਬੱਸਾਂ, ਦੁਕਾਨਾਂ ਅਤੇ ਬੱਸ ਸਟੈਂਡ ਅੰਦਰ ਸਥਿਤ ਦਫ਼ਤਰਾਂ ਦੀ ਬਰੀਕੀ ਨਾਲ ਜਾਂਚ ਕੀਤੀ ਗਈ ।
ਇਸ ਮੌਕੇ ਉਹਨਾਂ ਕਿਹਾ ਕਿ ਮੁਹਾਲੀ ਵਿਖੇ ਹੋਏ ਬੰਬ ਧਮਾਕੇ ਅਤੇ ਪੰਜਾਬ ਅੰਦਰ ਵਧ ਰਹੀਆਂ ਵਾਰਦਾਤਾਂ ਦੇ ਮੱਦੇਨਜ਼ਰ ਮਾਨਯੋਗ ਡੀਜੀਪੀ ਪੰਜਾਬ ਵਲੋਂ ਹਾਈ-ਅਲਰਟ ਤਹਿਤ ਐੱਸ ਐੱਸ ਪੀ ਬਰਨਾਲਾ ਸ੍ਰੀ ਸੰਦੀਪ ਮਲਿਕ ਦੇ ਹੁਕਮਾਂ ਅਨੁਸਾਰ ਜਨਤਕ ਥਾਵਾਂ ਦੀ ਚੈਕਿੰਗ ਲਈ ਵਿਸ਼ੇਸ਼ ਜਾਂਚ ਅਭਿਆਨ ਚਲਾਇਆ ਜਾ ਰਿਹਾ ਹੈ। ਉਹਨਾ ਕਿਹਾ ਕਿ ਬਰਨਾਲਾ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੈ ਅਤੇ ਟੀਮਾਂ ਬਣਾ ਕੇ ਸਾਰੀਆਂ ਹੀ ਪਬਲਿਕ ਥਾਂਵਾਂ ਅਤੇ ਹੋਰਨਾਂ ਅਦਾਰਿਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਉਹਨਾ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਉਹਨਾ ਨੂੰ ਕਿਸੇ ਵੀ ਥਾਂ ਤੇ ਅਣਪਛਾਤੀ ਕੋਈ ਚੀਜ਼ ਦਿਖਾਈ ਦਿੰਦੀ ਹੈ ਤਾਂ ਉਹ ਉਸਨੂੰ ਹੱਥ ਆਦਿ ਨਾ ਲਾਉਣ ਅਤੇ ਤੁਰੰਤ ਇਸ ਸਬੰਧੀ ਪੁਲਿਸ ਨੂੰ ਇਤਲਾਹ ਦੇਣ । ਤਾਂਕਿ ਅਜਿਹੀ ਚੀਜ਼ ਦੀ ਜਾਂਚ ਕਰਕੇ,ਉਸਨੂੰ ਨਸ਼ਟ ਕੀਤਾ ਜਾ ਸਕੇ।