ਮੀਤ ਮੰਤਰੀ ਬਣਕੇ, ਦੁੱਖ ‘ਚ ਸ਼ਰੀਕ ਹੋਣਾ ਭੁੱਲਿਆ

Advertisement
Spread information

ਆਖਿਰ ਸਰਕਾਰ ਨੂੰ ਪਿਆ ਝੁਕਣਾ , ਲੋਕ ਸੰਘਰਸ਼ ਦੀ ਜਿੱਤ

ਪ੍ਰਸ਼ਾਸ਼ਨ ਵੱਲੋਂ ਸੜਕ ਹਾਦਸੇ ਦਾ ਸ਼ਿਕਾਰ 2 ਮਜਦੂਰਾਂ ਦੇ ਪਰਿਵਾਰਾਂ ਨੂੰ 2/2 ਲੱਖ ਰੁਪਏ ਦੇ ਮੁਆਵਜੇ ਦਾ ਐਲਾਨ

ਮੰਗਾਂ ਮੰਨ ਲੈਣ ਪਿੱਛੋਂ ਕੀਤਾ ਦੋਵਾਂ ਮਜਦੂਰਾਂ ਦਾ 3 ਦਿਨ ਬਾਅਦ ਸਸਕਾਰ

ਕਾਂਗਰਸੀ ਆਗੂ ਮਨੀਸ਼ ਬਾਂਸਲ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਦਿੱਤੀ ਆਰਥਿਕ ਮੱਦਦ


ਹਰਿੰਦਰ ਨਿੱਕਾ, ਬਰਨਾਲਾ 23 ਅਪ੍ਰੈਲ 2022

      ਪੀਆਰਟੀਸੀ ਬੱਸ ਦੇ ਡਰਾਈਵਰ ਦੀ ਲਾਪਰਵਾਹੀ ਕਾਰਣ ਮੌਤ ਦੇ ਮੂੰਹ ਜਾ ਪਏ, ਹੰਡਿਆਇਆ ਪਿੰਡ ਦੇ ਦੋ ਮਜਦੂਰਾਂ ਗੁਰਸੰਤ ਸਿੰਘ ਅਤੇ ਮਿੱਠੂ ਸਿੰਘ ਦੇ ਪਰਿਵਾਰਾਂ ਨੂੰ ਮੁਆਵਜਾ ਅਤੇ ਸਰਕਾਰੀ ਨੌਕਰੀ ਦੇਣ ਦੀ ਮੰਗ ਨੂੰ ਲੈ ਕੇ 3 ਦਿਨ ਤੋਂ ਚੱਲ ਰਹੇ ਲੋਕ ਸੰਘਰਸ਼ ਦੀ ਆਖਿਰ ਜਿੱਤ ਹੋ ਗਈ। ਆਖਿਰ ਲੋਕਾਂ ਦੇ ਸੰਘਰਸ਼ ਦੇ ਮੂਹਰੇ ਅੜੀ ਫੜ੍ਹਕੇ ਬੈਠੀ ਸੂਬਾ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸ਼ਨ ਨੂੰ ਆਖਿਰ ਝੁਕਣਾ ਹੀ ਪਿਆ। ਕਚਿਹਰੀ ਚੌਂਕ ਵਿੱਚ ਚੱਲ ਰਹੇ ਰੋਸ ਧਰਨੇ ਤੇ ਪਹੁੰਚ ਕੇ ਨਾਇਬ ਤਹਿਸੀਲਦਾਰ ਰਵਿੰਦਰਜੀਤ ਸਿੰਘ ਨੇ ਐਲਾਨ ਕੀਤਾ ਕਿ ਸਰਕਾਰ ਵੱਲੋਂ ਦੋਵਾਂ ਮ੍ਰਿਤਕ ਮਜਦੂਰਾਂ ਦੇ ਪਰਿਵਾਰਾਂ ਨੂੰ 2/2 ਲੱਖ ਰੁਪਏ ਦਾ ਮੁਆਵਜਾ ਅਤੇ ਦੋਵਾਂ ਪਰਿਵਾਰਾਂ ਵਿੱਚੋਂ ਇੱਕ ਇੱਕ ਜੀਅ ਨੂੰ ਪੀਆਰਟੀਸੀ ਵਿਭਾਗ ਵਿੱਚ ਨੌਕਰੀ ਦੇਣ ਲਈ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਸਿਫਾਰਿਸ਼ ਕਰਕੇ,ਜਲਦੀ ਤੋਂ ਜਲਦੀ ਭੇਜਿਆ ਜਾਵੇਗਾ। ਇਸ ਮੌਕੇ ਸੰਬੋਧਨ ਕਰਦੇ ਹੋਏ ਇਨਕਲਾਬੀ ਕੇਂਦਰ ਦੇ ਜਿਲ੍ਹਾ ਪ੍ਰਧਾਨ ਡਾਕਟਰ ਰਜਿੰਦਰ ਪਾਲ ਨੇ ਕਿਹਾ ਕਿ ਲੋਕਾਂ ਨੂੰ ਸਰਕਾਰਾਂ ਜਾਂ ਰਾਜਨੀਤਕ ਪਾਰਟੀਆਂ ਤੇ ਟੇਕ ਰੱਖਣ ਦੀ ਬਜਾਏ ਆਪਣੇ ਹੱਕਾਂ ਲਈ ਸੰਘਰਸ਼ ਦੇ ਰਾਹ ਪੈਣ ਲਈ ਪ੍ਰੇਰਿਤ ਕੀਤਾ। ਉਨਾਂ ਕਿਹਾ ਕਿ ਬੇਸ਼ੱਕ ਮ੍ਰਿਤਕ ਮਜਦੂਰਾਂ ਦੇ ਪਰਿਵਾਰਾਂ ਨੂੰ ਆਪਣੇ ਹਮੇਸ਼ਾ ਲਈ ਵਿਛੜੇ ਹੋਏ ਜੀਆਂ ਦਾ ਦੁੱਖ ਮਨਾਉਣ ਦੀ ਬਜਾਏ ਸਰਕਾਰ ਅਤੇ ਪ੍ਰਸ਼ਾਸ਼ਨ ਦੀ ਬੇਰੁੱਖੀ ਤੋਂ ਮਜਬੂਰ ਹੋ ਕੇ ਰੋਸ ਧਰਨਾ ਦੇਣਾ ਪਿਆ। ਪਰੰਤੂ ਲੋਕ ਸੰਘਰਸ਼ ਨੇ ਦੋਵੇਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਉਮਰ ਭਰ ਰੁਲਣ ਤੋਂ ਬਚਾਉਣ ਵਿੱਚ ਕੁਝ ਸਫਲਤਾ ਜਰੂਰ ਹਾਸਿਲ ਕੀਤੀ ਹੈ। ਇਹ ਲੋਕ ਸੰਘਰਸ਼ ਦੀ ਜਿੱਤ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਪ੍ਰਸ਼ਾਸ਼ਨ ਨੇ ਦੋਵਾਂ ਪਰਿਵਾਰਾਂ ਨੂੰ 2/2 ਲੱਖ ਰੁਪਏ ਦਾ ਮੁਆਵਜਾ ਦੇਣ ਦਾ ਅਤੇ ਦੋਵਾਂ ਪਰਿਵਾਰਾਂ ਦੇ ਇੱਕ ਇੱਕ ਜੀਅ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ। ਪਰੰਤੂ ਜੇਕਰ ਪ੍ਰਸ਼ਾਸ਼ਨ ਨੇ ਆਪਣੇ ਵਾਅਦੇ ਨੂੰ ਨਿਸਚਿਤ ਸਮੇਂ ਤੇ ਪੂਰਾ ਨਾ ਕੀਤਾ ਤਾਂ ਜਨਤਕ ਜਥੇਬੰਦੀਆਂ ਫਿਰ ਤਿੱਖਾ ਸੰਘਰਸ਼ ਕਰਨ ਤੋਂ ਪਿੱਛੇ ਨਹੀਂ ਹੱਟਣਗੀਆਂ। ਰੋਸ ਧਰਨੇ ਤੇ ਉਚੇਚੇ ਤੌਰ ਤੇ ਪਹੁੰਚੇ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਮਨੀਸ਼ ਬਾਂਸਲ ਨੇ ਜਿੱਥੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ,ਉੱਥੇ ਹੀ ਉਨ੍ਹਾਂ ਦੋਵਾਂ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਲਈ ਜਾਰੀ ਸੰਘਰਸ਼ ਵਿੱਚ ਆਪਣੇ ਤੇ ਪਾਰਟੀ ਵੱਲੋਂ ਸਹਿਯੋਗ ਦੇਣ ਦਾ ਐਲਾਨ ਵੀ ਕੀਤਾ। ਉਨਾਂ ਦੋਵਾਂ ਪਰਿਵਾਰਾਂ ਦੇ ਭੋਗ ਸਮਾਗਮ ਲਈ ਮੌਕੇ ਤੇ ਹੀ ਸ਼ਰਧਾਂਜਲੀ ਸਮਾਗਮ ਲਈ 10 ਹਜ਼ਾਰ ਰੁਪਏ ਦੀ ਆਰਥਿਕ ਮੱਦਦ ਵੀ ਦਿੱਤੀ।

Advertisement

ਮੀਤ ਹੇਅਰ ਨੇ ਮ੍ਰਿਤਕ ਮਜਦੂਰਾਂ ਦੇ ਪਰਿਵਾਰਾਂ ਨਾਲ ਦੁੱਖ ਵੰਡਾਉਣ ਤੋਂ ਵੱਟਿਆ ਪਾਸਾ

ਚੋਣਾਂ ਸਮੇਂ ਆਮ ਆਦਮੀ ਹੋਣ ਦਾ ਲੋਕਾਂ ਨੂੰ ਸਬਜ਼ਬਾਗ ਦਿਖਾ ਕੇ ਕੈਬਨਿਟ ਮੰਤਰੀ ਦੇ ਅਹੁਦੇ ਤੱਕ ਅੱਪੜੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਸ਼ਹਿਰ ਵਿੱਚ ਹੋਣ ਦੇ ਬਾਵਜੂਦ ਵੀ ਦੋਵਾਂ ਮ੍ਰਿਤਕ ਗਰੀਬ ਮਜਦੂਰਾਂ ਦੇ ਪਰਿਵਾਰਾਂ ਨਾਲ ਦੁੱਖ ਵੰਡਾਉਣ ਲਈ ਹਾਅ ਦਾ ਨਾਅਰਾ ਲਾਉਣ ਦੀ ਜਰੂਰਤ ਵੀ ਨਹੀਂ ਸਮਝੀ। ਬੇਹੱਦ ਅਫਸੋਸਨਾਕ ਹਾਲਤ ਇਹ ਵੀ ਦੇਖਣ ਨੂੰ ਮਿਲੀ ਕਿ ਮੰਤਰੀ ਮੀਤ ਹੇਅਰ ਆਪਣੀ ਕੋਠੀ ਤੋਂ ਸਿਰਫ ਕੁੱਝ ਕਦਮਾਂ ਦੀ ਦੂਰੀ ਤੇ ਇਨਸਾਫ ਲੈਣ ਲਈ ਕਚਿਹਰੀ ਚੌਂਕ ਵਿੱਚ ਧਰਨਾ ਦੇ ਰਹੇ ਮਜਦੂਰਾਂ ਦੇ ਦੁੱਖ ਵਿੱਚ ਸ਼ਰੀਕ ਹੋਣ ਦੀ ਬਜਾਏ ਹੂਟਰ ਵਜਾਉਂਦੇ ਹੋਏ, ਹੰਡਿਆਇਆ ਬਜਾਰ ਬਰਨਾਲਾ ‘ਚ ਸਥਿਤ ਸ਼ਹਿਰ ਦੇ ਬਹੁਚਰਚਿਤ ਪ੍ਰੋਪਰਟੀ ਡੀਲਰ ਭੂਸ਼ਨ ਕੁਮਾਰ ਭੂਸ਼ੀ ਦੇ ਦਫਤਰ ਵਿੱਚ ਜਾ ਕੇ ਬੈਠੇ ਰਹੇ। ਜਿਕਰਯੋਗ ਹੈ ਕਿ ਇਨਸਾਫ ਲਈ ਰੋਸ ਧਰਨਾ ਦੇ ਰਹੇ ਲੋਕਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਣ ਲਈ ਆਮ ਆਦਮੀ ਪਾਰਟੀ ਦਾ ਕੋਈ ਆਗੂ ਵੀ ਨਹੀਂ ਪਹੁੰਚਿਆ। ਇਸ ਘਟਨਾਕ੍ਰਮ ਤੇ ਕਾਫੀ ਨਰਾਜਗੀ ਜਾਹਿਰ ਕਰਦਿਆਂ ਜੰਗੀਰ ਸਿੰਘ ਅਤੇ ਸੁਰਜੀਤ ਸਿੰਘ ਨੇ ਕਿਹਾ ਕਿ ਦਲਿਤ ਪਰਿਵਾਰਾਂ ਦੇ ਦੁੱਖ ਵਿੱਚ ਸ਼ਰੀਕ ਨਾ ਹੋਣ ਤੋਂ ਬਾਅਦ ਆਮ ਆਦਮੀ ਹੋਣ ਦਾ ਦਾਅਵਾ ਕਰਨ ਵਾਲਿਆਂ ਦਾ ਮਖੌਟਾ ਲਹਿ ਗਿਆ ਹੈ ਕਿ ਉਹ ਤਾਂ ਰਵਾਇਤੀ ਪਾਰਟੀਆਂ ਤੋਂ ਵੀ ਗਏ ਗੁਜਰੇ ਹੋ ਗਏ। ਰੋਸ ਧਰਨੇ ਵਿੱਚ ਮਜਦੂਰ, ਕਿਸਾਨ ਅਤੇ ਮੁਲਾਜਮ ਜਥੇਬੰਦੀਆਂ ਤੋਂ ਇਲਾਵਾ ਕਾਂਗਰਸੀ ਤੇ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਨੇ ਭਰਵੀਂ ਸ਼ਮੂਲੀਅਤ ਕੀਤੀ। ਇਸ ਮੌਕੇ ਕਾਂਗਰਸ ਦੇ ਜਿਲ੍ਹਾ ਪ੍ਰਧਾਨ ਲੱਕੀ ਪੱਖੋ, ਮਹਿੰਦਰਪਾਲ ਸਿੰਘ ਪੱਖੋ, ਸੀਨੀਅਰ ਆਗੂ ਮਹੇਸ਼ ਲੋਟਾ, ਰਣਧੀਰ ਕੌਸ਼ਲ, ਰੂਪੀ ਕੌਰ, ਜਨਤਕ ਜਥੇਬੰਦੀਆਂ ਦੇ ਆਗੂ ਬਲਦੇਵ ਸਿੰਘ ਮੰਡੇਰ, ਖੁਸ਼ਮਿੰਦਰ ਪਾਲ, ਸੁਖਵਿੰਦਰ ਸਿੰਘ ਸਮੇਤ ਹੋਰ ਆਗੂਆਂ ਵੀ ਮੌਜੂਦ ਰਹੇ।  

Advertisement
Advertisement
Advertisement
Advertisement
Advertisement
error: Content is protected !!